ਖੇਤੀ ਆਰਡੀਨੈਂਸ ਖਿਲਾਫ਼ ਕਿਸਾਨਾਂ ਦੇ ਸੰਘਰਸ਼ ‘ਚ ਕੁੱਦੇ ਗਾਇਕ ਹਰਜੀਤ ਹਰਮਨ
ਪਟਿਆਲਾ 18 ਸਤੰਬਰ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਕਾਨੂੰਨਾ ਖ਼ਿਲਾਫ਼ ਪੰਜਾਬ ਦੇ ਸੁਹਿਰਦ ਤੇ ਸੰਜੀਦਾ ਲੋਕ ਗਾਇਕ ਵੀ ਆਪਣੀ ਅਵਾਜ਼ ਬੁਲੰਦ ਕਰਨ ਲੱਗੇ ਹਨ। ਪੰਜਾਬ ਦੇ ਹਾਲੀਵੁੱਡ ਤੱਕ ਦਸਤਕ ਦੇ ਰਹੇ ਉਘੇ ਗਾਇਕ ਤੇ ਫਿਲਮੀ ਐਕਟਰ ਦਲਜੀਤ ਦੁਸਾਂਝ ਮਗਰੋਂ ਹੁਣ ਗਾਇਕ ਹਰਜੀਤ ਹਰਮਨ ਨੇ ਵੀ ਮੋਦੀ ਸਰਕਾਰ ਖ਼ਿਲਾਫ਼ ਮੋਰਚਾ ਖੋਲਦਿਆਂ ਖੇਤੀ ਆਧਾਰਿਤ ਤਿੰਨੋ ਪਾਸ ਹੋਏ ਖੇਤੀ ਕਾਨੂੰਨਾਂ ਦੀ ਜੋਰਦਾਰ ਖ਼ਿਲਾਫ਼ਤ ਕੀਤੀ ਹੈ।
ਦੱਸਣਯੋਗ ਹੈ ਕਿ ਦਲਜੀਤ ਦੁਸਾਂਝ ਮਗਰੋਂ ਕਈ ਪੰਜਾਬੀ ਗਾਇਕ ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਨਿਤਰਨ ਲੱਗੇ ਹਨ। ਦਲਜੀਤ ਦੁਸਾਂਝ ਨੇ ਸੋਸ਼ਲ ਮੀਡੀਆ ਦੇ ਮਾਧਿਅਮ ‘ਤੇ ਸੂਬੇ ਦੀ ਕਿਸਾਨੀ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਸੀ। ਜਦੋਂ ਕਿ ਅੱਜ ਉਘੇ ਗਾਇਕ ਹਰਜੀਤ ਹਰਮਨ ਨੇ ਅੱਜ ਖੁਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ‘ਚ ਸ਼ਿਰਕਤ ਦੌਰਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਾਜਾਤਾਰੀਨ ਖੇਤੀ ਕਾਨੂੰਨਾਂ ਦੀ ਜੋਰਦਾਰ ਵਿਰੋਧਤਾ ਕੀਤੀ ਹੈ। ਉਨਾਂ ਧਰਨੇ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਿਸਾਨਾਂ ਨੂੰ ਮਾਰਨ ਲਈ ਤੁਗਲਕੀ ਫੁਰਮਾਨ ਜਾਰੀ ਕਰ ਰਹੀ ਹੈ। ਅੰਨ ਦਾਤਾ ਤਾਂ ਪਹਿਲਾਂ ਕਰਜ਼ੇ ਅਤੇ ਮਹਿੰਗਾਈ ਦੇ ਹਨੇਰਿਆਂ ‘ਚ ਅੰਨਾ ਹੋਇਆ ਪਿਆ ਹੈ। ਕਿਸੇ ਸਮੇਂ ਪਹਿਲੇ ਨੰਬਰ ‘ਤੇ ਰਿਹਾ ਖੇਤੀ ਪ੍ਰਧਾਨ ਸੂਬਾ ਅੱਜ ਖੁਦਕੁਸ਼ੀਆਂ ਦੀ ਮਾਰ ਝੱਲ ਰਿਹਾ ਹੈ। ਉਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਦਾ ਅੰਨਦਾਤਾ ਅੱਜ ਹਾਲੋਂ= ਬੇਹਾਲ ਹੈ ਅਤੇ ਆਪਣੇ ਹਕੂਕਾ ਲਈ ਸੜਕਾਂ,ਚੌਰਾਹਿਆਂ ‘ਤੇ ਉਤਰਨ ਮਜ਼ਬੂਰ ਹੈ। ਇਸ ਮੌਕੇ ਗਾਇਕ ਨਰਿੰਦਰ ਖੇੜੀਮਾਨੀਆਂ, ਵੀਡੀਓ ਡਾਇਰੈਕਟਰ ਸਟਾਲੀਅਨ ਵੀਰ ਲਿੱਧੜਾਂ ਨੇ ਕਿਹਾ ਕਿ ਕਿਸਾਨੀ ਇੱਕ ਲਾਹੇਵੰਦ ਧੰਦਾ ਹੋਣ ਦੇ ਬਾਵਯੂਦ ਸਰਕਾਰਾਂ ਦੀ ਅਣਗਹਿਲੀ ਕਾਰਨ ਘਾਟੇ ਦੀ ਭੇਟ ਚੜ ਰਹੀ ਹੈ, ਜਿਸ ਸਬੰਧੀ ਕਿਸਾਨੀ ਨੂੰ ਨਿੱਠ ਬੈਠਕੇ ਵਿਚਾਰਨ ਦੀ ਲੋੜ ਹੈ।

