ਦੇਸ਼-ਵਿਦੇਸ਼ਪੰਜਾਬਪਟਿਆਲਾ

ਖੇਤੀ ਬਿੱਲਾਂ ‘ਤੇ ਕੈਪਟਨ ਅਮਰਿੰਦਰ ਵਲੋਂ ਸੱਦਿਆ ਸੈਸ਼ਨ ਗੈਰਸੰਵਿਧਾਨਕ : ਕੇਂਦਰੀ ਰਾਜ ਮੰਤਰੀ

ਐਮਐਸਪੀ ‘ਤੇ ਗੁੰਮਰਾਹਕੁੰਨ ਪ੍ਰਚਾਰ, ਕਿਸਾਨ ਨੂੰ ਅੱਗੇ ਲਗਾ ਕੇ ਹੋ ਰਹੀ ਸਿਆਸਤ
ਪਟਿਆਲਾ 17 ਅਕਤੂਬਰ (ਮਧੂਸਾਰ ਬਿਊਰੋ) ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ 19 ਅਕਤੂਬਰ ਨੂੰ ਸੱਦੇ ਸੈਸ਼ਨ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਾ ਕਦਮ ਕਰਾਰ ਦਿੰਦਿਆਂ ਕੇਂਦਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਰਾਜ ਮੰਤਰੀ ਡਾ. ਸੰਜੀਵ ਕੁਮਾਰ ਵਾਲੀਆ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਦੇ ਵਿਰੋਧ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਸੱਦਿਆ ਜਾ ਰਿਹਾ ਸੈਸ਼ਨ ਗੈਰਸੰਵਿਧਾਨਕ ਹੈ। ਰਾਜ ਮੰਤਰੀ ਡਾ. ਸੰਜੀਵ ਕੁਮਾਰ ਵਾਲੀਆ ਅੱਜ ਕਿਸਾਨ ਸੰਵਾਦ ਪ੍ਰੋਗਰਾਮ ਤਹਿਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੇਂਦਰੀ ਮੰਤਰੀ ਅੱਜ ਆਨਲਾਈਨ ਪ੍ਰਕਿਰਿਆ ਤਹਿਤ ਪੱਤਰਕਾਰਾਂ ਨਾਲ ਜੁੜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਦੇਸ਼ ਦੇ ਅੰਨ ਭੰਡਾਰ ‘ਚ ਵੱਡਾ ਯੋਗਦਾਨ ਹੈ, ਜਿਸ ਨੂੰ ਕੋਈ ਵੀ ਸਰਕਾਰ ਅਣਦੇਖਿਆ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਅਤੇ ਆਮਦਨ ਨੂੰ ਦੁੱਗਣਾ ਕਰਨ ਲਈ ਖੇਤੀ ਆਰਡੀਨੈਂਸ ਬਿੱਲ ਲਿਆਂਦਾ, ਜਿਸ ਨਾਲ ਕਿਸਾਨਾਂ ਦਾ ਉਤਪਾਦਨ ਦੇ ਦੇਸ਼ ਦੇ ਕੋਨੇ ਕੋਨੇ ਤੱਕ ਪੁੱਜੇਗਾ।

ਇਕ ਸਵਾਲ ਦੇ ਜਵਾਬ ‘ਚ ਕੇਂਦਰੀ ਮੰਤਰੀ ਡਾ. ਵਾਲੀਆ ਨੇ ਕਿਹਾ ਕਿ ਦੇਸ਼ ਦੀ ਸੰਸਦ ‘ਚ ਖੇਤੀ ਆਰਡੀਨੈਂਸ ਬਿਲਾਂ ਪਾਸ ਹੋਣ ਤੋਂ ਪਹਿਲਾਂ ਲੈ ਕੇ ਕਾਂਗਰਸ ਅਤੇ ਵਿਰੋਧੀ ਧਿਰਾਂ ਨੇ ਬਿੱਲ ਦਾ ਨਾ ਤਾਂ ਵਿਰੋਧ ਕੀਤਾ ਅਤੇ ਨਾ ਹੀ ਕੋਈ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਐਮਐਮਸੀ ‘ਤੇ ਵਿਰੋਧੀ ਧਿਰਾਂ ਕਿਸਾਨਾਂ ਦੇ ਮੋਢਿਆਂ ‘ਤੇ ਰਾਜਨੀਤੀ ਕਰ ਰਹੀਆਂ ਹਨ, ਜਦਕਿ ਕੋਈ ਵੀ ਫੈਸਲਾ ਕਿਸਾਨਾਂ ਦੇ ਖਿਲਾਫ਼ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਕਿਸਾਨਾਂ ਨੂੰ ਪੂਰਨ ਅਧਿਕਾਰ ਮਿਲਣ ਅਤੇ ਮੰਡੀਆਂ ਦੇ ਮਾਧਿਅਮ ਨਾਲ ਕਿਸਾਨ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਕਰ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਐਮਐਸਪੀ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੀ ਕਾਂਗਰਸ ਦੱਸੇ ਕਿ 70 ਸਾਲਾਂ ਦੇ ਰਾਜ ‘ਚ ਆਖਿਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਕਰ ਸਕੀ? ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਚਾਹੁੰਦੇ ਹਨ ਕਿ ਕੇਵਲ ਕਿਸਾਨ ਰਵਾਇਤੀ ਫਸਲਾਂ ਤੱਕ ਹੀ ਸੀਮਤ ਨਾ ਰਹੇ ਬਲਕਿ ਫੂਡ ਪ੍ਰਸੋਸਿੰਗ, ਮੱਛੀ ਪਾਲਣ, ਡੇਅਰੀ ਆਦਿ ਧੰਦਿਆਂ ਨੂੰ ਵੀ ਅਪਣਾਕੇ ਕਿਸਾਨ ਹੋਰ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦ ਪੂਰਾ ਦੇਸ਼ ਇਕ ਮਾਰਕੀਟ, ਇਕ ਮੰਡੀ ਬਣੇਗਾ ਇਸ ਦਾ ਲਾਭ ਕਿਸਾਨਾਂ ਨੂੰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਖੇਤੀ ਆਰਡੀਨੈਂਸ ਬਿੱਲ ਆਉਣ ਵਾਲੇ ਸਮੇਂ ‘ਚ ਕਾਰਗਰ ਸਾਬਤ ਹੋਣਗੇ ਅਤੇ ਕਿਸਾਨ ਪੈਰਾਂ ਸਿਰ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਗੁਰਜੀਤ ਸਿੰਘ ਕੋਹਲੀ, ਸੁਖਵਿੰਦਰ ਕੌਰ ਨੌਲੱਖਾ,  ਵਰੁਣ ਗੋਇਲ ਅਤੇ ਲੀਡਰਸ਼ਿਪ ਦੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *