ਪੰਜਾਬਪਟਿਆਲਾ

ਮੈਡੀਕਲ ਸਿੱਖਿਆ ਲੈ ਰਹੇ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ’ਚ ਪਿਆ!

-ਦਲਿਤ ਆਗੂ ਨੇ ਲਿਖਿਆ ਕੇਂਦਰ ਅਤੇ ਰਾਜ ਸਰਕਾਰ ਨੂੰ ਪੱਤਰ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਅੰਦਰ ਮੈਡੀਕਲ ਸਿੱਖਿਆ ਹਾਸਿਲ ਕਰ ਰਹੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਦੇ ਭਵਿਖ ’ਤੇ ਖਤਰਾ ਮੰਡਰਾ ਰਿਹਾ ਹੈ।ਮੈਡੀਕਲ ਸਿੱਖਿਆ ਨਾਲ ਜੁੜੇ ਇੰਨਾਂ ਵਿਦਿਆਰਥੀਆਂ ਦਾ ਡਾਟਾ ਪੋਸਟ ਮੈਟਿ੍ਰਕ ਸਕਾਲਰਸ਼ਿਪ ਲਈ ਰਜਿਸਟਰਡ ਨਹੀਂ ਹੋ ਪਾ ਰਿਹਾ ਜਿਸ ਕਾਰਣ ਉਨਾਂ ਦੇ ਭਵਿੱਖ ’ਤੇ ਇਹ ਖਤਰਾ ਮੰਡਰਾ ਰਿਹਾ ਹੈ।ਮੈਡੀਕਲ ਸਿੱਖਿਆ ਨਾਲ ਜੁੜੇ ਪੀੜਿਤ ਵਿਦਿਆਰਥੀਆਂ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਕੋਲ ਆਪਣਾ ਦੁੱਖੜਾ ਰੱਖਣ ਤੋਂ ਬਾਅਦ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਅਤੇ ਪੰਜਾਬ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਨੂੰ ਪੱਤਰ ਲਿਖ ਕੇ ਇਸ ਮੁਸੀਬਤ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।

ਗੱਲਬਾਤ ਕਰਦਿਆਂ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਮੈਡੀਕਲ ਸਿੱਖਿਆ ਦੌਰਾਨ ਐਮ.ਬੀ.ਬੀ.ਐਸ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਦੇ ਦਸੰਬਰ 2020 ਵਿੱਚ ਸਾਲਾਨਾ ਇਮਤਿਹਾਨ ਲਏ ਜਾਣੇ ਸਨ ਪਰ ਕੋਵਿਡ-19 ਕਾਰਣ ਬੱਚਿਆਂ ਦੇ ਇਮਤਿਹਾਨ ਨਹੀਂ ਹੋ ਪਾਏ। ਹੁਣ ਇਹ ਇਮਤਿਹਾਨ 5 ਫਰਵਰੀ ਤੋਂ 16 ਮਾਰਚ 2021 ਤੱਕ ਹੋਣੇ ਤੈਅ ਹੋਏ ਹਨ। ਪੋਸਟ ਮੈਟਿ੍ਰਕ ਸਕਾਲਰਸ਼ਿਪ ਤਹਿਤ ਰਜਿਸਟਰਡ ਹੋਣ ਲਈ ਪਿਛਲੀ ਪਾਸ ਕੀਤੀ ਪ੍ਰੀਖਿਆ ਦਾ ਰਿਜਲਟ ਕਾਰਡ ਲਗਾਇਆ ਜਾਣਾ ਲਾਜ਼ਮੀ ਹੈ ਅਜਿਹੇ ਵਿੱਚ ਵਿਦਿਆਰਥੀ ਦੁਚਿਤੀ ਵਿੱਚ ਹਨ ਕਿ ਉਹ ਕਿਹੜਾ ਰਿਜਲਟ ਲਗਾਉਣ ਕਿਉਂਕਿ ਉਨਾਂ ਦੇ ਤਾਂ ਇਮਤਿਹਾਨ ਹੋਏ ਨਹੀਂ। ਦਲਿਤ ਆਗੂ ਨੇ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਅਤੇ ਪੰਜਾਬ ਸਰਕਾਰ ਦੇ ਇਸੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੈਡੀਕਲ ਸਿੱਖਿਆ ਨਾਲ ਜੁੜੇ ਵਿਦਿਆਰਥੀ ਲੱਖਾਂ ਰੁਪਏ ਫੀਸ ਭਰਨ ਤੋਂ ਅਸਮਰਥ ਹਨ ਅਜਿਹੇ ਵਿੱਚ ਇੰਨਾਂ ਵਿਦਿਆਰਥੀਆਂ ਨੂੰ ਪੋਸਟ ਮੈਟਿ੍ਰਕ ਸਕਾਲਰਸ਼ਿਪ ਤਹਿਤ ਕਵਰ ਕਰਨ ਲਈ ਕੋਈ ਫੈਸਲਾ ਕੀਤਾ ਜਾਵੇ। ਜੇਕਰ ਇਹ ਵਿਦਿਆਰਥੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਵਿੱਚ ਅਪਲਾਈ ਨਹੀਂ ਕਰ ਪਾਉਣਗੇ ਤਾਂ ਇੰਨਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਅਨੁਸੂਚਿਤ ਜਾਤੀਆਂ ਦੇ ਗਰੀਬ ਵਿਦਿਆਰਥੀਆਂ ਦੀ ਸਾਰ ਲੈਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨਾਂ ਪੰਜਾਬ ਦੇ ਸੋਸ਼ਲ ਜਸਟਿਸ ਵਿਭਾਗ ਤੋਂ ਪੋਸਟ ਮੈਟਿ੍ਰਕ ਸਕੀਮ ਦੀ 19 ਜਨਵਰੀ ਨੂੰ ਖਤਮ ਹੋਈ ਅੰਤਿਮ ਤਾਰੀਖ ਨੂੰ ਘੱਟੋ ਘੱਟ ਇਕ ਮਹੀਨੇ ਲਈ ਹੋਰ ਵਧਾਏ ਜਾਣ ਦੀ ਮੰਗ ਵੀ ਕੀਤੀ ਹੈ।

Leave a Reply

Your email address will not be published. Required fields are marked *