ਕਿਸਾਨ ਸੰਘਰਸ਼ ਨੇ ਕੇਂਦਰ ਸਰਕਾਰ ਦੀ ਕਢਵਾਈ ‘ਚੀਕ’
ਨਵੀਂ ਦਿੱਲੀ 5 ਦਸੰਬਰ (ਮਧੂਸਾਰ ਬਿਊਰੋ) ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ‘ਤੇ ਅੜੇ ਕਿਸਾਨ ਜਥੇਬੰਦੀਆਂ ਦੀ ਅੱਜ ਕੇਂਦਰ ਸਰਕਾਰ ਵਿਚਾਲੇ ਹੋਈ ਗੱਲਬਾਤ ਭਾਵੇਂ ਬੇਸਿੱਟਾ ਰਹੀ, ਪਰ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ‘ਤੇ ਡਟੇ ਕਿਸਾਨ ਦਾ ਜੋਸ਼ ਜਿਉਂ ਦਾ ਤਿਉਂ ਬਰਕਰਾਰ ਵਿਖਾਈ ਦੇ ਰਿਹਾ ਹੈ। ਕਿਸਾਨ ਸੰਘਰਸ਼ ਨੂੰ ਨੌਜਵਾਨਾਂ, ਗਾਇਕਾਂ, ਖਿਡਾਰੀਆਂ, ਬੁੱਧਜੀਵੀਆਂ ਤੋਂ ਇਲਾਵਾ ਵੱਖ-ਵੱਖ ਵਰਗਾਂ ਤੋਂ ਸਮਰਥਨ ਮਿਲ ਰਿਹਾ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸਾਨ ਸੰਘਰਸ਼ ਨੇ ਕੇਂਦਰ ਸਰਕਾਰ ਦੀ ਚੀਕ ਤੱਕ ਕਢਵਾ ਦਿੱਤੀ ਹੈ। ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦਰਮਿਆਨ ਪੰਜਵੇਂ ਗੇੜ ਦੀ ਮੀਟਿੰਗ ਦੌਰਾਨ ਵੀ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਲੇ ਕਾਨੂੰਨਾਂ ਰੱਦ ਕੀਤੇ ਬਿਨਾਂ ਉਨ੍ਹਾਂ ਨੂੰ ਸਰਕਾਰ ਦੀ ਕੋਈ ਗੱਲ ਪ੍ਰਵਾਨ ਨਹੀਂ ਹੈ।
ਕਿਸਾਨ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਯਾਨੀ ਕਿ ਸ਼ਨੀਵਾਰ ਨੂੰ 5ਵੇਂ ਦੌਰ ਦੀ ਬੈਠਕ ਵੀ ਬੇਸਿੱਟਾ ਰਹੀ। ਕਰੀਬ 4 ਘੰਟੇ ਚੱਲਣ ਤੋਂ ਬਾਅਦ ਬੈਠਕ ਖਤਮ ਹੋ ਗਈ ਹੈ ਅਤੇ ਇਸ ਬੈਠਕ ‘ਚ ਵੀ ਸਰਕਾਰ ਵਲੋਂ ਕਿਸਾਨਾਂ ਨਾਲ ਇਕ ਹੋਰ ਬੈਠਕ ਸੱਦੀ ਗਈ ਹੈ, ਜੋ ਕਿ 9 ਦਸੰਬਰ ਨੂੰ ਹੋਵੇਗੀ। ਸਰਕਾਰ ਤੇ ਕਿਸਾਨਾਂ ਵਿਚਾਲੇ 9 ਦਸੰਬਰ ਨੂੰ ਹੋਣ ਵਾਲੀ ਅਗਲੀ ਬੈਠਕ ‘ਚ ਖੇਤੀ ਕਾਨੂੰਨਾਂ ‘ਤੇ ਸਪੱਸ਼ਟ ਫੈਸਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 5ਵੇਂ ਦੌਰ ਦੀ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦਾ ਹੈ ਨਾ ਕਿ ਕਿਸਾਨਾਂ ਨੂੰ ਪਰ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ।
ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ‘ਤੇ ਅੜੀਆਂ ਹੋਈਆਂ ਹਨ। ਉਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਉਹ ਕਾਨੂੰਨਾਂ ‘ਚ ਸੋਧ ਲਈ ਤਿਆਰ ਹੈ ਪਰ ਰੱਦ ਕਰਨਾ ਅਸੰਭਵ ਹੈ। ਹਾਲਾਂਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਅੜਿੱਕਾ ਬਰਕਰਾਰ ਹੈ ਅਤੇ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਾਉਣ ‘ਤੇ ਅੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ‘ਚ ਉਤਰੇ ਖਿਡਾਰੀ, ਐਵਾਰਡ ਵਾਪਸ ਕਰਨ ਲਈ ਦਿੱਲੀ ਹੋਏ ਰਵਾਨਾ
ਦੱਸਣਯੋਗ ਹੈ ਕਿ ਇਹ ਬੈਠਕ ਦਿੱਲੀ ਸਥਿਤ ਵਿਗਿਆਨ ਭਵਨ ‘ਚ ਕੀਤੀ ਗਈ, ਜਿਥੇ ਅੱਜ ਵੀ ਕਿਸਾਨਾਂ ਵਲੋਂ ਸਰਕਾਰੀ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਲਈ ਦੁਪਹਿਰ ਦਾ ਭੋਜਨ ਲੰਗਰ ਦੇ ਰੂਪ ‘ਚ ਅੱਜ ਵੀ ਗੁਰੂ ਘਰ ਤੋਂ ਆਇਆ।

