ਪੰਜਾਬਪਟਿਆਲਾ

ਪਟਿਆਲਾ ‘ਚ ਭਾਜਪਾਈ ਕਰਨ ਲੱਗੇ ਭਾਜਪਾ ਨੂੰ ਖੇਰੂ-ਖੇਰੂ !

ਕੰਵਰ ਸਿੰਘ ਬੇਦੀ
ਪਟਿਆਲਾ ‘ਚ ਭਾਜਪਾਈ ਆਗੂ ਆਪਣੇ ਆਪ ਨੂੰ ਚਮਕਾਉਣ ਦੀ ਰਾਜਨੀਤੀ ਦੇ ਵੱਸ ਪੈ ਚੁੱਕੇ ਹਨ। ਅਜਿਹਾ ਇਕ ਵਾਰ ਨਹੀਂ ਕਈ ਵਾਰ ਸਾਹਮਣੇ ਆ ਚੁੱਕਿਆ ਹੈ। ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ‘ਚ ਉਲੀਕੇ ਜਾਂਦੇ ਪ੍ਰੋਗਰਾਮਾਂ ‘ਚ ਭਾਜਪਾਈ ਆਗੂ ਹੀ ਇਕ ਦੂਜੇ ਨੂੰ ਹੀ ਠਿੱਬੀ ਲਾਉਂਦੇ ਨਜ਼ਰ ਆਉਂਦੇ ਹਨ। ਭਾਜਪਾ ਲੀਡਰਸ਼ਿਪ ਦੇ ਸੱਦੇ ‘ਤੇ ਹਰਿੰਦਰ ਕੋਹਲੀ ਭਾਜਪਾ ਦਾ ਝੰਡਾ ਲੈ ਕੇ ਘਰੋਂ ਨਿਕਲਦੇ ਹਨ ਤਾਂ ਭਾਜਪਾ ਦੀ ਅੰਗੀਠੀ ਵਿਚਾਲੇ ਧੜੇਬੰਦੀ ਦੀ ਸੁਲਘਦੀ ਅੱਗ ਨਾਲ ਉਠ ਰਹੇ ਧੂੰਏਂ ਨਾਲ ਸ਼ਹਿਰ ਦੇ ਭਾਜਪਾ ਲੀਡਰਾਂ ਵਿਚਲੀ ਧੜੇਬੰਦੀ ਦੇ ਸੰਕੇਤ ਮਿਲਣ ਲੱਗਦੇ ਹਨ। ਅਕਾਲੀ ਦਲ ਵੱਲੋਂ ਨਾਤਾ ਤੋੜਨ ਬਾਅਦ ਭਾਜਪਾ ਸ਼ਹਿਰ ਵਿਚ ਖੇਰੂ-ਖੇਰੂ ਹੋਣ ਲੱਗ ਪਈ ਹੈ। ਜ਼ਿਲ੍ਹੇ ‘ਚ ਭਾਜਪਾ ਵੱਲੋਂ ਰੋਸ ਧਰਨੇ, ਮੁਜ਼ਾਹਰੇ ਜਾਂ ਪ੍ਰਦਰਸ਼ਨ ਦੌਰਾਨ ਇਹ ਵੇਖਣ ਨੂੰ ਮਿਲਿਆ ਹੈ ਕਿ ਸ਼ਹਿਰ ਦੇ ਸੀਨੀ ਆਗੂਆਂ ਦੀ ਵੱਖਰੀ ਸੁਰ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਲਈ ਸਿਰਦਰਦੀ ਬਣ ਗਈ ਹੈ। ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ‘ਚ ਉਲੀਕੇ ਜਾਂਦੇ ਪ੍ਰੋਗਰਾਮ ਦੌਰਾਨ ਅਨੁਸ਼ਾਸਨਹੀਣਤਾ, ਪਾਰਟੀ ਪ੍ਰੋਟੋਕਾਲ ਤੋੜਨ ਦੀ ਕਵਾਇਦ ਭਾਜਪਾ ਲਈ ਕੁਝ ਵੀ ਸਹੀ ਨਾ ਹੋਣ ਦੇ ਸੰਕੇਤ ਦੇ ਰਹੀ ਹੈ।

ਸ਼ਹਿਰੀ ਪ੍ਰਧਾਨ ਵੱਲੋਂ ਜ਼ਿਲ੍ਹੇ ‘ਚ ਧੜੇਬੰਦੀ ਤੋਂ ਇਨਕਾਰ !
ਦੂਜੇ ਪਾਸੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦਾ ਕਹਿਣਾ ਹੈ ਕਿ ਜ਼ਿਲ੍ਹੇ ‘ਚ ਪਾਰਟੀ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਚਾਰਾਂ ਦੇ ਮੱਤਭੇਦ ਜ਼ਰੂਰ ਹੁੰਦੇ ਹਨ, ਪ੍ਰੰਤੂ ਪਾਰਟੀ ਪੂਰੀ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕਮਜ਼ੋਰ ਕਰਨ ਬਾਰੇ ਗੱਲ ਸਾਹਮਣੇ ਆਉਣ ਤੋਂ ਬਾਅਦ ਹਾਈਕਮਾਂਡ ਨੂੰ ਜ਼ਰੂਰ ਜਾਣੂੰ ਕਰਵਾਇਆ ਜਾਵੇਗਾ। ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਜੇ ਕੋਈ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਹੈ ਤਾਂ ਉਹ ਖੁਦ ਦਾ ਵੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀ ਸਰਵਉਚ ਹੁੰਦੀ ਹੈ ਅਤੇ ਅਨੁਸ਼ਾਸਨ ਅਤੇ ਪ੍ਰੋਟੋਕਾਲ ਨੂੰ ਕਾਇਮ ਰੱਖਣ ਬਾਰੇ ਸਾਰਿਆਂ ਦਾ ਨੈਤਿਕ ਫਰਜ਼ ਹੈ।

Leave a Reply

Your email address will not be published. Required fields are marked *