ਪਟਿਆਲਾ

ਸਤਲੁਜ ਦਰਿਆ ਦੇ ਬਦਲਦੇ ਵਹਿਣ” ਵਿਸ਼ੇ ਉੱਤੇ ਫਿ਼ਲਮਕਾਰ ਜਤਿੰਦਰ ਮੋਹਰ ਨੇ ਦਿੱਤਾ ਭਾਸ਼ਣ

ਪਟਿਆਲਾ (ਮਧੂਸਾਰ ਬਿਊਰੋ) ਦਰਿਆਵਾਂ ਦੇ ਕੰਢੇ ਸੱਭਿਆਤਾਵਾਂ ਵਿਗਸਦੀਆਂ ਹਨ’, ਇਹ ਧਾਰਨਾ ਤਾਂ ਪੱਕੇ ਪੈਰੀਂ ਹੋ ਚੁੱਕੀ ਹੈ ਪਰ ਜੇ ਵੱਖ-ਵੱਖ ਵਿਸ਼ਾ ਮਾਹਿਰ ਕਿਸੇ ਇੱਕ ਦਰਿਆ ਦੇ ਵਹਿਣ ਬਾਬਤ ਅਧਿਐਨ ਕਰਨ ਤਾਂ ਇਹ ਵੱਖ-ਵੱਖ ਪੱਖਾਂ ਤੋਂ ਸਮਝ ਦਾ ਜ਼ਰੀਆ ਬਣਦੇ ਹਨ। ਜਦੋਂ ਜਤਿੰਦਰ ਮੋਹਰ ਨੇ ‘ਸਤਲੁਜ ਦੇ ਬਦਲਦੇ ਵਹਿਣ’ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਤਾਂ ਸਮਾਜ ਸ਼ਾਸਤਰ, ਇਤਿਹਾਸ ਅਤੇ ਵਿਗਿਆਨ ਦੇ ਪੱਖਾਂ ਤੋਂ ਹੋਈਆਂ ਟਿੱਪਣੀਆਂ ਨੇ ਸਤਲੁਜ ਦੇ ਵਹਿਣ ਦੀ ਅਹਿਮੀਅਤ ਨੂੰ ਹੋਰ ਉਘਾੜ ਦਿੱਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ ਕੌਮਾਂਤਰੀ ਵਾਤਾਵਰਣ ਦਿਹਾੜੇ ਦੇ ਸੰਬੰਧ ਵਿੱਚ ਕਰਵਾਏ ਦੋ ਰੋਜ਼ਾ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਪੰਜਾਬੀ ਯੂਨੀਵਰਸਿਟੀ ਪੁੱਜੇ ਜਤਿੰਦਰ ਮੋਹਰ ਨੇ ਰੋਪੜ ਤੋਂ ਮਿੱਠਨਕੋਟ ਤੱਕ ਮਾਲਵੇ ਦੇ ਪਾਸੇ ਦੀ ਤਫ਼ਸੀਲ ਪੇਸ਼ ਕੀਤੀ। ਉਨ੍ਹਾਂ ਦੀ ਗੱਲਬਾਤ ਵਿੱਚ ਸਤਲੁਜ ਦੇ ਸ਼ੁਤਰਾਣੇ ਤੋਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਬਦਲੇ ਵਹਿਣਾਂ ਦਾ ਜਿ਼ਕਰ ਕੀਤਾ ਗਿਆ। ਉਨ੍ਹਾਂ ਨੇ ਸਤਲੁਜ ਦੀਆਂ ਧਾਰਾਵਾਂ ਦੇ ਫਟਣ ਅਤੇ ਜੁੜਨ ਦੀਆਂ ਕਹਾਣੀਆਂ ਇਤਿਹਾਸਿਕ, ਸਾਹਿਤਿਕ ਅਤੇ ਵਿਗਿਆਨਕ ਸਰੋਤਾਂ ਦੇ ਹਵਾਲੇ ਨਾਲ ਸੁਣਾਈਆਂ।

ਉਨ੍ਹਾਂ ਕਿਹਾ ਕਿ ਲੋਕਧਾਰਾ ਆਖਦੀ ਹੈ ਕਿ ਦਰਿਆ ਆਪਣਾ ਵਹਿਣ ਬਦਲਦੇ ਰਹਿੰਦੇ ਹਨ। ਦਰਿਆ ਸਤਲੁਜ ਦੇ ਵਹਿਣਾਂ ਬਾਰੇ ਵੀ ਪੁਰਾਤਨ ਗ੍ਰੰਥਾਂ, ਇਤਿਹਾਸਿਕ ਦਸਤਾਵੇਜ਼ਾਂ ਜਾਂ ਸੀਨਾ-ਬ-ਸੀਨਾ ਚਲਦੀ ਆ ਰਹੀ ਲੋਕਧਾਰਾ ਦੇ ਹਵਾਲੇ ਦਸਦੇ ਹਨ ਕਿ ਸਦੀਆਂ ਪਹਿਲਾਂ ਇਹ ਇੱਥੇ ਨਹੀਂ ਵਗਦਾ ਸੀ ਜਿੱਥੇ ਹੁਣ ਵਗਦਾ ਹੈ। ਆਈ.ਆਈ.ਟੀ. ਕਾਨ੍ਹਪੁਰ ਸਮੇਤ ਸੰਸਾਰ ਦੇ ਤਿੰਨ ਵੱਡੇ ਵਿੱਦਿਅਕ ਅਦਾਰਿਆਂ ਦੀ ਖੋਜ ਦੌਰਾਨ ਵੀ ਹੁਣ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਪੰਜਾਬ ਦੀਆਂ ਬਹੁਤੀਆਂ ਉਹ ਥਾਵਾਂ ਜੋ ਹੁਣ ਸਤਲੁਜ ਦੇ ਨੇੜੇ ਤੇੜੇ ਵੀ ਨਹੀਂ ਹਨ, ਉੱਥੋਂ ਦੀ ਮਿੱਟੀ ਵਿੱਚੋਂ ਸਤਲੁਜ ਦੇ ਪਾਣੀ ਦੇ ਕਣ ਮੌਜੂਦ ਹਨ। ਇਹ ਸਿੱਧ ਕਰਦਾ ਹੈ ਕਿ ਸਦੀਆਂ ਪਹਿਲਾਂ ਸਤਲੁਜ ਇਸ ਰਸਤਿਓਂ ਵਗਦਾ ਸੀ। ਪੰਜਾਬ ਦੀ ਧਰਤੀ ਦੇ ਹਿੱਸੇ ਆਈ ਜਰਖੇਜ਼ਤਾ ਵਿੱਚ ਵੀ ਦਰਿਆਵਾਂ ਦਾ ਬਦਲਦਾ ਵਹਿਣ ਰੁਖ ਜਿ਼ੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹਾਲੇ ਹੋਰ ਬਹੁਤ ਸਾਰੀ ਖੋਜ ਦੀ ਲੋੜ ਹੈ। ਇੱਕ ਸਵਾਲ ਦੇ ਜਵਾਬ ਵਿੱਚ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕੋਲ਼ ਪਾਣੀਆਂ ਦੀ ਨਹੀਂ ਬਲਕਿ ਪਾਣੀਆਂ ਦੇ ਸੁਚਾਰੂ ਪ੍ਰਬੰਧਨ ਦੀ ਕਮੀ ਹੈ। ਸਾਡੇ ਕੋਲ਼ ਮੀਂਹ ਦੇ ਪਾਣੀ ਨੂੰ ਸਾਂਭਣ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਇਤਿਹਾਸ ਇਸ ਦੇ ਦਰਿਆਵਾਂ ਦੇ ਵਹਿਣ ਦੇ ਹਵਾਲੇ ਨਾਲ ਵੀ ਲਿਖਿਆ ਜਾਣਾ ਚਾਹੀਦਾ ਹੈ।

ਇਸੇ ਗੱਲ ਦੀ ਨਿਰੰਤਰਤਾ ਵਿੱਚ ਬੋਲਦਿਆਂ ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਸਪਸ਼ਟ ਕੀਤਾ ਕਿ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਸਾਡੀ ਖੋਜ ਕਿਹੜੀ ਪਛਾਣ ਨਾਲ ਜੁੜ ਕੇ ਹੁੰਦੀ ਹੈ। ਅਸੀਂ ਦਰਿਆ ਨਾਲ ਜੁੜ ਕੇ ਮਨੁੱਖੀ ਪਛਾਣ ਦੇ ਹਵਾਲੇ ਨਾਲ ਖੋਜ ਕਰਦੇ ਹਾਂ ਜਾਂ ਕਿਸੇ ਮੁਲਕ, ਸੂਬੇ ਜਾਂ ਕਿਸੇ ਹੋਰ ਪਛਾਣ ਦੇ ਹਵਾਲੇ ਨਾਲ ਦਰਿਆ ਦਾ ਇਤਿਹਾਸ ਵੇਖਦੇ ਹਾਂ। ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਆਰੰਭ ਵਿੱਚ ਬੁਲਾਰੇ ਅਤੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦਲਜੀਤ ਅਮੀ ਨੇ ਕਿਹਾ ਕਿ ਸੱਭਿਆਤਾਵਾਂ ਦੇ ਪ੍ਰਫੁੱਲਿਤ ਹੋਣ ਵਿੱਚ ਦਰਿਆਵਾਂ ਦਾ ਕੇਂਦਰੀ ਸਥਾਨ ਰਿਹਾ ਹੈ। ਦਰਿਆ ਜਦੋਂ ਸੱਭਿਅਤਾ ਦਾ ਧੁਰਾ ਹਨ ਤਾਂ ਇਹ ਗਿਆਨ ਦਾ ਵੀ ਧੁਰਾ ਹਨ। ਹਰ ਵਿਸ਼ੇ ਦੇ ਗਿਆਨ ਵਿੱਚੋਂ ਦਰਿਆ ਗੁਜ਼ਰਦਾ ਹੈ ਜੋ ਇਤਿਹਾਸ, ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ ਅਤੇ ਵਿਗਿਆਨ ਦੇ ਤਕਰੀਬਨ ਹਰ ਵਿਸ਼ੇ ਉੱਤੇ ਅਸਰਅੰਦਾਜ਼ ਹੁੰਦਾ ਹੈ। ਇਸ ਭਾਸ਼ਣ ਉਪਰੰਤ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਦੀਪਕ ਕੁਮਾਰ ਵੱਲੋਂ ਇਸ ਵਿਸ਼ੇ ਉੱਪਰ ਸਮਾਜ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਗੱਲ ਕੀਤੀ ਗਈ। ‘ਪਾਣੀਆਂ ਦੀ ਸਾਂਝ’ ਦੇ ਮੁਹਾਵਰੇ ਨੂੰ ਅਧਾਰ ਬਣਾ ਕੇ ਉਨ੍ਹਾਂ ਵੱਲੋਂ ਸਮਾਜ ਦੇ ਵਿਗਾਸ ਵਿੱਚ ਇਸ ਵਿਸ਼ੇ ਦੀ ਸਾਰਥਿਕਤਾ ਬਾਰੇ ਗੱਲਬਾਤ ਕੀਤੀ ਗਈ।ਇਤਿਹਾਸ ਅਤੇ ਪੰਜਾਬ ਇਤਿਹਾਸ ਵਿਭਾਗ ਤੋਂ ਡਾ. ਕਰਮਜੀਤ ਕੌਰ ਵੱਲੋਂ ਇਸ ਵਿਸ਼ੇ ਬਾਰੇ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਗੱਲ ਕਰਦਿਆਂ ਸਤਲੁਜ ਦਰਿਆ ਦੀ ਸਾਂਝੇ ਪੰਜਾਬ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਅਹਿਮੀਅਤ ਬਾਰੇ ਗੱਲ ਕੀਤੀ ਗਈ।

‘ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ’ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਵੱਲੋਂ ਰਸਮੀ ਰੂਪ ਵਿੱਚ ਧੰਨਵਾਦੀ ਸ਼ਬਦ ਬੋਲੇ ਗਏ। ਪ੍ਰੋਗਰਾਮ ਦਾ ਸੰਚਾਲਨ ਡਾ. ਕਿਰਨ ਵੱਲੋਂ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਹ ਦੋ ਦਿਨਾ ਪ੍ਰੋਗਰਾਮ ਇੱਥੇ ਸਥਾਪਿਤ ‘ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ’,’ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ. ਸੀ.), ਪਟਿਆਲਾ’ ਅਤੇ ‘ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼’ ਵੱਲੋਂ ਕੌਮਾਂਤਰੀ ਵਾਤਾਵਰਣ ਦਿਹਾੜੇ ਮੌਕੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ (ਪੀ.ਐੱਸ.ਸੀ.ਐੱਸ.ਟੀ.) ਅਤੇ ਕੌਂਸੂਲੇਟ ਜਨਰਲ ਆਫ਼ ਕੈਨੇਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਦੂਜੇ ਦਿਨ ਚੌਗਿਰਦੇ ਪ੍ਰਤੀ ਜਾਗਰੂਕਤਾ ਦੇ ਹਵਾਲੇ ਨਾਲ ਜੋ ਫਿ਼ਲਮਾਂ ਪ੍ਰਦਰਸਿ਼ਤ ਕੀਤੀਆਂ ਗਈਆਂ ਉਨ੍ਹਾਂ ਵਿੱਚ ‘ਦ ਬੀ ਰੈਸਕਿਊਰ’, ‘ਬੈਂਬੂ ਬੈਲੇਡਜ਼’, ‘ਵੇਵ ਆਫ਼ ਟਰਾਂਸਫ਼ਰਮੇਸ਼ਨ’, ‘ਸੋਲਰ ਇਨਸੈਕਟ ਟਰੈਪ, ਕੈਰੀਬੈਸੱਪਾ-ਇੰਨੋਵੇਟਿਵ ਫ਼ਾਰਮਰ’, ‘ਬਲੂਮਿੰਗ ਟੂਗੈਦਰ, ‘ਸਿਕਸ ਵਿਮੈਨ’ਜ਼ ਸੌਲਿਡ ਵੇਸਟ ਮੈਨੇਜਮੈਂਟ’, ‘ਆ ਨੋਵਲ ਟੈਕਨੌਲਜੀ’ ਅਤੇ ‘ਝਰੀਆ’ ਸ਼ਾਮਿਲ ਸਨ। ਇਸ ਪ੍ਰੋਗਰਾਮ ਦੀ ਇਹ ਵੀ ਵਿਸ਼ੇਸ਼ਤਾ ਰਹੀ ਕਿ ਸੁਣਨ ਬੋਲਣ ਤੋਂ ਅਸਮਰੱਥ ਜੀਆਂ ਦੀਆਂ ਸੰਚਾਰ ਲੋੜਾਂ ਨੂੰ ਧਿਆਨ ਵਿੱਚ ਰਖਦੇ ਹੋਏ ਸਾਰੇ ਬੁਲਾਰਿਆਂ ਦੀਆਂ ਸਾਰੀਆਂ ਗੱਲਾਂ ਨੂੰ ਤੁਰੰਤ ਸੰਕੇਤ-ਭਾਸ਼ਾ ਵਿੱਚ ਤਬਦੀਲ ਕਰਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਸੰਬੰਧੀ ਸੰਕੇਤ-ਭਾਸ਼ਾ ਮਾਹਿਰ ਰਵਿੰਦਰ ਕੌਰ ਅਤੇ ਸੌਰਭ ਸਿੰਘ ਵੱਲੋਂ ਦੋਹੇਂ ਦਿਨਾ ਬਾਖ਼ੂਬੀ ਸੇਵਾ ਨਿਭਾਈ ਗਈ।

Leave a Reply

Your email address will not be published. Required fields are marked *