ਪੰਜਾਬ

ਮੁੱਖ ਮੰਤਰੀ ਨੇ ਵਰਚੁਅਲ ਤੌਰ ’ਤੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ

ਅੰਮਿ੍ਰਤਸਰ 25 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਉਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲਿਆਂਵਾਲਾ ਬਾਗ ਦੁਖਾਂਤ ਦੇ ਗੁਮਨਾਮ ਨਾਇਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਕ ਕਵਿਤਾ “ਸਾਲਾਂ ਬਾਅਦ ਵੀ, (ਅਸੀਂ) ਸ਼ਹੀਦਾਂ ਦਾ ਦਰਦ ਸੀਨੇ ਵਿੱਚ ਸੰਜੋ ਰੱਖਿਆ ਹੈ” ਰਾਹੀਂ ਭਾਵੁਕ ਸ਼ਰਧਾਂਜਲੀ ਦਿੰਦਿਆਂ ਵਰਚੁਅਲ ਤੌਰ ਉਤੇ ਅੰਮਿ੍ਰਤਸਰ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ।

ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਇਹ ਯਾਦਗਾਰ ਸਥਾਪਤ ਕਰਨ ਲਈ ਸੂਬਾ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ’ਤੇ ਵਰਦਿਆਂ ਕਿਹਾ ਕਿ ਹਰੇਕ ਪੰਜਾਬੀ ਨੂੰ ਇਸ ਲਾਸਾਨੀ ਦੁਖਾਂਤ ਨੂੰ ਯਾਦ ਕਰਨ ਦਾ ਹੱਕ ਹੈ ਜਿਸ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਸ਼ਤਾਬਦੀ ਸਮਾਰੋਹ ਦੇ ਜਸ਼ਨਾਂ ਨੂੰ ਇਕ ਖੁਸ਼ੀ ਭਰਿਆ ਮੌਕਾ ਦੱਸਦਿਆਂ ਉਨਾਂ ਕਿਹਾ ਕਿ ਉਹ ਜਲਿਆਂਵਾਲਾ ਬਾਗ ਵਿਖੇ ਕਰਵਾਏ ਜਾਣ ਵਾਲੇ ਇਤਿਹਾਸਕ ਸਮਾਗਮ ਦੇ ਰਾਸਟਰੀ ਪੱਧਰ ਦੇ ਜਸ਼ਨਾਂ ਵਿਚ ਵੀ ਹਿੱਸਾ ਲੈਣਗੇ।
ਇਸ ਮੌਕੇ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ) ਵਿਖੇ ਜਲਿਆਂਵਾਲਾ ਬਾਗ ਚੇਅਰ ਸਥਾਪਤ ਕਰਨ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਮਨੁੱਖਤਾਵਾਦੀ ਦੁਖਾਂਤ ਵਿੱਚੋਂ ਇੱਕ ਇਸ ਦੁਖਦਾਇਕ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਰੋਹ ਦਾ ਐਲਾਨ ਕੀਤਾ। ਉਹਨਾਂ ਕਤਲੇਆਮ ਸਬੰਧੀ ਰੁਖਸ਼ੰਦਾ ਜਲੀਲ ਦੀ ਕਵਿਤਾ ਦੀਆਂ ਸਤਰਾਂ ਵੀ ਪੜੀਆਂ, “ਅਸਮਾਨ ਇੱਥੇ ਹਰ ਰੋਜ਼ ਰੋਣ ਲਈ ਆਉਂਦਾ ਹੈ, ਤੀਰ ਹਾਲੇ ਵੀ ਪੰਜਾਬ ਦੇ ਸੀਨੇ ਨੂੰ ਵਿੰਨਦੇ ਹਨ।”
ਮੁੱਖ ਮੰਤਰੀ ਨੇ ਦੱਸਿਆਂ ਕਿ ਇਸ ਕਤਲੇਆਮ ਵਿੱਚ ਹੋਈਆਂ ਮੌਤਾਂ ਦੀ ਸਹੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੂਰੇ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਜੋ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਸਕੇ ਅਤੇ ਉਨਾਂ ਦੇ ਪਿੰਡਾਂ ਵਿਚ ਛੋਟੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾਣ। ਜਨਰਲ ਡਾਇਰ ਵਲੋਂ ਉਥੇ ਇਕੱਠੇ ਹੋਏ 5000 ਲੋਕਾਂ ਵਿੱਚੋਂ 200-300 ਮੌਤਾਂ ਦੇ ਅੰਕੜਿਆਂ ਸਬੰਧੀ ਦਿੱਤੇ ਹਵਾਲਾ ਬਾਰੇ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀ ਜੀ ਨੇ 1500 ਮੌਤਾਂ ਦਾ ਹਵਾਲਾ ਦਿੱਤਾ ਸੀ, ਜਿਨਾਂ ਵਿੱਚੋਂ ਸਿਰਫ 492 ਸਹੀਦਾਂ ਦੇ ਨਾਮ ਮੌਜੂਦ ਹਨ।
ਉਹਨਾਂ ਕਾਲਾ ਪਾਣੀ ਵਿਖੇ ਸੈਲੂਲਰ ਜੇਲ ਦੇ ਆਪਣੇ ਦੌਰੇ ਨੂੰ ਯਾਦ ਕੀਤਾ ਜਿੱਥੇ ਬਹੁਤ ਸਾਰੇ ਪੰਜਾਬੀਆਂ ਦੇ ਨਾਂ ਸਨ ਜਿਨਾਂ ਬਾਰੇ ਕਿਸੇ ਨੂੰ ਨਹੀਂ ਪਤਾ। ਉਹਨਾਂ ਨੇ ਸ੍ਰੀ ਚੰਨੀ ਨੂੰ ਇਹਨਾਂ ਸ਼ਹੀਦਾਂ ਦੀ ਸੰਪੂਰਨ ਜਾਣਕਾਰੀ ਹਾਸਲ ਕਰਨ ਲਈ ਨਿਰਦੇਸ਼ ਦਿੱਤੇ। ਉਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਇਹਨਾਂ ਸ਼ਹੀਦਾਂ ਲਈ ਯਾਦਗਾਰਾਂ ਦਾ ਨਿਰਮਾਣ ਕੀਤਾ ਜਾਵੇਗਾ।

Leave a Reply

Your email address will not be published. Required fields are marked *