ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾਂ ਨਿਜੀ ਮੁਫਾਦਾਂ ਲਈ ਵਰਤਿਆ : ਗੁਰਤੇਜ ਢਿੱਲੋਂ

ਯੂਥ ਅਕਾਲੀ ਦਲ ਵਲੋਂ ਹਰਜੀਤ ਗਰੇਵਾਲ ਦੇ ਦਫਤਰ ਦੀ ਭੰਨਤੋੜ ਕਰਨ ਦੀ ਗੁਰਤੇਜ ਢਿੱਲੋਂ ਵਲੋਂ ਸਖ਼ਤ ਨਿਖੇਧੀ
ਬੰਟੀ ਰੁਮਾਣਾ ਨੂੰ ਗੁੰਡਾਗਰਦੀ ਛੱਡਣ ਤੇ ਸਿਰਫ਼ ਸਿਆਸੀ ਭਾਸ਼ਾ ‘ਸਿੱਖਣ’ ਦੀ ਸਲਾਹ
ਪਟਿਆਲਾ, 20 ਨਵੰਬਰ (ਮਧੂਸਾਰ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਬੀਤੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵਿਰੁੱਧ ਯੂਥ ਅਕਾਲੀ ਦਲ ਦੇ ਪ੍ਰਧਾਨ ਵਲੋਂ ਲਗਾਏ ਧਰਨੇ ਦੌਰਾਨ ਭਾਜਪਾ ਆਗੂ ਦੇ ਦਫਤਰ ਦੀ ਭੰਨਤੋੜ ਦੀ ਕਾਰਵਾਈ ਦੀ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ ਹੈ।

ਗੁਰਤੇਜ ਢਿੱਲੋਂ ਨੇ ਆਖਿਆ ਕਿ ਕਿਸੇ ਨੂੰ ਕਿਸੇ ਵਿਰੁੱਧ ਵੀ ਰੋਸ ਪ੍ਰਗਟ ਕਰਨ ਦਾ ਪੂਰਾ ਹੱਕ ਹੈ, ਪਰ ਭੀੜ ਵਲੋਂ ਭੰਨਤੋੜ ਕਰਨਾ ਗੈਰਕਾਨੂੰਨੀ ਕਾਰਵਾਈ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਨਿਜੀ ਮੁਫ਼ਾਦਾਂ ਲਈ ਵਰਤਿਆ ਹੈ ਅਤੇ ਇਸਦੀਆਂ ਅਨੇਕਾਂ ਮਿਸਾਲਾਂ ਹਨ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਢਾਹ ਕਿਸੇ ਹੋਰ ਪਾਰਟੀ ਨੇ ਨਹੀਂ ਬਲਕਿ ਖੁਦ ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਹੈ।
ਢਿੱਲੋਂ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰਨ ਤੌਰ ‘ਤੇ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਅੱਗੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਸਿੱਖ ਕੌਮ ਨੂੰ ਸੇਧ ਦੇਣ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰਨਾ ਸੰਸਥਾ ਦਾ ਕੰਮ ਹੈ, ਪਰ ਕਿਸੇ ਵੀ ਸਿਆਸੀ ਪਾਰਟੀ ਦੀ ਰਹਿਨੁਮਾਈ, ਅਗਵਾਈ ਜਾਂ ਪੱਖ ਪੂਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਹੀਂ। ਇਸ ਲਈ ਕੇਂਦਰ ਸਰਕਾਰ ਨੂੰ ਈਵੀਐਮ ਵਿਚੋਂ ਨਿਕਲੀ ਸਰਕਾਰ ਆਖ਼ਣਾ ਮੰਦਭਾਗਾ ਹੈ।
ਉਨ੍ਹਾਂ ਆਖਿਆ ਕਿ ਈਵੀਐਮ ਵਿਚੋਂ ਸਿਰਫ਼ ਭਾਜਪਾ ਦੀ ਕੇਂਦਰ ਸਰਕਾਰ ਹੀ ਨਹੀਂ ਬਲਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵੀ ਈਵੀਐਮ ਰਾਹੀਂ ਹੀ ਬਣੀਆਂ ਹਨ, ਇਸ ਲਈ ਜਥੇਦਾਰ ਸਾਹਿਬ ਵਲੋਂ ਇਹ ਆਖਣਾ ਕਿ ਈਵੀਐਮ ਵਿਚੋਂ ਸਿਰਫ਼ ਭਾਜਪਾ ਸਰਕਾਰਾਂ ਹੀ ਨਿਕਲਦੀਆਂ ਹਨ, ਦੁਖਦਾਈ ਬਿਆਨ ਹੈ।
ਸ. ਢਿੱਲੋਂ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੁਮਾਣਾ ਨੂੰ ਸਲਾਹ ਦਿੱਤੀ ਕਿ ਫੋਕੀ ਸ਼ੌਹਰਤ ਬਟੋਰਨ ਦੀ ਥਾਂ ਉਹ ਪਾਰਟੀ ਦੀ ਢਹਿ ਢੇਰੀ ਹੋ ਚੁੱਕੀ ਸਾਖ ਨੂੰ ਬਚਾਉਣ ਦਾ ਯਤਨ ਕਰਨ ਤਾਂ ਜ਼ਿਆਦਾ ਚੰਗਾ ਹੋਵੇਗਾ। ਉਨ੍ਹਾਂ ਆਖਿਆ ਕਿ ਜੇਕਰ ਉਹ ਸਿਆਸਤ ‘ਚ ਆਏ ਹਨ ਤਾਂ ਸਿਆਸੀ ਭਾਸ਼ਾ ਸਿੱਖਣ ਅਤੇ ਉਪਯੋਗ ਕਰਨ, ਇਕ ਸੀਨੀਅਰ ਆਗੂ ਦਾ ਮੂੰਹ ਕਾਲਾ ਕਰਨ ਦੀ ਗੱਲ ਆਖ ਕੇ ਉਨ੍ਹਾਂ ਆਪਣੀ ਕਾਬਲੀਅਤ ਦਾ ਪੁਲੰਦਾਂ ਸਾਰਿਆਂ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਇਕ ਯੂਥ ਆਗੂ ਹਨ ਅਤੇ ਜੇਕਰ ਯੂਥ ਆਗੂ ਅਜਿਹੀ ਸ਼ਬਦਾਵਲੀ ਅਤੇ ਭੰਨਤੋੜ ਜਿਹੀਆਂ ਕਾਰਵਾਈਆਂ ਕਰਨ ਤਾਂ ਨੌਜਵਾਨ ਪੀੜ੍ਹੀ ਉਤੇ ਕੀ ਅਸਰ ਪਵੇਗਾ? ਅਖ਼ੀਰ ਵਿਚ ਉਨ੍ਹਾਂ ਆਖਿਆ ਕਿ ਬੰਟੀ ਰੁਮਾਣਾ ਤੇ ਉਸਦੇ ਸਾਥੀਆਂ ਵਲੋਂ ਰਾਜਪੁਰਾ ਵਿਖੇ ਸ੍ਰੀ ਗਰੇਵਾਲ ਦੇ ਦਫਤਰ ਦੀ ਭੰਨਤੋੜ ਕਰਨ ਅਤੇ ਲੱਗੇ ਬੋਰਡਾਂ ‘ਤੇ ਕਾਲਖ ਪੋਚਣ ਵਿਰੁਧ ਬਣਦੀ ਕਾਰਵਾਈ ਲਈ ਐਸਐਸਪੀ ਪਟਿਆਲਾ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ ਤਾਂਕਿ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ।

Leave a Reply

Your email address will not be published. Required fields are marked *