ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਪ੍ਰਕਾਸ਼ ਦਿਹਾੜੇ ਮੌਕੇ ਸਮਰਪਿਤ ਮਹਾਨ ਗੁਰਮਤਿ ਸਮਾਗਮ
ਪੰਜ ਪਿਆਰਿਆਂ ਪਾਸੋਂ 30 ਪ੍ਰਾਣੀਆਂ ਨੇ ਲਈ ਖੰਡੇ ਬਾਟੇ ਦੀ ਪਾਹੁਲ
ਪਟਿਆਲਾ 9 ਅਕਤੂਬਰ (ਰਮਨਦੀਪ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਯੋਗ ਅਗਵਾਈ ‘ਚ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 300ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸਨੌਰ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਪ੍ਰੇਰਨਾ ਸਦਕਾ ਮਹਾਨ ਕੀਰਤਨ ਸਮਾਗਮ ਦੌਰਾਨ ਸੰਗਤਾਂ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਗਿਆ। ਇਸ ਮੌਕੇ ਪੰਜ ਪਿਆਰਿਆਂ ਪਾਸੋਂ 30 ਦੇ ਕਰੀਬ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ।
ਇਸ ਮੌਕੇ ਪ੍ਰਚਾਰਕ ਭਾਈ ਬਲਦੇਵ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਜਾਣੂੰ ਕਰਵਾਇਆ ਕਿ ਭਾਈ ਤਾਰੂ ਸਿੰਘ ਜੀ ਵੀ ਉਹਨਾਂ ਮਹਾਨ ਸ਼ਹੀਦਾਂ ਵਿੱਚੋਂ ਇੱਕ ਹਨ ਜਿੰਨ੍ਹਾ ਨੇਂ ਗੁਰੁ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਲਈ ਆਪਣੀ ਖੋਪਰੀ ਲਵਾਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ, ਜੋ ਸਾਰਿਆਂ ਨੂੰ ਧਰਮ ਅਤੇ ਸਿੱਖੀ ‘ਚ ਪ੍ਰਰਪੱਕ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਨੇ ਸਮੂਹ ਸੰਗਤਾਂ ਅਤੇ ਅੰਮ੍ਰਿਤ ਅਭਿਲਾਖੀਆਂ ਦਾ ਧੰਨਵਾਦ ਕੀਤਾ। ਮਹਾਨ ਗੁਰਮਤਿ ਸਮਾਗਮ ਦੌਰਾਨ ਪਿੰਡ ਅਕਾਲਗੜ੍ਹ ਉਨ੍ਹਾਂ 15 ਨੌਜਵਾਨਾਂ ਨੂੰ ਸਨਮਾਨਤ ਕੀਤਾ ਗਿਆ, ਜਿਨਾਂ ਨੇ ਕੇਸ ਨਾ ਕੱਟਣ ਦਾ ਪ੍ਰਣ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਬਲਜੀਤ ਸਿੰਘ, ਮੱਘਰ ਸਿੰਘ, ਅਮਰੀਕ ਸਿੰਘ ਸਖਦੇਵ ਸਿੰਘ ਅਤੇ ਗ੍ਰੰਥੀ ਗਿਆਨੀ ਸਤਨਾਮ ਸਿੰਘ ਆਦਿ ਹਾਜ਼ਰ ਸਨ।

