ਪੰਜਾਬਪਟਿਆਲਾ

ਮਾਲਵੇ ਦੇ ਐਜੂਕੇਸ਼ਨ ਹੱਬ ਵਜੋਂ ਜਾਣੀ ਜਾਂਦੀ ਪੰਜਾਬੀ ਯੂਨੀਵਰਸਿਟੀ ਦਾ ਵਜੂਦ ਖਤਰੇ ‘ਚ !

ਪੰਜਾਬੀ ਯੂਨੀਵਰਸਿਟੀ ਦਾ ਆਰਥਿਕ ਸੰਕਟ ਹੱਲ ਕਰੇ ਸਰਕਾਰ: ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ, 20 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿੱਤ ਦਿਨ ਵਿਗੜਦੇ ਜਾ ਰਹੇ ਹਾਲਾਤਾਂ ‘ਤੇ ਵਿਚਾਰ ਚਰਚਾ ਕਰਨ ਲਈ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਵਲੋਂ ਫੈਡਰੇਸ਼ਨ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਇਕ ਅਚਨਚੇਤ ਮੀਟਿੰਗ ਸੱਦੀ ਗਈ।


ਇਸ ਮੌਕੇ ਆਪਣੇ ਸੰਬੋਧਨ ਵਿੱਚ ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਲਵਾ ਖੇਤਰ ਦੇ ਐਜੂਕੇਸ਼ਨ ਹੱਬ ਵਜੋਂ ਜਾਣੇ ਜਾਂਦੇ ਇਸ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਦਿਅਕ ਅਦਾਰੇ ਵਲੋਂ ਮੂੰਹ ਫੇਰਨ ਨਾਲ ਜਿੱਥੇ ਖੋਜ ਕਾਰਜ ਬਹੁਤ ਪ੍ਰਭਾਵਿਤ ਹੋਏ ਹਨ ਉਥੇ ਹੀ 4 ਹਜਾਰ ਤੋਂ ਵੱਧ ਕਰਮਚਾਰੀਆਂ ਨੂੰ ਹਰ ਮਹੀਨੇ ਮਿਲਣ ਵਾਲੀਆਂ ਤਨਖਾਹਾਂ ਤੱਕ ਦੇ ਲਾਲੇ ਪੈ ਗਏ ਹਨ।ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਦਾ ਅਸਤੀਫਾ ਮਨਜੂਰ ਕਰਨ ਦੀ ਜਗਾ ਯੂਨੀਵਰਸਿਟੀ ਨੂੰ ਘੱਟੋ ਘੱਟ 300 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦੇ ਕੇ ਆਰਥਿਕ ਸੰਕਟ ਵਿਚੋਂ ਬਾਹਰ ਕੱਢਿਆ ਜਾਵੇ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਬਣੀ ਪੰਜਾਬੀ ਯੂਨੀਵਰਸਿਟੀ ਨੂੰ ਜੇਕਰ ਸਰਕਾਰ ਨੇ ਵਿੱਤੀ ਰਾਹਤ ਦੇ ਕੇ ਨਾ ਬਚਾਇਆ ਤਾਂ ਪੰਜਾਬੀ ਭਾਸ਼ਾ ਸਾਹਿਤ ‘ਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ‘ਚ ਬਹੁਤ ਵੱਡੀ ਖੜੋਤ ਆਵੇਗੀ ਜੋ ਪੰਜਾਬੀਅਤ ਲਈ ਖ਼ਤਰਾ ਹੈ। ਉਨਾਂ ਕਿਹਾ ਕਿ ਮਾਲਵਾ ਖੇਤਰ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਪੰਜਾਬੀ ਯੂਨੀਵਰਸਿਟੀ ਕਿਸੇ ਵਰਦਾਨ ਤੋਂ ਘੱਟ ਨਹੀਂ। ਅਜਿਹੇ ਵਿੱਚ ਜੇਕਰ ਪੰਜਾਬੀ ਯੂਨੀਵਰਸਿਟੀ ਦਾ ਵਜੂਦ ਖਤਰੇ ਵਿੱਚ ਪੈਂਦਾ ਹੈ ਤਾਂ ਹਜਾਰਾਂ ਲੱਖਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਤਬਾਹ ਹੋ ਜਾਵੇਗਾ ਕਿਉਂਕਿ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਤੋਂ ਮਹਿੰਗੇ ਭਾਅ ਦੀ ਸਿੱਖਿਆ ਹਾਸਿਲ ਨਹੀਂ ਕਰ ਪਾਉਣਗੇ।ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਡਾ. ਓਂਕਾਰ ਸਿੰਘ, ਡਾ. ਗਿਆਨ ਸਿੰਘ, ਡਾ. ਹਰਪ੍ਰੀਤ ਸਿੰਘ, ਸੁਪਰਡੈਂਟ ਦੇਵਕੀ ਦੇਵੀ,ਸ. ਬਲਬੀਰ ਸਿੰਘ, ਗੁਰਮੀਤ ਬਡਲਾਨ, ਰਾਕੇਸ਼ ਕੁਮਾਰ, ਪਵਿੱਤਰ ਸਿੰਘ, ਹਰਨੇਕ ਸਿੰਘ, ਦਰਸ਼ਨ ਸਿੰਘ, ਸੁਨੀਲ ਕੁਮਾਰ, ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *