ਪੰਜਾਬਪਟਿਆਲਾ

ਰਾਮ ਰਹੀਮ ਦੀ ਨਵੀਂ ਫਿਲਮ ‘ਐਮਐਸਜੀ ਦ ਵਰੀਅਰ’ ਨੂੰ ਸਿਨੇਮਾ ਘਰਾਂ ‘ਚ ਹਟਾਇਆ ਜਾਵੇ : ਪੰਜਾਬ ਸਿੱਖ ਕੌਂਸਲ

ਗੁਰਦੁਆਰਾ ਵੱਡੀ ਨਵੀਨ ਸਿੰਘ ਸਭਾ ਪ੍ਰਬੰਧਕਾਂ ਨੇ ਕੌਂਸਲ ਨੂੰ ਮੀਟਿੰਗ ਕਰਨ ਤੋਂ ਕੀਤੀ ਨਾਂਹ
ਪ੍ਰਬੰਧਕਾਂ ਦੇ ਅਜਿਹੇ ਘਿਨਾਉਣੇ ਕਦਮ ਦੀ ਜ਼ੋਰਦਾਰ ਨਿੰਦਾ
ਪਟਿਆਲਾ : 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਮੋਹਨ ਸਿੰਘ ਕਰਤਾਰਪੁਰ ਵੱਲੋਂ ਗੁਰਦੁਆਰਾ ਵੱਡੀ ਨਵੀਨ ਸਿੰਘ ਸਭਾ ਵਿਖੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਗਈ। ਮੀਟਿੰਗ ਵਿਚ ਸਾਂਝੇ ਤੌਰ ‘ਤੇ ਮਤਾ ਪਾ ਕੇ ਸਰਬਸੰਮਤੀ ਨਾਲ ਫੈਸਲਾ ਸੁਣਾਇਆ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਨਵੀਂ ਫਿਲਮ ‘ਐਮਐਸਜੀ ਦ ਵਰੀਅਰ’ ਨੂੰ ਪੰਜਾਬ ਭਰ ਦੇ ਸਿਨੇਮਾ ਘਰਾਂ ਵਿਚੋਂ ਹਟਾਇਆ ਜਾਵੇ।

ਮੀਟਿੰਗ ਤੋਂ ਪਹਿਲਾਂ ਹੀ ਗੁਰਦੁਆਰਾ ਮੈਨੇਜਮੈਂਟ ਨੂੰ ਜਦੋਂ ਪਤਾ ਲੱਗਿਆ ਕਿ ਰਾਮ ਰਹੀਮ ਖਿਲਾਫ਼ ਪੰਜਾਬ ਸਿੱਖ ਕੌਂਸਲ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਤਾਂ ਗੁਰਦੁਆਰੇ ਟਰੱਸਟ ਨੇ ਮੌਕੇ ‘ਤੇ ਹੀ ਜਵਾਬ ਦਿੱਤਾ ਕਿ ਇਹ ਪ੍ਰੈਸ ਮੀਟਿੰਗ ਨਾ ਕੀਤੀ ਜਾਵੇ ਹਾਲਾਂਕਿ ਅਜਿਹੀਆਂ ਨਾ-ਨੁਕਰ ਕਰਨ ਕਰਕੇ ਟਰੱਸਟ ਪਹਿਲਾਂ ਵੀ ਵਿਵਾਦਾਂ ‘ਚ ਰਿਹਾ ਹੈ। ਇਸ ਉਪਰੰਤ ਪੰਜਾਬ ਸਿੱਖ ਕੌਂਸਲ ਦੇ ਸਮੁੱਚੀ ਟੀਮ ਨੇ ਗੁਰਦੁਆਰਾ ਵੱਡੀ ਨਵੀਨ ਸਿੰਘ ਸਭਾ ਦੇ ਬਾਹਰ ਖੜ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਟਰੱਸਟ ਦੇ ਅਜਿਹੇ ਘਿਨਾਉਣੇ ਕਦਮ ਦੀ ਜ਼ੋਰਦਾਰ ਨਿੰਦਾ ਵੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਨਵੀਂ ਫਿਲਮ ਜੋ ਪੰਜਾਬ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ, ਨੂੰ ਫੌਰੀ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅਮਨ, ਸ਼ਾਂਤੀ ਪਸੰਦ ਸੂਬਾ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਫਿਲਮਾਂ ‘ਤੇ ਰੋਕ ਲੱਗਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਈ ਫੁਰਮਾਨ ਜਾਰੀ ਹੋਏ ਹਨ, ਜਿਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਸਾਧ ਫਿਲਮਾਂ ਰਾਹੀਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਪਹਿਲਾਂ ਵੀ ਕਈ ਤਰ੍ਹਾਂ ਦੇ ਅਖੌਤੀ ਪਹਿਰਾਵੇ ਪਾ ਕੇ ਵਿਵਾਦਤ ਮਾਹੌਲ ਬਣਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਚੁੱਕਾ ਹੈ, ਜਿਸ ਨਾਲ ਕਈ ਸਿੱਖ ਨੌਜਵਾਨਾਂ ਦੀਆਂ ਜਾਨਾਂ ਵੀ ਅਜਾਈ ਗਈਆਂ ਹਨ।
ਉਨ੍ਹਾਂ ਕਿਹਾ ਕਿ ਰਾਮ ਰਹੀਮ ਦੀਆਂ ਅਜਿਹੀਆਂ ਸਮਾਜ ਵਿਰੋਧੀ ਫਿਲਮਾਂ ਖਿਲਾਫ਼ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਅਤੇ ਅਜਿਹੀਆਂ ਫਿਲਮਾਂ ਨੂੰ ਪੰਜਾਬ ਦੇ ਸਿਨੇਮਾ ਘਰਾਂ ਵਿਚੋਂ ਫੌਰੀ ਹਟਾਇਆ ਜਾਣਾ ਚਾਹੀਦਾ ਹੈ।
ਫਿਲਮ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਸਾਰਿਆਂ ਨੇ ਰਾਮ ਰਹੀਮ ਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜੇ ਸਰਕਾਰ ਨੇ ਪੰਜਾਬ ਸਿੱਖ ਕੌਂਸਲ ਦੀ ਇਸ ਮੰਗ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਮ ਹਟਾਉਣ ਦੀ ਮੰਗ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਪ੍ਰਵਾਨ ਨਹੀਂ ਕਰਾਂਗੇ।
ਕਰਤਾਰਪੁਰ ਨੇ ਕਿਹਾ ਕਿ ਸਰਸੇ ਵਾਲੇ ਬਾਬੇ ਦੀ ਫਿਲਮ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਨੀਵਾਂ ਦਿਖਾਖੁਣ ਦੀਆਂ ਸਾਜਸਾਂ ਹਨ।ਜਿਸ ਵਿਚ ਪੰਜਾਬ ਸਰਕਾਰ ਦਾ ਵਿਸੇਸ ਹੱਥ ਹੈ।ਜੇਕਰ ਇਸ ਫਿਲਮ ਤੇ ਪੰਜਾਬ ਵਿਚ ਬੈਨ ਨਾ ਲਗਾਇਆ ਗਿਆ ਤਾਂ ਪੰਜਾਬ ਸਿੱਖ ਕੋਂਸਲ ਨਾਨਕ ਨਾਮ ਸਿੱਖ ਜਥੇਬੰਦੀਆਂ ਨੂੰ ਨਾਲ ਲੇ ਕੇ ਸ੍ਰੀ ਅਕਾਲ ਸਾਹਿਬ ਤੇ ਬੈਠ ਕੇ ਪੁਰੇ ਸੰਸਾਰ ਨੂੰ ਜਾਗਰੂਕ ਕਰਾਂਗੇ ਤੇ ਅਖੋਤੀ ਸਾਧ ਅਤੇ ਪੰਜਾਬ ਸਰਕਾਰ ਖਿਲਾਫ ਸ੍ਰੰਘਰਸ਼ ਵਿਢੇਗਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਮਵੀਂ ਸੱਪਾਂ, ਬਾਬਾ ਅਮਰੀਕ ਸਿੰਘ, ਜਗੀਰ ਸਿੰਘ ਫਤਹਿਪੁਰ, ਕੁਲਵੰਤ ਸਿੰਘ ਸੈਫਦੀਪੁਰ, ਲਖਵਿੰਦਰ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *