ਮੋਦੀ ਜੋ ਮਰਜ਼ੀ ਕਰ ਲਵੇ, ਕਿਸਾਨ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਪਰਤਣਗੇ : ਸਾਬਕਾ ਡੀ.ਆਈ.ਜੀ. ਹਰਿੰਦਰ ਚਹਿਲ
ਕਿਸਾਨ ਸੰਘਰਸ਼ ਦੇ ਸਮਰਥਨ ’ਚ ਸੇਵਾ ਮੁਕਤ ਪੁਲਿਸ ਮੁਲਾਜ਼ਮ ਦਿੱਲੀ ਧਰਨੇ ਲਈ ਰਵਾਨਾ
ਸਾਬਕਾ ਡੀ.ਆਈ.ਜੀ. ਹਰਿੰਦਰ ਚਹਿਲ ਨੇ 150 ਮੁਲਾਜ਼ਮਾਂ ਦੇ ਕਾਫਲੇ ਨੂੰ ਕੀਤਾ ਰਵਾਨਾ
ਪਟਿਆਲਾ 29 ਦਸੰਬਰ (ਮਧੂਸਾਰ ਬਿਊਰੋ) ਕੇਂਦਰ ਵੱਲੋਂ ਥੋਪੇ ਗਏ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਸਮਰਥਨ ਵਿਚ ਅੱਜ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਹਿਲ ਨੇ 150 ਦੇ ਕਰੀਬ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਨੂੰ ਕਾਰਾਂ ਅਤੇ ਬੱਸਾਂ ਰਾਹੀਂ ਕਾਫਲੇ ਦੀ ਰੂਪ ਵਿਚ ਰਵਾਨਾ ਕੀਤਾ ਗਿਆ। ਕਿਸਾਨ ਧਰਨੇ ਦੇ ਸਮਰਥਨ ਵਿਚ ਪਟਿਆਲਾ ਤੋਂ ਦਿੱਲੀ ਤੱਕ ਇਹ ਰੋਸ ਮਾਰਚ ਅੱਜ ਸਵੇਰੇ ਪੰਜਾਬ ਪੁਲਿਸ ਪੈਨਸ਼ਨਰਜ਼ ਦਫਤਰ ਤੋਂ ਰਵਾਨਾ ਹੋਇਆ।
ਇਸ ਮੌਕੇ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਮੋਦੀ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਹਿਲ ਨੇ ਕਿਹਾ ਕਿ ਦਿੱਲੀ ਧਰਨੇ ’ਤੇ ਬੈਠੇ ਕਿਸਾਨ ਭਰਾਵਾਂ ਨੇ ਏਕਤਾ ਦੀ ਅਜਿਹੀ ਮਿਸਾਲ ਰੱਖੀ ਗਈ ਹੈ, ਜਿਸ ਕਾਰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦਾ ਵਿਰੋਧ ਅੱਜ ਅੰਤਰ ਰਾਸ਼ਟਰੀ ਪੱਧਰ ’ਤੇ ਵੀ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਕਿਸਾਨ ਕਦੇ ਵੀ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਛੇੜੀ ਇਹ ਲੜਾਈ ਕਦੋਂ ਦੀ ਜਿੱਤੀ ਜਾ ਚੁੱਕੀ ਹੈ ਅਤੇ ਮੋਦੀ ਸਰਕਾਰ ਨੂੰ ਆਪਣੀ ਹਾਰ ਕਬੂਲ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਅੰਨੀ ਬੋਲੀ ਮੋਦੀ ਸਰਕਾਰ ਜੋ ਮਰਜ਼ੀ ਕਰ ਲਵੇ, ਕਿਸਾਨ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਪਰਤਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਸਬਰ ਦਾ ਇਮਤਿਹਾਨ ਨਾ ਲਵੇ ਨਹੀਂ ਤਾਂ ਭਵਿੱਖ ’ਚ ਅਿਤਘਣ ਮੋਦੀ ਮਾੜੇ ਨਤੀਜਿਆਂ ਦਾ ਸਾਹਮਣਾ ਕਰਨਾ ਲਈ ਤਿਆਰ ਰਹੇ। ਸਾਬਕਾ ਡੀ.ਆਈ.ਜੀ. ਚਹਿਲ ਨੇ ਕਿਹਾ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ ਦੱਸਕੇ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਵੱਲੋਂ ਚੱਲੀਆਂ ਰਾਹੀਆਂ ਚਾਲਾਂ ਨੂੰ ਕਿਸਾਨ ਜਥੇਬੰਦੀਆਂ ਸਮਝ ਚੁੱਕੀਆਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਲੋਕ ਵੋਟ ਨਾਲ ਤਖਤਾ ਪਲਟਕੇ ਹੀ ਦਮ ਲੈਣਗੇ।
ਰੋਸ ਮਾਰਚ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਗਿੱਲ, ਦਵਿੰਦਰ ਸਿੰਘ ਮੱਲ੍ਹੀ, ਅਜੀਤ ਸਿੰਘ ਵਿਰਕ, ਨਾਹਰ ਸਿੰਘ, ਜੋਗਾ ਸਿੰਘ ਧਨੌਲਾ, ਅਜੀਤ ਸਿੰਘ ਮੱਲ੍ਹੀ, ਪ੍ਰੇਮ ਸਿੰਘ ਪੰਜੋਲਾ, ਕਰਨੈਲ ਸਿੰਘ, ਗੁਰਚਰਨ ਸਿੰਘ, ਬਲਵੰਤ ਰਾਏ, ਰਾਜਵੰਤ ਸਿੰਘ ਸਿੱਧੂ, ਦਰਸ਼ਨ ਸਿੰਘ, ਦਿਆਲ ਸਿੰਘ ਐਡਵੋਕੇਟ, ਭੁਪਿੰੰਦਰ ਸਿੰਘ, ਪਿਆਰਾ ਸਿੰਘ, ਸੁਖਵੰਤ ਸਿੰਘ, ਗੁਰਮੇਲ ਸਿੰਘ, ਦਰਸ਼ਨਜੀਤ ਸਿੰਘ ਆਦਿ ਹਾਜ਼ਰ ਸਨ।

