ਭਾਜਪਾ ਹੋਲਡਿੰਗਾਂ ਦੀ ਝੂਠੀ ਸਿਆਸੀ ਸ਼ੋਹਰਤ ਲਈ ਭੰਨਤੋੜ ਕਰਨਾ ਗਲਤ : ਪ੍ਰੋ. ਸਵਰਾਜ ਘੁੰਮਣ
ਅਕਾਲੀ ਦਲ ਭੰਨਤੋੜ ਦੀ ਬਜਾਏ ਪੀੜ੍ਹੀ ਹੇਠ ਸੋਟਾ ਜ਼ਰੂਰ ਫੇਰ ਲਵੇ
ਪਟਿਆਲਾ 11 ਦਸੰਬਰ (ਮਧੂਸਾਰ ਬਿਊਰੋ) ਜ਼ਿਲ੍ਹਾ ਭਾਜਪਾ ਸਪੋਕਸਮੈਨ ਪ੍ਰੋ. ਸਵਰਾਜ ਘੁੰਮਣ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਭਾਜਪਾ ਆਗੂਆਂ ਦੇ ਲੱਗੇ ਹੋਲਡਿੰਗਾਂ ਦੀ ਭੰਨਤੋੜ ਕਰਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਪੁਲਿਸ ਪ੍ਰਸ਼ਾਸਨ ਕੋਲੋਂ ਅਜਿਹਾ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੋ. ਸਵਰਾਜ ਘੁੰਮਣ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਅਨਸਰਾਂ ਵੱਲੋਂ ਭਾਜਪਾ ਹੋਲਡਿੰਗਾਂ ਦੀ ਭੰਨਤੋੜ ਕਰਨਾ ਜਾਇਜ਼ ਨਹੀਂ ਜਦਕਿ ਅਜਿਹੀ ਮਾੜੀ ਕਵਾਇਦ ਸਿਰਫ ਤੇ ਸਿਰਫ ਸੁਰਖੀਆਂ ਬਟੋਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਆਪਣੀ ਪੀੜੀ ਹੇਠ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ ਹੈ, ਜੋ ਝੂਠੀ ਸਿਆਸੀ ਸ਼ੋਹਰਤ ਲਈ ਕਰ ਰਹੇ ਹਨ।
ਪ੍ਰੋ. ਸਵਰਾਜ ਘੁੰਮਣ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਭਾਜਪਾ ਆਗੂਆਂ ਦੇ ਹੋਲਡਿੰਗਾਂ ਦੀ ਭੰਨਤੋੜ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਝੂਠਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਕਿਸਾਨ ਹਿਤੈਸ਼ੀ ਹੁੰਦਾ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਪਹਿਲਾਂ ਕੇਂਦਰੀ ਕੈਬਨਿਟ ‘ਚ ਕਿਸਾਨਾਂ ਪ੍ਰਤੀ ਆਵਾਜ਼ ਚੁੱਕਦੇ ਹੋਏ ਖੇਤੀ ਕਾਨੂੰਨਾਂ ਦਾ ਵਿਰੋਧ ਜਿਤਾਉਣਾ ਚਾਹੀਦਾ ਸੀ। ਪ੍ਰੋ. ਸਵਰਾਜ ਘੁੰਮਣ ਨੇ ਕਿਹਾ ਕਿ ਖੇਤੀ ਕਾਨੂੰਨਾਂ ਲਾਗੂ ਹੋਣ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਸੋਸ਼ਲ ਮੀਡੀਆ ‘ਤੇ ਖੇਤੀ ਕਾਨੂੰਨ ਲਾਗੂ ਕਰਨ ਦੀ ਹਾਮੀ ਭਰਦੀਆਂ ਵੀਡੀਜ਼ ਅਤੇ ਵੱਖ ਵੱਖ ਥਾਵਾਂ ‘ਤੇ ਪ੍ਰਕਾਸ਼ਤ ਹੋਈ ਖ਼ਬਰਾਂ ਗਵਾਹੀ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ‘ਚ ਕਿਸਾਨ ਹਿਤੈਸ਼ੀ ਹੋਣ ਦਾ ਸ਼੍ਰੋਮਣੀ ਅਕਾਲੀ ਦਲ ਚਿਹਰਾ ਬੇਪਰਦ ਹੋ ਚੁੱਕਿਆ ਇਸ ਕਰਕੇ ਅਕਾਲੀ ਦਲ ਦੇ ਆਗੂਆਂ ਅਤੇ ਕਾਂਗਰਸੀ ਕਾਰਕੁੰਨਾਂ ਨੂੰ ਭਾਜਪਾ ਆਗੂਆਂ ਦੇ ਹੋਲਡਿੰਗਾਂ ਦੀ ਭੰਨਤੋੜ ਕਰਨ ਦੀ ਡਰਾਮੇਬਾਜ਼ੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਆਪਸੀ ਮਿਲੀਭੁਗਤ ਨਾਲ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪ੍ਰੋ. ਸਵਰਾਜ ਘੁੰਮਣ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਜਪਾ ਆਗੂਆਂ ਦੇ ਹੋਲਡਿੰਗ ਦੀ ਭੰਨਤੋੜ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਹੋਵੇ।

