ਪਟਿਆਲਾ

ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕਿਸਾਨਾਂ ਨਾਲ ਚੱਕਾ ਜਾਮ

ਪਟਿਆਲਾ 5 ਨਵੰਬਰ (ਮਧੂਸਾਰ ਬਿਊਰੋ) ਜੁਆਇੰਟ ਐਕਸ਼ਨ ਕਮੇਟੀ ਜਿਸ ਵਿੱਚ ਅਧਿਆਪਕ, ਏ ਕਲਾਸ ਅਫਸਰ , ਬੀ ਅਤੇ ਸੀ ਕਲਾਸ ਯੂਨੀਅਨ , ਪੈਨਸਨਰਜ ਯੂਨੀਅਨ, ਗੈਸਟ ਫੈਕਲਟੀ ਯੂਨੀਅਨ ਅਤੇ ਵਿਦਿਆਰਥੀ ਜਥੇਬੰਦੀਆਂ ਜਿਵੇਂ ਕੀ ਐਸ. ਐਫ. ਆਈ, ਏਐਸਐਫ ਆਈ , ਪੀ ਐਸ ਯੂ (ਲਲਕਾਰ) ਆਦਿ ਸ਼ਾਮਿਲ ਹਨ, ਨੇ ਅੱਜ ਖੇਤੀ ਕਨੂਨਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਦੇ ਚਕਾ ਜਾਮ ਕਰਨ ਦੇ ਸੱਦੇ ਦੇ ਸਮਰਥਨ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੁੱਖ ਸੜਕ ਉੱਤੇ ਦੁਪਿਹਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਲਗਾ ਕੇ ਰੱਖਿਆ ।

ਜਾਮ ਵਿੱਚ ਅਧਿਆਪਕ, ਕਰਮਚਾਰੀ, ਪੈਨਸਨਰਜ ਅਤੇ ਵਿਦਿਆਰਥੀ ਆਗੂਆਂ ਨੇ ਮੋਦੀ ਸਰਕਾਰ ਦੁਆਰਾ ਖੇਤੀ ਕਨੂਨਾਂ, ਕਿਰਤ ਕਨੂਨਾਂ, ਭਾਰਤੀ ਸੰਘੀ ਢਾਂਚਾ ਨੂੰ ਖ਼ਤਮ ਕਰਨਾ, ਨਵੀਂ ਸਿਖਿਆ ਨੀਤੀ, ਪਬਲਿਕ ਅਦਾਰਿਆਂ ਨੂੰ ਅੰਬਾਨੀਆਂ ਅਤੇ ਅਦਾਨੀਆਂ ਦੇ ਹਥਾ ਵਿੱਚ ਵੇਚਣਾ, ਬੇਰੁਜ਼ਗਾਰੀ ਦਾ ਵਧਣਾ , ਫਿਰਕੂਵਾਦ ਆਦਿ ਦੇ ਖਿਲਾਫ ਬੋਲਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਦਾ ਕਾਲਾ ਚੇਹਰਾ ਉਜਾਗਰ ਕੀਤਾ। ਇਸ ਤਰਾਂ ਦਾ ਸੰਘਰਸ਼ ਲੰਮੇ ਅਰਸੇ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਮੁਲਾਜਮਾਂ ਅਤੇ ਵਿਦਿਆਰਥੀਆਂ ਵਲੋਂ ਆਪਣੀਆਂ ਮੰਗਾਂ ਦੇ ਨਾਲ ਨਾਲ ਕਿਸਾਨਾਂ ਦੇ ਸਮਰਥਨ ਵਿੱਚ ਕੀਤਾ ਗਿਆ ।
ਵਰਣਨ ਯੋਗ ਹੈ ਕਿ ਇਸ ਚੱਕਾ ਜਾਮ ਅਤੇ ਰੋਸ ਪ੍ਰਦਰਸ਼ਨ ਵਿੱਚ ਏਕੇ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹੋਏ ਆਮ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਧਰਨਾਕਾਰੀਆਂ ਲਈ ਚਾਹ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ ।
ਚੱਕਾ ਜਾਮ ਤੋਂ ਪਹਿਲਾਂ ਜੋਆਇੰਟ ਐਕਸ਼ਨ ਕਮੇਟੀ ਨੇ ਵਾਈਸ ਚਾਂਸਲਰ ਦੇ ਦਫਤਰ ਅੱਗੇ ਧਰਨਾ ਦਿੱਤਾ ਜੋ ਕਿ ਅੱਜ 73ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਧਰਨੇ ਤੋਂ ਬਾਅਦ ਜੋਆਇੰਟ ਐਕਸ਼ਨ ਕਮੇਟੀ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਵੀ।ਸੀ। ਦਫਤਰ ਤੋਂ ਇਕਠੇ ਹੋ ਕੇ ਯੂਨੀਵਰਸਿਟੀ ਵਿੱਚ ਜਲਸਾ ਕਰਦੇ ਅਤੇ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਦੇ ਖਿਲਾਫ ਨਾਅਰੇ ਮਾਰਦੇ ਹੋਏ ਮੇਨ ਪਟਿਆਲਾ ਚੰਡੀਗੜ ਨੈਸ਼ਨਲ ਹਾਈਵੇ ਉੱਤੇ ਜਾਮ ਲਗਾ ਦਿੱਤਾ। ਇਸ ਜਾਮ ਵਿੱਚ ਪਟਿਆਲਾ ਜਿਲੇ ਦੇ ਤਹਿਸੀਲਦਾਰ ਸ੍ਰੀ ਇੰਦਰ ਕੁਮਾਰ ਨੂੰ ਜੋਆਇੰਟ ਐਕਸ਼ਨ ਕਮੇਟੀ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਸਾਂਝਾ ਮੰਗ ਪੱਤਰ ਦਿੱਤਾ। ਇਸ ਚੱਕਾ ਜਾਮ ਵਿੱਚ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ, ਪੂਟਾ ਸਕੱਤਰ ਡਾ. ਅਵਨੀਤਪਾਲ ਸਿੰਘ, ਮੀਤ ਪ੍ਰਧਾਨ ਡਾ ਮਨਿੰਦਰ ਸਿੰਘ, ਜੋਆਇੰਟ ਐਕਸ਼ਨ ਕਮੇਟੀ ਵੱਲੋਂ ਡਾ. ਬਲਵਿੰਦਰ ਸਿੰਘ ਟਿਵਾਣਾ, ਡਾ. ਰਾਜਦੀਪ ਸਿੰਘ, ਏ ਕਲਾਸ ਅਫਸਰ ਯੂਨੀਅਨ ਦੇ ਪ੍ਰਧਾਨ ਅਤੇ ਸਕੱਤਰ ਕ੍ਰਮਵਾਰ ਸ੍ਰੀ ਗੁਰਿੰਦਰ ਪਾਲ ਸਿੰਘ ਬੱਬੀ, ਜਰਨੈਲ ਸਿੰਘ, ਪੈਨਸਨਰਜ ਯੂਨੀਅਨ ਤੋਂ ਮਾਨ ਸਿੰਘ ਢੀਂਡਸਾ, ਡਾ. ਕੁਲਵਿੰਦਰ ਸਿੰਘ, ਬੀ ਅਤੇ ਸੀ ਕਲਾਸ ਯੂਨੀਅਨ ਤੋਂ ਧਰਮਿੰਦਰ ਪੰਨੂ ਅਤੇ ਵਿਦਿਆਰਥੀ ਯੂਨੀਅਨ ਐਸਐਫਆਈ ਗੁਰਮੀਤ ਸਿੰਘ ਰੁਮਾਣਾ , ਏਐਸਐਫਆਈ ਤੋਂ ਵਰਿੰਦਰ , ਪੀ ਐਸ ਯੂ (ਲਲਕਾਰ) ਤੋਂ ਗੁਰਪ੍ਰੀਤ , ਅਤੇ ਪੀ. ਐਸ. ਯੂ. ਤੋਂ ਅਮਨਦੀਪ ਸਿੰਘ ਅਤੇ ਅਮ੍ਰਿਤਪਾਲ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਆਗੂਆਂ ਨੇ ਵੀ ਸੰਬੋਧਿਤ ਕੀਤਾ।ਇਸ ਜਾਮ ਵਿੱਚ ਵਿਦਿਆਰਥੀਆਂ ਵੱਲੋਂ ਇਹਨਾਂ ਕਨੂੰਨਾਂ ਦੇ ਵਿਰੋਧ ਵਿੱਚ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕਰਨ ਵਾਲ਼ੇ ਨੁੱਕੜ ਨਾਟਕ ਵੀ ਖੇਡੇ ਗਏ।

Leave a Reply

Your email address will not be published. Required fields are marked *