ਪੰਜਾਬ

ਕੇਜਰੀਵਾਲ ਦੱਸਣ, ਕਿਸਾਨਾਂ ਨਾਲ ਹੋ ਜਾਂ ਖਿਲਾਫ਼ : ਕੈਪਟਨ ਅਮਰਿੰਦਰ ਸਿੰਘ

ਕੈਪਟਨ ਬੋਲੇ, ਕੇਜਰੀਵਾਲ ਦੱਸਣ, ਭਾਜਪਾ ਨਾਲ ਗੰਢਤੁੱਪ ਵਾਲੀ ਬੋਲੀ ਕਿਉਂ ?
ਚੰਡੀਗੜ੍ਹ, 21 ਅਕਤੂਬਰ (ਮਧੂਸਾਰ ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੰਵਿਧਾਨਕ ਤੇ ਕਾਨੂੰਨੀ ਉਪਬੰਧਾਂ ਨੂੰ ਪੜਚੋਲਣ ਤੋਂ ਬਿਨਾਂ ਪੰਜਾਬ ਵਿਧਾਨ ਸਭਾ ਵਿੱਚ ਕੱਲ੍ਹ ਪਾਸ ਕੀਤੇ ਸੋਧ ਬਿੱਲਾਂ ਦੀ ਕਾਨੂੰਨੀ ਹੈਸੀਅਤ ਉਤੇ ਸਵਾਲ ਕਰਨ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣੇ ਦਿੱਲੀ ਦੇ ਹਮਰੁਤਬਾ ਨੂੰ ਪੁੱਛਿਆ, ”ਕੀ ਤੁਸੀਂ ਕਿਸਾਨਾਂ ਨਾਲ ਹੋ ਜਾਂ ਖਿਲਾਫ”? ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਕਿਸਾਨਾਂ ਨੂੰ ਤਬਾਹ ਕਰਨ ਲਈ ਭਾਜਪਾ ਨਾਲ ਗੰਢ-ਤੁਪ ਕਰਕੇ ਅਜਿਹੀ ਬੋਲੀ ਬੋਲ ਰਿਹਾ ਹੈ।
ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਸੋਧ ਬਿੱਲਾਂ ਦੇ ਪ੍ਰਭਾਵ ਬਾਰੇ ਕੇਜਰੀਵਾਲ ਵੱਲੋਂ ਸੰਕੇ ਜਾਹਰ ਕਰਦਾ ਟਵੀਟ ਕਰਨ ਉਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ਪੂਰੀ ਬੇਸਮਝੀ ਨਜਰ ਆਉਂਦੀ ਹੈ। ਸੂਬੇ ਨਾਲ ਸਬੰਧਤ ਮਸਲਿਆਂ ਬਾਰੇ ਕੇਜਰੀਵਾਲ ਨੂੰ ਗਿਆਨ ਦੀ ਕਮੀ ਹੋਣ ਬਾਰੇ ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਇਹ ਵੱਖਰੀ ਗੱਲ ਹੈ ਕਿ ਕੇਜਰੀਵਾਲ ਨੂੰ ਇਸ ਬੇਸਮਝੀ ਲਈ ਦੋਸ ਨਹੀਂ ਦੇ ਸਕਦੇ ਕਿਉਂਕਿ ਦਿੱਲੀ ਅਸਲ ਵਿੱਚ ਸੂਬਾ ਹੈ ਹੀ ਨਹੀਂ ਜਿਸ ਦੇ ਨਤੀਜੇ ਵਜੋਂ ਅਜਿਹੇ ਮੁੱਖ ਮੰਤਰੀ ਦੇ ਤੌਰ ‘ਤੇ ਇਕ ਸੂਬੇ ਨੂੰ ਚਲਾਉਣ ਲਈ ਕਾਨੂੰਨੀ ਨੁਕਤਿਆਂ ਦੀ ਸਮਝ ਨਹੀਂ ਹੈ।

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਮੀਦ ਕਰਦੇ ਸਨ ਕਿ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਇਨ੍ਹਾਂ ਕਾਨੂੰਨਾਂ ਬਾਰੇ ਥੋੜਾਂ ਬਹੁਤ ਹੋਮ ਵਰਕ ਕੀਤਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੇਤੀ ਕਾਨੂੰਨਾਂ ਬਾਰੇ ਆਪਣੇ ਵਿਚਾਰ ਕਿਸਾਨਾਂ ਦੇ ਹਿੱਤ ਵਿੱਚ ਜਾਹਰ ਕੀਤੇ ਸਨ ਤੇ ਉਹ ਸੋਚਦੇ ਸਨ ਕਿ ਸਾਇਦ ਤੁਸੀਂ ਵੀ ਅਜਿਹਾ ਹੀ ਸਰੋਕਾਰ ਜਾਹਰ ਕਰਦੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਸੋਚਦੇ ਸਨ ਕਿ ਆਮ ਆਦਮੀ ਪਾਰਟੀ ਦੇ ਆਗੂ ਨੂੰ ਆਪਣੇ ਸੰਵਿਧਾਨ ਬਾਰੇ ਵੀ ਕੁਝ ਪਤਾ ਹੋਵੇਗਾ ਜਿਸ ਵਿੱਚ ਇਹ ਸਪੱਸਟ ਤੌਰ ਉਤੇ ਦਰਜ ਹੈ ਕਿ ਧਾਰਾ 254 () ਤਹਿਤ ਸੂਬੇ ਸਥਾਨਕ ਅਤੇ ਹੋਰ ਸਬੰਧਤ ਲੋੜ ਅਨੁਸਾਰ ਕੇਂਦਰੀ ਕਾਨੂੰਨ ਵਿੱਚ ਸੋਧ ਕਰ ਸਕਦੇ ਹਨ ਜਿਵੇਂ ਕਿ ਕਈ ਮਾਮਲਿਆਂ ਖਾਸ ਤੌਰ ‘ਤੇ ਸੀ.ਪੀ.ਸੀ. ਅਤੇ ਸੀਆਰ.ਪੀ.ਸੀ. ਕਾਨੂੰਨਾਂ ਵਿੱਚ ਕੀਤਾ ਗਿਆ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਸਾਇਦ ਹੁਣ ਇਸ ਦੀ ਜਾਂਚ ਕਰ ਸਕਦੇ ਹੋ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਬਿੱਲਾਂ ‘ਤੇ ਸਵਾਲ ਚੁੱਕਣ ਦੀ ਬਜਾਏ ਕੇਜਰੀਵਾਲ ਲਈ ਇਹ ਬਿਹਤਰ ਹੋਵੇਗਾ ਕਿ ਉਹ ‘ਆਪਣੀ ਆਈ.ਟੀ. ਮਾਨਸਿਕਤਾ ਤੋਂ ਬਾਹਰ ਆਏ’ ਅਤੇ ਉਹ ਆਪਣੇ ਪੰਜਾਬ ਦੇ ਯੂਨਿਟ ਨੂੰ ਕਹਿਣ ਕਿ ਸਾਡੇ ਬਿੱਲਾਂ ‘ਤੇ ਸਮਰਥਨ ਕਰਨ ਦਾ ਦਿਖਾਵਾ ਕਰਨ ਦੀ ਬਜਾਏ ਕਿਸਾਨਾਂ ਦੇ ਹੱਕਾਂ ਲਈ ਸੂਬਾ ਸਰਕਾਰ ਦੀ ਲੜਾਈ ਵਿੱਚ ਸਾਥ ਦੇਣ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਗੇਂਦ ਹੁਣ ਤੁਹਾਡੇ ਪਾਲੇ ਵਿੱਚ ਹੈ ਕਿ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋ ਜਾਂ ਵਿਰੋਧ ਵਿੱਚ ਖੜ੍ਹੇ ਹੋ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਸੋਧ ਬਿੱਲਾਂ ਦੇ ਮਸਲੇ ਉਤੇ ਸਪੱਸਟ ਤੌਰ ‘ਤੇ ਸਟੈਂਡ ਲੈਣ ਦੀ ਚੁਣੌਤੀ ਦਿੱਤੀ ਕਿਉਂ ਜੋ ਆਪ ਦੇ ਵਿਧਾਇਕ ਵਿਧਾਨ ਸਭਾ ਵਿੱਚ ਸਰਕਾਰ ਦਾ ਪੱਖ ਪੂਰਦੇ ਹਨ ਅਤੇ ਸਦਨ ਤੋਂ ਬਾਹਰ ਇਸ ਦੀ ਨਿੰਦਾ ਕਰਦੇ ਹਨ ਜਿਸ ਨਾਲ ਇਸ ਦਾ ਦੋਗਲਾ ਕਿਰਦਾਰ ਜੱਗ ਜਾਹਰ ਹੋ ਗਿਆ।
ਕੇਜਰੀਵਾਲ ਵੱਲੋਂ ਸੂਬਾ ਸਰਕਾਰ ਦੁਆਰਾਂ ਐਮ ਐਸ ਪੀ ਉਤੇ ਫਸਲ ਖਰੀਦਣ ਬਾਰੇ ਕਾਨੂੰਨ ਪਾਸ ਕਰਨ ਬਾਰੇ ਦਿੱਤੇ ਸੁਝਾਅ ਦੇ ਟਵੀਟ ਦੀ ਪ੍ਰਤਿਕਿਰਿਆ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਐਮ ਐਸ ਪੀ ਉਤੇ ਅਨਾਜ ਖਰੀਦਣ ਨਾਲ ਸੂਬੇ ਉਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਵਿੱਚ ਔਖਿਆਈ ਹੋ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਤੁਹਾਡੀ ਪਾਰਟੀ ਦੇ ਸਟੇਟ ਲੀਡਰ ਹਰਪਾਲ ਸਿੰਘ ਚੀਮਾ ਨੂੰ ਇਹ ਸਭ ਕੁਝ ਸਮਝਾ ਚੁੱਕਾ ਹਾਂ ਪਰ ਬਾਵਜੂਦ ਇਸਦੇ ਜਾਂ ਤਾਂ ਤੁਹਾਨੂੰ ਸੂਬਿਆਂ ਵਿੱਚ ਹੁੰਦੇ ਕੰਮ-ਕਾਜ ਅਤੇ ਖੇਤੀਬਾੜੀ ਬਾਰੇ ਸਮਝ ਨਹੀਂ ਹੈ ਜਾਂ ਫੇਰ ਤੁਸੀ ਲੋਕਾਂ ਨੂੰ ਮੂਰਖ ਬਣਾਉਣ ਉਤੇ ਤੁਲੇ ਹੋਏ ਹੋ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਸ ਵੇਲੇ ਸਮੁੱਚੀ ਲੜਾਈ ਇਹ ਯਕੀਨੀ ਬਣਾਉਣ ਲਈ ਲੜੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਐਮ ਐਸ ਪੀ ਉਤੇ ਖਰੀਦ ਕਰਨ ਤੋਂ ਪੈਰ ਪਿਛਾਂਹ ਨਾ ਖਿੱਚ ਲਵੇ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦੀਆਂ ਟਿੱਪਣੀਆਂ ਕਿਸਾਨਾਂ ਦੇ ਅੰਦੋਲਨ ਨੂੰ ਪੱਟੜੀ ਤੋਂ ਲਾਹੁਣ ਵਾਲੀਆਂ ਹਨ ਅਤੇ ਹੋ ਸਕਦਾ ਕਿ ਇਹ ਉਸ ਦਾ ਅਸਲ ਏਜੰਡਾ ਹੋਵੇ। ਉਨ੍ਹਾਂ ਆਪ ਆਗੂ ਨੂੰ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੁਸੀਂ ਕਿਸਾਨਾਂ ਨੂੰ ਤਬਾਹ ਕਰਨ ਲਈ ਭਾਜਪਾ ਨਾਲ ਗੰਢ-ਤੁਪ ਕਰਕੇ ਇਸ ਪਾਸੇ ਵੱਲ ਕੰਮ ਕਰ ਰਹੇ ਹੋ।

Leave a Reply

Your email address will not be published. Required fields are marked *