ਖੇਤੀ ਕਾਨੂੰਨ ਬਿੱਲਾਂ ਵਿਰੁੱਧ ਵਿਧਾਨ ਸਭਾ ‘ਚ ਮੁੱਖ ਮੰਤਰੀ ਨੇ ਮਤਾ ਕੀਤਾ ਪੇਸ਼
ਕੇਂਦਰ ਅੱਗੇ ਨਹੀਂ ਝੁਕਾਗਾਂ, ਅਸਤੀਫਾ ਤੱਕ ਦੇਣ ਨੂੰ ਹਾਂ ਤਿਆਰ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ 20 ਅਕਤੂਬਰ (ਮਧੂਸਾਰ ਬਿਊਰੋ) ਕੇਂਦਰ ਵੱਲੋਂ ਲਿਆਂਦੀ ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ‘ਚ ਸੱਦੇ ਸਪੈਸ਼ਲ ਸੈਸ਼ਨ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਦੇ ਵਿਰੋਧ ‘ਚ ਮਤਾ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਵੱਲੋ ਲਿਆਂਦੀ ਕਿਸਾਨ ਵਿਰੋਧੀ ਕਾਨੂੰਨ ਸਾਡੀ ਸਰਕਾਰ ਸਿਰੇ ਤੋਂ ਨਕਾਰਦੀ ਹੈ। ਉਨ੍ਹਾਂ ਸਾਰੀਆਂ ਸਿਆਸੀ ਘਿਰਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਪਰ ਉਠਕੇ ਏਨਾਂ ਬਿੱਲਾਂ ਵਿਰੁੱਧ ਆਵਾਜ਼ ਬੁਲੰਦ ਕਰਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਖਰੜੇ ਦੇ ਮਤੇ ‘ਚ ਖੇਤੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਬਿੱਲ ਨੂੰ ਖ਼ਤਮ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਇਕ ਨਵਾਂ ਤਾਜ਼ਾ ਆਰਡੀਨੈਂਸ ਵੀ ਜਾਰੀ ਕੀਤਾ ਗਿਆ, ਜੋ ਘੱਟੋ ਘੱਟ ਸਮਰਥਨ ਮੁੱਲ ਤੇ ਅਨਾਜ ਦੀ ਖਰੀਦ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਣ ਅਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਖਰੀਦ ਨੂੰ ਵੀ ਜਾਰੀ ਰੱਖਦਾ ਹੈ, ਜਿਸ ‘ਚ ਐਫਸੀਆਈ ਅਤੇ ਹੋਰ ਏਜੰਸੀਆਂ ਵੀ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਅਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਇਥੋਂ ਤੱਕ ਕੇਂਦਰ ਖਿਲਾਫ਼ ਜਾ ਕੇ ਉਨ੍ਹਾਂ ਨੂੰ ਅਸਤੀਫਾ ਵੀ ਦੇਣਾ ਪਿਆ ਤਾਂ ਉਹ ਅਸਤੀਫਾ ਜੇਬ ‘ਚ ਪਾ ਕੇ ਆਏ ਹਨ ਅਤੇ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਵਿਰੋਧ ਮਤਾ ਰਾਜਪਾਲ ਨੂੰ ਭੇਜਿਆ ਜਾਵੇਗਾ ਇਸ ‘ਤੇ ਕੇਂਦਰ ਨੇ ਜੋ ਕਦਮ ਚੁੱਕਣਾ ਉਹ ਫੈਸਲਾ ਲੈ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਵੀ ਨਿਸ਼ਾਨੇ ਲਾਏ ਤੇ ਕਿਹਾ ਕਿ ਕਈ ਵਿਧਾਇਕਾਂ ਨੇ ਸਿਆਸੀ ਲਾਹਾ ਲੈਣ ਲਈ ਸੈਸ਼ਨ ਦੇ ਪਹਿਲੇ ਦਿਨ ਟਰੈਕਟਰਾਂ ‘ਤੇ ਰੋਸ ਪ੍ਰਦਰਸ਼ਨ ਕਰਨਾ ਅਤੇ ਇਥੋਂ ਤੱਕ ਜਿਹੜੇ ਵਿਧਾਇਕ ਵਿਧਾਨ ਸਭਾ ‘ਚ ਰਾਤ ਠਹਿਰੇ ਹਨ, ਜੋ ਕੇਵਲ ਤੇ ਕੇਵਲ ਸਿਆਸਤ ਤੱਕ ਹੀ ਸੀਮਤ ਹੈ। ਉਨ੍ਹਾਂ ਕਿਹਾ ਕਿ ਬਿੱਲਾਂ ਵਿਰੁੱਧ ਲਿਆਂਦਾ ਮਤਾ ਵੀ ਸੂਬੇ ਲਈ ਕਾਨੂੰਨੀ ਲੜਾਈ ਦਾ ਆਧਾਰ ਬਣੇਗਾ ਅਤੇ ਪੇਸ਼ਕਾਰੀ ਤੋਂ ਪਹਿਲਾਂ ਇਸ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਵੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾ ਕੇ ਕੇਂਦਰ ਨੇ ਕਿਸਾਨਾਂ ਦੀਆਂ ਚਿੰਤਾਵਾਂ ਦਾ ਹੱਲ ਲੱਭਣ ਦੀ ਬਜਾਏ ਹੁਣ ਤੱਕ ਨਾਂਪੱਖੀ ਰਵੱਈਆ ਹੀ ਅਖਤਿਆਰ ਕੀਤਾ ਹੈ ਇਸ ਕਰਕੇ ਉਹ ਤਿੰਨਾਂ ਖੇਤੀ ਬਿੱਲਾਂ ਦੇ ਵਿਰੁੱਧ ‘ਚ ਸਰਬਸੰਮਤੀ ਨਾਲ ਮਤਾ ਪਾਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਬਿੱਲ ਕਾਨੂੰਨੀ ਤੌਰ ‘ਤੇ ਵੀ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਦੇ ਹਿੱਤ ਦੇ ਵਿਰੁੱਧ ਹਨ।
ਕੈਪਟਨ ਅਮਰਿਦਰ ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸ ਕਾਨੂੰਨ ਭਾਰਤ ਦੇ ਸੰਵਿਧਾਨ ਐਂਟਰੀ 14 ਲਿਸਟ-2 ਦੇ ਵੀ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦਾ ਅਜਿਹਾ ਕਦਮ ਕਾਨੂੰਨ ‘ਤੇ ਵੀ ਸਿੱਧੇ ਤੌਰ ‘ਤੇ ਹਮਲਾ ਹੈ ਅਤੇ ਦੇਸ਼ ਦੇ ਸੰਵਿਧਾਨ ਵਿਚ ਦਰਸਾਏ ਗਏ ਰਾਜਾਂ ਦੀਆਂ ਕਾਰਜਾਂ ਅਤੇ ਸ਼ਕਤੀਆਂ ਨੂੰ ਘੇਰਨ ਲਈ ਸਾਬੋਤਾਜ਼ ਕੀਤਾ ਜਾ ਰਿਹਾ ਹੈ।

