ਪੰਜਾਬ

ਮੁੱਖ ਮੰਤਰੀ ਵੱਲੋਂ ਸ਼ਰਾਬ ਠੇਕੇਂ ਸ਼ਾਮ 6.30 ਵਜੇ ਤੱਕ ਸਖ਼ਤੀ ਨਾਲ ਬੰਦ ਕਰਵਾਉਣ ਦੇ ਹੁਕਮ

ਚੰਡੀਗੜ, 27 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਕੋਵਿਡ ਮਾਮਲਿਆਂ ਦੀ ਵੱਧਦੀ ਗਿਣਤੀ ਜੋ ਕਿ 46 ਹਜ਼ਾਰ ਤੱਕ ਪਹੁੰਚ ਚੁੱਕੀ ਹੈ ਅਤੇ 1200 ਦੀ ਜਾਨ ਲੈ ਚੁੱਕੀ ਹੈ ਅਤੇ ਜਿਸ ਦੇ ਆਉਂਦੇ ਹਫ਼ਤਿਆਂ ਵਿਚ ਹੋਰ ਵੱਧਣ ਦੀ ਸੰਭਾਵਨਾ ਹੈ, ਦੇ ਮੱਦੇਨਜ਼ਰ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰਾਂ/ਕਸਬਿਆਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਸ਼ਾਮ 6.30 ਵਜੇ ਤੱਕ ਸਖ਼ਤੀ ਨਾਲ ਬੰਦ ਕਰਵਾਉਣ।ਸ਼ਰਾਬ ਦੀਆਂ ਇਹ ਦੁਕਾਨਾਂ 31 ਅਗਸਤ ਤੱਕ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਂਡੂ ਖੇਤਰਾਂ ਵਿਚ 10 ਵਜੇ ਤੱਕ ਖੁਲੇ ਰਹਿਣਗੇ ਅਤੇ ਇਸ ਤੋਂ ਬਾਅਦ ਇਸ ਫੈਸਲੇ ਦੀ ਸਮੀਖਿਆ ਕਰਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਮੁੱਖ ਮੰਤਰੀ ਦੇ ਇਹ ਹੁਕਮ ਸ਼ਹਿਰਾਂ ਵਿੱਚ ਸ਼ਾਮ 6.30 ਵਜੇ, ਜੋ ਕਿ ਹੋਰ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਹੁੰਦਾ ਹੈ, ਤੋਂ ਵੀ ਕਾਫੀ ਸਮੇਂ ਬਾਅਦ ਤੱਕ ਵੀ ਸ਼ਰਾਬ ਦੀਆਂ ਦੁਕਾਨਾਂ ਦੇ ਖੁੱਲੇ ਰਹਿਣ ਦੀਆਂ ਰਿਪੋਰਟਾਂ ਦਰਮਿਆਨ ਆਏ ਹਨ। ਮੁੱਖ ਮੰਤਰੀ ਸੂਬੇ ਦੇ ਚੋਟੀ ਦੇ ਅਧਿਕਾਰੀਆਂ ਅਤੇ ਸਿਹਤ/ਮੈਡੀਕਲ ਖੇਤਰ ਦੇ ਮਾਹਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਵਿਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਸਨ। ਸੂਬੇ ਦੇ ਪੇਂਡੂ ਖੇਤਰਾਂ ਵਿਚ ਵੀ ਇਸ ਮਹਾਂਮਾਰੀ ਦੇ ਫੈਲ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿੰਡਾਂ ਦੇ ਸਰਪੰਚਾਂ ਨੂੰ ਪੱਤਰ ਲਿਖਣਗੇ ਤਾਂ ਜੋ ਸੁਰੱਖਿਆ ਪ੍ਰੋਟੋਕਾਲਾਂ ਅਤੇ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਭਾਰਤ ਸਰਕਾਰ ਵੱਲੋਂ ਹਾਸਲ ਹੋਏ ਵੈਂਟੀਲੇਟਰਾਂ ਵਿਚਲੀਆਂ ਕੁਝ ਖਾਮੀਆਂ ਦੀ ਰਿਪੋਰਟ ਮਿਲਣ ਬਾਰੇ ਮੁੱਖ ਮੰਤਰੀ ਨੇ ਇਨਾਂ ਦੀ ਤਜ਼ਰਬੇਕਾਰ ਇੰਜੀਨੀਅਰਾਂ ਅਤੇ ਡਾਕਟਰਾਂ ਦੁਆਰਾ ਬਾਰੀਕੀ ਨਾਲ ਜਾਂਚ ਕੀਤੇ ਜਾਣ ਦੇ ਹੁਕਮ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋਟ ਦੇ ਵਿਧਾਇਕ ਕੀਕੀ ਢਿੱਲੋਂ ਦੁਆਰਾ ਫਰੀਦਕੋਟ ਮੈਡੀਕਲ ਕਾਲਜ ਵਿਚ ਪ੍ਰਬੰਧਨ ਦੇ ਮਾੜੇ ਹਾਲ ਸਬੰਧੀ ਲਾਏ ਦੋਸ਼ਾਂ ਬਾਰੇ ਵੀ ਪੁੱਛਗਿੱਛ ਕੀਤੀ ਅਤੇ ਸਿਹਤ ਵਿਭਾਗ ਨੂੰ ਸਵਾਲ ਕੀਤਾ ਕਿ ਕੀ ਕੋਵਿਡ ਸੰਕਟ ਨਾਲ ਨਜਿੱਠਣ ਲਈ ਕਾਲਜ ਕੋਲ ਲੋੜੀਂਦੀ ਮਾਤਰਾ ਵਿੱਚ ਉਪਕਰਣ ਅਤੇ ਕਰਮਚਾਰੀ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਉਨਾਂ ਨੂੰ ਜਾਣਕਾਰੀ ਦਿੱਤੀ ਕਿ ਇੱਕ ਆਈ.ਏ.ਐਸ. ਅਧਿਕਾਰੀ ਜੋ ਕਿ ਖੁਦ ਇੱਕ ਐਮ.ਬੀ.ਬੀ.ਐਸ. ਡਾਕਟਰ ਵੀ ਹੈ, ਦੀ ਤਾਇਨਾਤੀ ਫਰੀਦਕੋਟ ਹਸਪਤਾਲ ਵਿਖੇ ਕੋਵਿਡ ਦੇ ਪ੍ਰਬੰਧਨ ਸਬੰਧੀ ਮਾਮਲਿਆਂ ਦੀ ਦੇਖ-ਰੇਖ ਹਿੱਤ ਕੀਤੀ ਗਈ ਹੈ।
ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਧ ਮਾਮਲਿਆਂ ਵਾਲੇ 10 ਸੂਬਿਆਂ ਦੀ ਸੂਚੀ ਵਿਚ ਪੰਜਾਬ ਸਭ ਤੋਂ ਅਖੀਰਲੇ ਸਥਾਨ ਉੱਤੇ ਹੈ, ਪਰ ਮੌਤ ਦੀ ਵੱਧਦੀ ਦਰ ਚਿੰਤਾ ਦਾ ਵਿਸ਼ਾ ਹੈ। ਉਨਾਂ ਅੱਗੇ ਕਿਹਾ ਕਿ ਨਿੱਜੀ ਹਸਪਤਾਲਾਂ ਦੀ ਮਦਦ ਸਦਕਾ ਸੂਬਾ ਮਾਮਲਿਆਂ ਦੀ ਗਿਣਤੀ ਵੱਧਣ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

Leave a Reply

Your email address will not be published. Required fields are marked *