ਪੰਜਾਬ

ਪੰਜਾਬ ‘ਚ ਸਤਿਕਾਰ ਕਮੇਟੀ ਨੂੰ ਕੋਈ ਮਾਨਤਾ ਨਹੀਂ, ਨਾ ਪਾਵਨ ਸਰੂਪ ਚੁੱਕਣ ਦਾ ਅਧਿਕਾਰ : ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ 17 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਵਿਚ ਕਿਸੇ ਵੀ ਸਤਿਕਾਰ ਕਮੇਟੀ ਨੂੰ ਮਾਨਤਾ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਕੋਈ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਿਸੇ ਦੇ ਵੀ ਘਰੋਂ ਜਬਰੀ ਪਾਵਨ ਸਰੂਪ ਚੁੱਕਣ। ਸਿੱਖ ਪ੍ਰੰਪਰਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੋਈ ਵੀ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿਸ ਨਾਲ ਸੰਗਤਾਂ ਦੇ ਮਨਾ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਯਾਦਾ ਨੂੰ ਢਾਹ ਲੱਗੇ।ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਜਲਦ ਹੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਿਕਾਰ ਕਾਇਮ ਰੱਖਣ ਲਈ ਵਿਉਂਤਬੰਦੀ ਉਲੀਕੀ ਜਾਵੇਗੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਮਜੀਠਾ ਰੋਡ (ਸ੍ਰੀ ਅੰਮ੍ਰਿਤਸਰ) ਵਿਖੇ ਇੱਕ ਕਾਂਗਰਸੀ ਆਗੂ ਕਰਮਜੀਤ ਸਿੰਘ ਵੱਲੋਂ ਨਵੰਬਰ 1984 ਸਮੇਂ ਦਿੱਲੀ ਵਿਚ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਦਾ ਜਨਮ ਦਿਨ ਮਨਾਉਣ ਨਾਲ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ।ਜਿਸ ਦੀ ਸਿੰਘ ਸਾਹਿਬ ਜੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਾਂ ਦੇ ਕਾਤਲਾਂ ਦਾ ਜਨਮ ਦਿਨ ਗੁਰੂ ਘਰ ਵਿਚ ਮਨਾਉਣਾ ਬਹੁਤ ਹੀ ਮੰਦਭਾਗਾ ਹੈ ਅਤੇ ਪੰਾਜਬ ਦੇ ਮਾਹੌਲ ਨੂੰ ਖਰਾਬ ਕਰਨ ਵਾਲਾ ਹੈ।
ਪਿਛਲੇ ਦਿਨੀਂ ਅਮਰੀਕਾ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿਸ ਵਿਚ ਪੰਜਾਬ ਦੇ ਪਿੰਡ ਛੀਨਾ (ਗੁਰਦਾਸਪੁਰ) ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਜੋ ਕਿ ਕਿੰਗਜ਼ ਦਰਿਆ ਵਿਚ ਮੈਕਸੀਕਨ ਮੂਲ ਦੇ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਦੀ ਖਾਤਰ ਆਪਣੇ ਪ੍ਰਾਣ ਨਿਛਾਵਰ ਕਰ ਗਿਆ।ਸ੍ਰ. ਮਨਜੀਤ ਸਿੰਘ ਦੀ ਕੁਰਬਾਨੀ ਕਾਰਨ ਜਿਥੇ ਪੰਜਾਬੀ ਭਾਈਚਾਰੇ ਵਿਚ ਸੋਗ ਹੈ ਉਥੇ ਇਸ ਦੇ ਕਾਰਨਾਮੇ ਦੀ ਸਾਰੇ ਵਿਸ਼ਵ-ਭਰ ਵਿਚ ਸ਼ਲਾਘਾ ਹੋ ਰਹੀ ਹੈ।ਸਿੰਘ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਮੀਰੀ-ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ।

Leave a Reply

Your email address will not be published. Required fields are marked *