ਪੁਲਿਸ ਨੇ ਥਾਣਾ ਸਦਰ ਤੇ ਤ੍ਰਿਪੜੀ ਇਲਾਕਿਆਂ ‘ਚ ਹੋਏ ਦੋ ਕਤਲਾਂ ਦੇ ਮਾਮਲੇ 24 ਘੰਟਿਆਂ ‘ਚ ਹੀ ਸੁਲਝਾਏ-ਐਸ.ਪੀ. ਸਿਟੀ
ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ, ਤਿਉਹਾਰਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਚੌਕਸ
ਪਟਿਆਲਾ, 19 ਅਕਤੂਬਰ: ਪਟਿਆਲਾ ਪੁਲਿਸ ਨੇ ਥਾਣਾ ਸਦਰ ਅਤੇ ਥਾਣਾ ਤ੍ਰਿਪੜੀ ਦੇ ਇਲਾਕਿਆਂ ‘ਚ ਬੀਤੇ ਦਿਨੀਂ ਹੋਏ ਦੋ ਕਤਲਾਂ ਦੇ ਮਾਮਲਿਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹੀ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਨੇ ਦੱਸਿਆ ਕਿ ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਟਿਆਲਾ ਪੁਲਿਸ ਆਗਾਮੀ ਤਿਉੁਹਾਰਾਂ ਦੇ ਮੱਦੇਨਜ਼ਰ ਹੋਰ ਵਧੇਰੇ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਜਦਕਿ ਦੂਜੇ ਰਾਜਾਂ ਤੋਂ ਜਾਅਲੀ ਬਿਲਾਂ ‘ਤੇ ਪੰਜਾਬ ਵਿੱਚ ਵੇਚਣ ਲਈ ਲਿਆਂਦੇ ਜਾ ਰਹੇ ਝੋਨੇ ਦੀਆਂ ਗੱਡੀਆਂ ਵੀ ਫੜੀਆਂ ਜਾ ਰਹੀਆਂ ਹਨ।
ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਸਦਰ ਪਟਿਆਲਾ ਦੇ ਇਲਾਕੇ ‘ਚ ਰਿਸ਼ਵ ਮੁਖੀਜਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਗੁਰਸੇਵਕ ਸਿੰਘ ਲਾਡੀ ਵਾਸੀ ਗੁਰੂ ਨਾਨਕ ਨਗਰ ਬਹਾਦਰਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੇ ਪਿਤਾ ਸੰਜੀਵ ਸਿੰਘ ਵਾਸੀ ਅਰਬਨ ਅਸਟੇਟ ਦੇ ਬਿਆਨਾਂ ਦੇ ਅਧਾਰ ‘ਤੇ ਦਰਜ ਹੋਏ ਇਸ ਮੁਕਦਮੇ ਮੁਤਾਬਕ ਮੁਦਈ ਦੇ ਲੜਕੇ ਰਿਸ਼ਵ ਦੀ ਲਾਸ਼ 15 ਅਕਤੂਬਰ ਨੂੰ ਬਹਾਦਰਗੜ੍ਹ ਨੇੜੇ ਬੰਦ ਪਏ ਪੈਟਰੋਲ ਪੰਪ ਦੇ ਖੰਡਰ ਵਿੱਚੋਂ ਮਿਲੀ ਸੀ।
ਇਸ ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ‘ਚ ਵਰਤਿਆ ਹਥਿਆਰ, ਖੂਨ ਨਾਲ ਲਿਬੜੇ ਕੱਪੜੇ ਤੇ ਸੋਨੇ ਦੀ ਚੇਨੀ ਆਦਿ ਵੀ ਬਰਾਮਦ ਕੀਤੇ ਗਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ‘ਚ ਪਹਿਲਾਂ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰੰਤੂ ਮ੍ਰਿਤਕ ਦੀ ਲਾਸ਼ ਬਰਾਮਦ ਹੋਣ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦਾ ਪਹਿਲਾਂ ਆਪਸੀ ਕੁਝ ਲੈਣ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਵਧੇਰੇ ਜਾਂਚ ਕੀਤੀ ਜਾ ਰਹੀ ਹੈ।
ਐਸ.ਪੀ. ਸਿਟੀ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ 18 ਅਕਤੂਬਰ ਨੂੰ ਰਾਤ ਸਮੇਂ ਥਾਣਾ ਤ੍ਰਿਪੜੀ ਦੇ ਇਲਾਕੇ ਦੀਪ ਨਗਰ ਵਿਖੇ ਬੀਤੇ ਦਿਨੀਂ ਭਾਨ ਸਿੰਘ ਦੇ ਹੋਏ ਕਤਲ ਦਾ ਮਾਮਲਾ ਵੀ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ‘ਚ ਗੁਰਮੀਤ ਸਿੰਘ ਜੀਤਾ ਵਾਸੀ ਵਿਕਾਸ ਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਵਿਅਕਤੀ ਮ੍ਰਿਤਕ ਹੋਏ ਭਾਨ ਸਿੰਘ ਦੇ ਘਰ ਚੋਰੀ ਦੀ ਨੀਅਤ ਨਾਲ ਗਿਆ ਅਤੇ ਜਿੱਥੇ ਇਸ ਨੇ ਭਾਨ ਸਿੰਘ ਅਤੇ ਉਸਦੇ ਪੁੱਤਰ ਰਮਨਦੀਪ ਸਿੰਘ ‘ਤੇ ਬਰਫ਼ ਤੋੜਨ ਵਾਲੇ ਸੂਏ ਨਾਲ ਹਮਲਾ ਕਰਕੇ ਵਾਰ ਕੀਤੇ, ਜਿਸ ਕਰਕੇ ਜਖ਼ਮੀ ਹੋਏ ਭਾਨ ਸਿੰਘ ਦੀ ਰਾਜਿੰਦਰਾ ਹਪਸਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਰਮਨਦੀਪ ਸਿੰਘ ਅਜੇ ਵੀ ਹਸਪਤਾਲ ‘ਚ ਜੇਰੇ ਇਲਾਜ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਪਟਿਆਲਾ ਪੁਲਿਸ ਆਗਾਮੀ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਹੋਰ ਵਧੇਰੇ ਚੌਕਸੀ ਵਰਤ ਰਹੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜਨ ਦੌਰਾਨ ਕੁਝ ਬਾਹਰਲੇ ਸੂਬਿਆਂ ਤੋਂ ਝੋਨੇ ਦੀ ਫ਼ਸਲ ਨੂੰ ਪੰਜਾਬ ‘ਚ ਵਾਧੂ ਰੇਟ ‘ਤੇ ਵੇਚਣ ਦੇ ਮਨਸ਼ੇ ਨਾਲ ਬਣਾਈਆਂ ਫ਼ਰਜੀ ਫਰਮਾਂ ਜਾਅਲੀ ਬਿਲਾਂ ਦੇ ਅਧਾਰ ‘ਤੇ ਪੰਜਾਬ ਲਿਆ ਰਹੀਆਂ ਹਨ, ਜਿਸ ਨੂੰ ਪਟਿਆਲਾ ਪੁਲਿਸ ਨੇ ਚੌਕਸੀ ਵਰਤਦਿਆਂ ਪੰਜਾਬ ਮੰਡੀ ਬੋਰਡ ਅਤੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੇ ਸਹਿਯੋਗ ਨਾਲ ਕਾਬੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਤੱਕ 15 ਮਾਮਲੇ ਦਰਜ ਕਰਕੇ ਵੱਡੀ ਗਿਣਤੀ ‘ਚ ਗੱਡੀਆਂ ਨੂੰ ਜਬਤ ਕੀਤਾ ਹੈ।

