ਪਟਿਆਲਾ

ਸਾਫ਼-ਸੁਥਰੇ ਘਰਾਂ ‘ਚ ਡੇਂਗੂ ਦਾ ਲਾਰਵਾ ਮਿਲਣਾ ਜਿਆਦਾ ਖ਼ਤਰਨਾਕ

ਪਟਿਆਲਾ, 24 ਅਗਸਤ (ਮਧੂਸਾਰ ਬਿਊਰੋ) ਸ਼ੁਕਰਵਾਰ ਨੂੰ ‘ਡਰਾਈ ਡੇ’ (ਖੁਸ਼ਕ ਦਿਵਸ) ਵਜੋਂ ਮਨਾਉਂਦਿਆਂ ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਅੱਧੀ ਦਰਜਨ ਤੋਂ ਵਧੇਰੇ ਕਲੋਨੀਆਂ ‘ਚ ਡੇਂਗੂ ਮੱਛਰ ਦੇ ਲਾਰਵੇ ਦੇ ਪੈਦਾ ਹੋਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ।

ਇਸ ਦੌਰਾਨ ਜਿੱਥੇ ਲਾਰਵਾ ਮਿਲਣ ਵਾਲੇ ਘਰਾਂ ਦਾ ਮੌਕੇ ‘ਤੇ ਚਲਾਨ ਕੀਤਾ ਗਿਆ ਉਥੇ ਹੀ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਤੋਂ ਹੋਣ ਵਾਲੇ ਗੰਭੀਰ ਨੁਕਸਾਨ ਪ੍ਰਤੀ ਜਾਗਰੂਕ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਹ ਕਾਰਵਾਈ ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਧਾਰਨਾ ਗ਼ਲਤ ਹੈ ਕਿ ਡੇਂਗੂ ਗੰਦਗੀ ਵਾਲੀ ਥਾਂ ‘ਤੇ ਪੈਦਾ ਹੁੰਦਾ ਹੈ ਕਿਉਂਕਿ ਡੇਂਗੂ ਮੱਛਰ ਦਾ ਲਾਰਵਾ ਅੱਜ ਦੇ ਨਿਰੀਖਣ ਦੌਰਾਨ ਬਹੁਤੇ ਘਰਾਂ ਅੰਦਰ ਸਾਫ਼ ਪਾਣੀ ‘ਚ ਹੀ ਪੈਦਾ ਹੋ ਰਿਹਾ ਪਾਇਆ ਗਿਆ। ਇਸ ਲਈ ਸਾਫ਼ ਸੁਥਰੇ ਘਰਾਂ ਅੰਦਰ ਡੇਂਗੂ ਮੱਛਰ ਦੇ ਲਾਰਵੇ ਦਾ ਮਿਲਣਾ ਜਿਆਦਾ ਖ਼ਤਰਨਾਕ ਹੈ, ਕਿਉਂਕਿ ਅਜਿਹੇ ਘਰਾਂ ਦੇ ਮਾਲਕਾਂ ਨੂੰ ਇਹ ਭੁਲੇਖਾ ਹੀ ਹੁੰਦਾ ਹੈ ਕਿ ਉਨ੍ਹਾਂ ਦੇ ਘਰਾਂ ਅੰਦਰ ਤਾਂ ਇਸ ਮੱਛਰ ਦਾ ਲਾਰਵਾ ਪੈਦਾ ਹੀ ਨਹੀਂ ਹੋ ਸਕਦਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਛਰ ਦੇ ਲਾਰਵੇ ਦੇ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਕੂਲਰ, ਗਮਲੇ ਤੇ ਇਨ੍ਹਾਂ ਦੀਆਂ ਟ੍ਰੇਆਂ, ਫਰਿੱਜ ਦੀ ਟ੍ਰੇਅ, ਮਨੀਪਲਾਂਟ ਦੀਆਂ ਬੋਤਲਾਂ, ਪਾਣੀ ਵਾਲੀਆਂ ਟੈਂਕੀਆਂ, ਪੁਰਾਣੇ ਟਾਇਰ, ਨਵੀਆਂ ਬਣ ਰਹੀਆਂ ਇਮਾਰਤਾਂ ਦੇ ਪਾਣੀ ਜਮ੍ਹਾਂ ਕਰਨ ਵਾਲੇ ਸੋਮੇ ਜਾਂ ਕੋਈ ਵੀ ਅਜਿਹੀ ਵਸਤੂ ਜਿਸ ‘ਚ ਪਾਣੀ ਖੜਾ ਹੋ ਸਕਦਾ ਹੈ ਆਦਿ ਨੂੰ ਬਿਲਕੁਲ ਸੁੱਕਾ ਰੱਖਣ। ਉਨ੍ਹਾਂ ਦੱਸਿਆ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਹੁਣ ਤੱਕ ਜ਼ਿਲ੍ਹੇ ‘ਚ 265 ਚਲਾਨ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਇਸ ਲਈ ਜ਼ਿੰਮੇਵਾਰ ਵੀ ਬਣਾਇਆ ਜਾਵੇਗਾ ਕਿ ਉਹ ਇਹ ਪ੍ਰਮਾਣਤ ਕਰਨ ਕਿ ਉਨ੍ਹਾਂ ਦੇ ਇਲਾਕੇ ‘ਚ ਡੇਂਗੂ ਮੱਛਰ ਦਾ ਲਾਰਵਾ ਨਹੀਂ ਮਿਲਿਆ ਤੇ ਉਨ੍ਹਾਂ ਨੇ ਹਰ ਘਰ ‘ਚ ਡੇਂਗੂ ਦੇ ਲਾਰਵੇ ਦੇ ਪੈਦਾ ਹੋਣ ਦੀ ਜਾਣਕਾਰੀ ਪਹੁੰਚਾ ਦਿੱਤੀ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਵਾਰਡਾਂ ‘ਚ ਸਕੂਲੀ ਬੱਚਿਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈਕੇ ਡੇਂਗੂ ਲਾਰਵਾ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ।
ਅੱਜ ਦੀ ਕਾਰਵਾਈ ਦੌਰਾਨ ਇਨ੍ਹਾਂ ਟੀਮਾਂ ਵੱਲੋਂ ਪ੍ਰੇਮ ਨਗਰ, ਰਣਜੀਤ ਨਗਰ, ਰਾਜਪੁਰਾ ਕਲੋਨੀ, ਤਫੱਜਲਪੁਰਾ, ਫੂਲਕੀਆਂ ਇਨਕਲੇਵ, ਮਾਰਕਲ ਕਲੋਨੀ ਆਦਿ ਵਿਖੇ ਲੱਗੇ ਕੂਲਰਾਂ, ਸਿੱਲ੍ਹੀਆਂ ਥਾਵਾਂ, ਪਾਣੀ ਦੀਆਂ ਟੈਂਕੀਆ ਅਤੇ ਗਮਲਿਆ ਦੇ ਹੇਠਾਂ ਰੱਖੀਆਂ ਪਲੇਟਾਂ ਵਿਚ ਖੜੇ ਪਾਣੀ ਦਾ ਨਿਰੀਖਣ ਕੀਤਾ ਗਿਆ ਤੇ ਮੱਛਰ ਦੇ ਲਾਰਵੇ ਦੀ ਪੈਦਾਇਸ਼ ਰੋਕਣ ਲਈ ਲਾਰਵੀਸਾਈਡਲ ਦਵਾਈ ਦਾ ਛਿੜਕਾਅ ਕੀਤਾ ਗਿਆ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ। ਜੇਕਰ ਕਿਤੇ ਪਾਣੀ ਖੜਾ੍ਹ ਹੋਵੇ ਤਾਂ ਉਸ ਵਿੱਚ ਕਾਲਾ ਤੇਲ ਜਾਂ ਮਿਟੀ ਦਾ ਤੇਲ ਪਾ ਦਿੱਤਾ ਜਾਵੇ ਤਾਂ ਜੋ ਕਿ ਮੱਛਰ ਪੈਦਾ ਨਾ ਹੋ ਸਕੇ। ਇਸ ਦੌਰਾਨ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਸੁਦੇਸ਼ ਪ੍ਰਤਾਪ ਸਿੰਘ ਅਤੇ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਗੁਰਮੀਤ ਸਿੰਘ ਨੇ ਡੇਂਗੂ ਬੁਖਾਰ ਬਾਰੇ ਦੱਸਿਆ ਕਿ ਡੇਂਗੂ ਬੁਖਾਰ ਐਡੀਜ ਅਜਪਟੀ ਨਾਂ ਦੇ ਮੱਛਰ ਨਾਲ ਕੱਟਣ ਨਾਲ ਹੁੰਦਾ ਹੈ, ਜੋ ਕਿ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਡੇਂਗੂ ‘ਚ ਤੇਜ ਸਿਰ ਦਰਦ, ਕਮਰ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਤੇਜ ਦਰਦ ਮਹਿਸੂਸ ਹੁੰਦਾ ਹੈ ਤੇ ਤੇਜ ਬੁਖਾਰ ਹੁੰਦਾ ਹੈ ਅਜਿਹੇ ਮਰੀਜ ਨੇੜੇ ਦੀ ਸਿਹਤ ਸੰਸਥਾ ‘ਚ ਖ਼ੂਨ ਦੀ ਮੁਕੰਮਲ ਜਾਂਚ ਕਰਵਾਕੇ ਡਾਕਟਰ ਪਾਸੋਂ ਹੀ ਦਵਾਈ ਲੈਣ।

Leave a Reply

Your email address will not be published. Required fields are marked *