ਪਟਿਆਲਾ

ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੇ ਠੀਕ ਹੋਣ ਦੀ ਦਰ 61 ਫੀਸਦੀ-ਸੁਰਭੀ ਮਲਿਕ

ਪਟਿਆਲਾ, 24 ਅਗਸਤ (ਮਧੂਸਾਰ ਬਿਊਰੋ) ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਹੈ ਰਾਜਿੰਦਰਾ ਹਸਪਤਾਲ ‘ਚ ਦਾਖਲ ਹੋਣ ਵਾਲੇ ਹਰ ਮਰੀਜ ਦੀ ਸੰਭਾਲ ਅਤੇ ਬਿਹਤਰ ਇਲਾਜ ਲਈ ਸਾਰੇ ਡਾਕਟਰ, ਨਰਸਿੰਗ ਤੇ ਪੈਰਾ ਮੈਡੀਕਲ ਸਟਾਫ਼ ਸਮੇਤ ਦਰਜਾ ਚਾਰ ਕਰਮਚਾਰੀ 24 ਘੰਟੇ ਤਤਪਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਕੋਵਿਡ ਮਰੀਜਾਂ ਦੇ ਠੀਕ ਹੋਣ ਦੀ ਦਰ 61 ਫੀਸਦੀ ਹੈ ਤੇ ਹੁਣ ਇਹ ਲਗਾਤਾਰ ਵੱਧ ਰਹੀ ਹੈ। ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਮਿਸ਼ਨ ਫ਼ਤਿਹ ਤਹਿਤ ਆਪਣੇ ਫੇਸਬੁਕ ਲਾਈਵ ਪ੍ਰੋਗਰਾਮ ਦੌਰਾਨ ਜਿੱਥੇ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ-19 ਮਰੀਜਾਂ ਦੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਵਾਇਆ ਉਥੇ ਹੀ ਲੋਕਾਂ ਦੇ ਰਜਿੰਦਰਾ ਹਸਪਤਾਲ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤੇ ਕੋਵਿਡ ਕੇਅਰ ਵਿਖੇ 600 ਬੈਡਜ ਦੀ ਸਹੂਲਤ ਉਪਲਬੱਧ ਹੈ। ਜਿਨ੍ਹਾਂ ‘ਚੋਂ ਘੱਟ ਲੱਛਣਾਂ ਵਾਲੇ ਮਰੀਜਾਂ-ਲੈਵਲ-2 ਕੇਸਾਂ ਲਈ ਆਕਸੀਜਨ ਸਹੂਲਤ ਨਾਲ ਲੈਸ 512 ਬੈਡ ਅਤੇ ਬਾਕੀ 88 ਆਈ.ਸੀ.ਯੂ ਬੈਡਜ ਹਨ, ਜਿਨ੍ਹਾਂ ਨਾਲ 66 ਵੈਂਟੀਲੇਟਰ ਹਨ ਜਿਨ੍ਹਾਂ ਨੂੰ ਵਧਾ ਕੇ 88 ਕੀਤਾ ਜਾ ਰਿਹਾ ਹੈ। ਕੋਵਿਡ ਆਈ.ਸੀ.ਯੂ. ‘ਚ ਦੋ ਡਾਇਲੇਸਸ ਮਸ਼ੀਨਾਂ, ਪੋਰਟੇਬਲ ਐਕਸਰੇ ਮਸ਼ੀਨਾਂ, ਪੋਰਟੇਬਲ ਅਲਟਰਾਸਾਊਂਡ ਮਸ਼ੀਨਾਂ, ਥਰੰਬੋਸਿਸ ਨੂੰ ਚੈਕ ਕਰਨ ਲਈ ਖ਼ੂਨ ਦਾ ਥੱਕਾ ਜੰਮਣ ਦਾ ਟੈਸਟ ਹਰ ਮਰੀਜ ਦਾ ਲਾਜਮੀ ਟੈਸਟ ਕੀਤਾ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਤੁਰੰਤ ਦਵਾਈ ਦੇਣ ਦੀ ਸੁਵਿਧਾ ਹੈ, ਕਿਉਂਕਿ ਵਿਸ਼ਵ ਭਰ ‘ਚ ਕੋਵਿਡ ਮਰੀਜਾਂ ਦੀਆਂ ਮੌਤਾਂ ਥਰੰਬੋਸਿਸ ਨਾਲ ਜ਼ਿਆਦਾ ਹੋ ਰਹੀਆਂ ਹਨ।
ਸ੍ਰੀਮਤੀ ਸੁਰਭੀ ਮਲਿਕ ਨੇ ਰਜਿੰਦਰਾ ਹਸਪਤਾਲ ‘ਚ ਮਰੀਜਾਂ ਦੀ ਸੰਭਾਲ ਬਾਰੇ ਰਿੰਪੀ ਨਾਮ ਦੇ ਫੇਸਬੁਕ ਯੂਜਰ ਵੱਲੋਂ ਕੀਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਕੋਵਿਡ ਮਰੀਜਾਂ ਦੇ ਇੱਥੇ ਦਾਖਲ ਹੋਣ ਸਮੇਂ ਪਾਜਿਟਿਵ ਜਾਂ ਸ਼ੱਕੀ ਮਰੀਜਾਂ ਦੇ ਸਾਰੇ ਲੋੜੀਂਦੇ ਟੈਸਟ ਕਰਵਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਵਿਡ ਦਾ ਕੋਈ ਇਲਾਜ ਨਹੀਂ ਪੰ੍ਰਤੂ ਕੋਵਿਡ ਮਰੀਜਾਂ ਦੀ ਮੁੱਢਲੀ ਸੰਭਾਂਲ ਤੇ ਮਰੀਜ ਦੇ ਲੱਛਣ ਦੇਖ ਕੇ ਆਧੁਨਿਕ ਵਿਗਿਆਨਕ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
ਸ਼ਸ਼ਾਂਕ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ ‘ਚ ਹੋ ਰਹੀਆਂ ਮੌਤਾਂ ਦੀ ਦਰ ਘਟ ਨਾ ਹੋਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀਮਤੀ ਸੁਰਭੀ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਿਛਲੇ ਦਿਨਾਂ ‘ਚ ’24 ਘੰਟਿਆਂ ‘ਚ 25 ਮੌਤਾਂ ਹੋਈਆਂ’ ਸਬੰਧੀਂ ਫੈਲਾਈਆਂ ਅਫ਼ਵਾਹਾਂ ਅਤੇ ਲੋਕਾਂ ‘ਚ ਪੈਦਾ ਕੀਤੀ ਗਈ ਘਬਰਾਹਟ ਦਾ ਖੰਡਨ ਕਰਦਿਆਂ ਕਿਹਾ ਕਿ ਇੱਥੇ ਹੋਣ ਵਾਲੀਆਂ ਮੌਤਾਂ ਨੂੰ ਇੱਕ ਦਿਨ ‘ਚ ਦਿਨੇ 12 ਵਜੇ ਤੋਂ ਅਗਲੀ ਰਾਤ 12 ਵਜੇ ਤੱਕ ਗਿਣਿਆਂ ਜਾਂਦਾ ਹੈ, ਇਸ ਤਰ੍ਹਾਂ 21 ਅਗਸਤ ਨੂੰ 11 ਮੌਤਾਂ ਹੋਈਆਂ ਅਤੇ 22 ਤਰੀਕ ਨੂੰ 14 ਮੌਤਾਂ ਹੋਈਆਂ।
ਉਨ੍ਹਾਂ ਕਿਹਾ ਕਿ ਜੋ ਅਫ਼ਵਾਹ ਫੈਲਾਈ ਗਈ ਇਕ ਦਿਨ ‘ਚ ਪਟਿਆਲਾ ਦੀਆਂ 25 ਮੌਤਾਂ ਹੋਈਆਂ ਜਿਸ ਲਈ ਸ਼ਾਮ 5 ਵਜੇ ਤੋਂ 5 ਵਜੇ ਤੱਕ ਦਾ ਸਮਾਂ ਲਿਆ ਗਿਆ, ਪਰੰਤੂ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਇੱਕ ਟਰਸ਼ਰੀ ਸੈਂਟਰ ਹੈ ਅਤੇ ਇੱਥੇ ਗੰਭੀਰ ਤੋਂ ਗੰਭੀਰ ਮਰੀਜ ਹੀ ਦਾਖਲ ਹੁੰਦੇ ਹਨ ਅਤੇ ਇਹ ਮਰੀਜ ਕੇਵਲ ਪਟਿਆਲਾ ਦੇ ਹੀ ਨਹੀਂ ਸਗੋਂ ਰਾਜ ਦੇ ਬਾਕੀ 10 ਜ਼ਿਲ੍ਹਿਆਂ ਦੇ ਮਰੀਜ ਵੀ ਇੱਥੇ ਇਲਾਜ ਲਈ ਦਾਖਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ‘ਚ ਹੋਣ ਵਾਲੀਆਂ ਮੌਤਾਂ ਇਕੱਲੇ ਪਟਿਆਲਾ ਜ਼ਿਲ੍ਹੇ ਨੂੰ ਹੀ ਨਹੀਂ ਦਰਸਾਉਂਦੀਆਂ ਸਗੋਂ ਉਹ ਬਾਕੀ ਜ਼ਿਲ੍ਹਿਆਂ ਦੀਆਂ ਵੀ ਹੁੰਦੀਆਂ ਹਨ।
ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਪੰਜਾਬ ਦੀ ਮੌਤ ਦਰ 2.58 ਹੈ ਜਦੋਂਕਿ ਪਟਿਆਲਾ ਦੀ ਮੌਤ ਦਰ 2.48 ਹੈ ਜੋਕਿ ਘਟ ਹੈ, ਪਰੰਤੂ ਜੇਕਰ ਅਸੀਂ ਦੇਖੀਏ ਕਿ ਗੰਭੀਰ ਮਰੀਜਾਂ 100 ਵਿੱਚੋਂ 12 ਤੋਂ 15 ਫੀਸਦੀ ਹੈ ਤਾਂ ਰਾਜਿੰਦਰਾ ਹਸਪਤਾਲ ‘ਚ ਵਿਖੇ 15 ਗੰਭੀਰ ਮਰੀਜ ‘ਚੋਂ 2 ਜਾਂ 3 ਮਰੀਜਾਂ ਦੀ ਹੀ ਮੌਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੈਂਪਲਿੰਗ ਤੇ ਟੈਸਟਿੰਗ ਦਰ ਵਧਣ ਨਾਲ ਇਹ ਮੌਤ ਦਰ ਵੀ ਕੌਮੀ ਦਰ ਦੇ ਨਾਲੋਂ ਘਟੇਗੀ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਵੱਲੋਂ ਟੈਸਟਿੰਗ ਹੁਣ ਵਧਾ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਥੋੜੇ ਜਿਹੇ ਹੀ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਆਪਣੇ ਟੈਸਟ ਕਰਵਾਉਣ, ਇਹੀ ਸਾਡੀ ਮੌਤ ਦਰ ਘਟਾ ਸਕਦੀ ਹੈ।

Leave a Reply

Your email address will not be published. Required fields are marked *