ਪੰਜਾਬੀ ‘ਵਰਸਿਟੀ ਵਿਖੇ ਜੁਆਇੰਟ ਐਕਟ ਕਮੇਟੀ ਦਾ ਧਰਨਾ ਜਾਰੀ
ਪਟਿਆਲਾ 3 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾਂ ਅੱਜ 71ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਇਹ ਧਰਨਾ ਯੂਨੀਵਰਸਿਟੀ ਦੀ ਖੁਦਮੁਖਤਿਆਰੀ, ਵਿੱਤੀ ਗ੍ਰਾਂਟ, ਤਨਖਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਦੀ ਬੜੋਤਰੀ ਦੇ ਖਿਲਾਫ਼ ਲਗਾਇਆ ਜਾ ਰਿਹਾ ਹੈ।
ਧਰਨੇ ਵਿਚ ਅਧਿਆਪਕਾਂ, ਕਰਮਚਾਰੀਆਂ, ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਧਰਨੇ ਵਿਚ ਬੋਲਦੇ ਹੋਏ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਪੰਜਾਬ ਸਰਕਾਰ ਨੂੰ ਵਿੱਤੀ ਗ੍ਰਾਂਟ ਦੀ ਜਲਦ ਤੋਂ ਜਲਦ ਅਦਾਇਗੀ ਲਈ ਆਖਿਆ ਅਤੇ ਇਹ ਵੀ ਕਿਹਾ ਜਿਨ੍ਹਾਂ ਚਿਰ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਵਿੱਤੀ ਗ੍ਰਾਂਟ ਨਹੀਂ ਦਿੰਦੀ ਉਨਾ ਸਿਰ ਸੰਘਰਸ਼ ਨੂੰ ਹੋਰ ਤਿੱਖੇ ਰੂਪ ਵਿਚ ਜਾਰੀ ਰੱਖਿਆ ਜਾਵੇਗਾ। ਪੂਟਾ ਦੇ ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਕਿਹਾ ਕਿ ਪੂਟਾ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਸਦਾ ਉਨਾਂ ਨਾਲ ਸਹਿਯੋਗ ਕਰੇਗੀ। ਉਨ੍ਹਾਂ ਆਖਿਆ ਕਿ ਨਵੰਬਰ ਦੇ ਤਿੰਨ ਦਿਨ ਬੀਤਣ ਦੇ ਬਾਵਜੂਦਵੀ ਕਿਸੇ ਵੀ ਮੁਲਾਜ਼ਮ ਦੀ ਤਨਖਾਹ, ਪੈਨਸ਼ਨ ਨਹੀਂ ਅਦਾ ਕੀਤੀ ਗਈ।ਇਸ ਧਰਨੇ ਵਿਚ ਬੋਲਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਸਰਕਾਰ ਦੇ ਆਈ.ਏ.ਐਸ. ਅਧਿਕਾਰੀਆਂ ਵਲੋਂ ਯੂਨੀਵਰਸਿਟੀ ਵਿਚ ਬੇਲੋੜੀ ਦਖ਼ਲਅੰਦਾਜ਼ੀ ਨੂੰ ਨਿੰਦਿਆ ਅਤੇ ਆਖਿਆ ਕਿ ਆਈ.ਏ.ਐਸ ਅਧਿਕਾਰੀ ਅਤੇ ਮੰਤਰੀ ਮੰਡਲ ਮਿਲਕੇ ਯੂਨੀਵਰਸਿਟੀ ਵਿਚ ਤੈਨਾਤ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਅਤੇ ਉਨ੍ਹਾਂ ਦੀ ਛਾਂਟੀ ਕਰਨ ਦਾ ਵਿਚਾਰ ਕਰ ਰਹੇ ਹਨ ਜੋ ਕਿ ਜੁਆਇੰਟ ਐਕਸ਼ਨ ਕਮੇਟੀ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਇਸ ਧਰਨੇ ਵਿਚ ਏ-ਕਲਾਸ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਨੇ ਕਿਹਾ ਕਿ ਵਾਈਸ-ਚਾਂਸਲਰ ਨੂੰ ਆਪਣੇ ਦਫ਼ਤਰ ਵਿਚ ਆ ਕੇ ਆਪਣੇ ਕਰਮਚਰੀਆਂ ਦੇ ਮੁਸ਼ਕਲਾਂ ਦਾ ਹਲ ਕੱਢਣਾ ਚਾਹੀਦਾ ਹੈ ਅਤੇ ਵਿੱਤੀ ਗ੍ਰਾਂਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਧਰਨੇ ਵਿਚ ਧਰਮਿੰਦਰ ਪੰਨੂੰ, ਅਵਤਾਰ ਸਿੰਘ, ਵਿਜੈ ਕੁਮ ਰ, ਗੁਰਪ੍ਰੀਤ ਜੋਨੀ, ਆਜ਼ਾਦ ਸਿੰਘ ਨੇ ਵੀ ਸੰਬੋਧਿਤ ਕੀਤਾ। ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਲਗਾਤਾਰ ਤਿੱਖੇ ਰੂਪਾਂ ਵਿਚ ਜਾਰੀ ਰਹੇਗਾ।

