ਪੰਜਾਬਪਟਿਆਲਾ

ਮੋਦੀ ਆਰਥਿਕ ਬਹਾਲੀ ਲਈ ਬਾਇਡਨ ਯੋਜਨਾ ਨੂੰ ਅਪਣਾਵੇ: ਮਨਪ੍ਰੀਤ ਬਾਦਲ

ਭਾਜਪਾ, ਆਪ ਅਤੇ ਅਕਾਲੀ ਦਲ ਮਿਲ ਕੇ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਲਾ ਰਹੇ ਹਨ ਢਾਹ
ਬਠਿੰਡਾ, 25 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕਰੋਨਾ ਮਹਾਂਮਾਰੀ ਕਾਰਨ ਉਭਰੀ ਆਰਥਿਕ ਮੰਦੀ ਤੋਂ ਬਾਹਰ ਨਿਕਲਣ ਲਈ ਭਾਰਤ ਨੂੰ ਅਮਰੀਕੀ ਰਾਸਟਰਪਤੀ ਵੱਲੋਂ ਉਲੀਕੀ ਯੋਜਨਾ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸਟਰਪਤੀ ਜੋਅ ਬਾਇਡਨ ਦੇ ਰਿਕਵਰੀ ਪਲਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਸ ਨੇ ਪਹਿਲਾਂ ਹੀ ਅਮਰੀਕਾ ਦੇ ਖੇਤੀਬਾੜੀ ਵਿਭਾਗ ਨੂੰ ਉਨਾਂ ਦੇ ਖੁਰਾਕ ਖੇਤਰ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਸਾਰੇ ਦੇਸ ਕੋਵਿਡ ਸਦਕਾ ਪੈਦਾ ਹੋਏ ਆਰਥਿਕ ਸੰਕਟ ‘ਚੋਂ ਬਾਹਰ ਆਉਣ ਲਈ ਕਿਸਾਨਾਂ ਅਤੇ ਖੇਤੀਬਾੜੀ ਖੇਤਰ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨਾਂ ਕਿਹਾ ਕਿ ਭਾਰਤ ਦੇ ਖੇਤੀਬਾੜੀ ਮੰਤਰਾਲੇ ਨੂੰ ਕਿਸਾਨਾਂ ਅਤੇ ਖੇਤੀਬਾੜੀ ਖੇਤਰ ‘ਤੇ ਧਿਆਨ ਕੇਂਦਰਿਤ ਕਰਕੇ ਵਿਸਵ ਪੱਧਰੀ ਪ੍ਰਵਾਨਿਤ ਰਣਨੀਤੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸੇਵਾ ਅਤੇ ਨਿਰਮਾਣ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਹ ਸਿਰਫ਼ ਖੇਤੀਬਾੜੀ ਖੇਤਰ ਹੀ ਸੀ ਜੋ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਲਾਹੇਵੰਦ ਸਾਬਿਤ ਹੋਇਆ। ਜਦੋਂ ਫੈਕਟਰੀਆਂ ਬੰਦ ਹੋ ਗਈਆਂ ਅਤੇ ਸੇਵਾ ਖੇਤਰ ਵਿੱਚ ਗਿਰਾਵਟ ਆਈ ਤਾਂ ਕਿਸਾਨਾਂ ਨੇ ਆਪਣਾ ਕੰਮ ਕਰਨਾ ਜਾਰੀ ਰੱਖਿਆ ਅਤੇ ਕਰੋਨਾ ਦੇ ਬਾਵਜੂਦ ਫਸਲਾਂ ਦੀ ਕਾਸ਼ਤ ਜਾਰੀ ਰੱਖੀ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਰਤੀ ਕਿਸਾਨਾਂ ਖਾਸਕਰ ਪੰਜਾਬ ਦੇ ਕਿਸਾਨਾਂ ਨੂੰ ਉਨਾਂ ਦੀ ਮਿਹਨਤ, ਜੋ ਉਨਾਂ ਦਾ ਸੁਭਾਅ ਵੀ ਹੈ, ਨੂੰ ਸਲਾਮ ਕਰਨਾ ਬਣਦਾ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਸਨਮਾਨਿਤ ਕਰਨ ਦੀ ਬਜਾਏ ਖੇਤੀ ਖੇਤਰ ਖ਼ਤਮ ਕਰਨ ਦਾ ਫੈਸਲਾ ਲਿਆ ਹੈ।
ਉਨਾਂ ਕਿਹਾ ਕਿ ਜਦੋਂ ਦੁਨੀਆਂ ਖੇਤੀਬਾੜੀ ਵਿਚ ਵਧੇਰੇ ਨਿਵੇਸ਼ ਕਰ ਰਹੀ ਹੈ ਤਾਂ ਭਾਰਤ ਵਿਚ ਕੇਂਦਰ ਸਰਕਾਰ ਕਾਲੇ ਖੇਤੀ ਬਿੱਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਾਡੇ ਖੇਤੀ ਖੇਤਰ ਨੂੰ ਹੋਰ ਸੰਕਟ ਵਿਚ ਪਾ ਦੇਵੇਗੀ। ਐਨਡੀਏ ਸਰਕਾਰ ਦੇ ਕਾਲੇ ਖੇਤੀ ਬਿੱਲ ਨਾ ਸਿਰਫ ਕਿਸਾਨ ਵਿਰੋਧੀ ਹਨ, ਸਗੋਂ ਇਹ ਬੀਜੇਪੀ ਦੇ ਹੰਕਾਰੀ ਰਵੱਈਏ ਨੂੰ ਵੀ ਦਰਸਾਉਂਦੇ ਹਨ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਕਿਸਾਨਾਂ ਨੂੰ ਤਾਰੋਪੀਡ ਕਰਨ ਦੀ ਕੋਸ਼ਿਸ਼ ਵਿਚ ਭਾਜਪਾ ਦੀ ਸਹਾਇਤਾ ਕਰਨ ਵਿਚ ਸੱਕੀ ਭੂਮਿਕਾ ਅਦਾ ਕੀਤੀ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦਾ ਘਟੀਆ ਯਤਨ ਕੀਤਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਜਦੋਂ ਮੁੱਖ ਮੰਤਰੀਆਂ ਦੀ ਉੱਚ ਸਕਤੀ ਕਮੇਟੀ ਨੇ ਪਹਿਲਾਂ ਹੀ ਆਪਣੀ ਮੀਟਿੰਗ ਦੀ ਕਾਰਵਾਈ ਜਨਤਕ ਕਰ ਦਿੱਤੀ ਸੀ ਤਾਂ ਆਪ ਅਤੇ ਭਾਜਪਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਸੱਚਾਈ ਤੋਂ ਅਣਜਾਣ ਬਣਦਿਆਂ ਆਪਣੇ ਝੂਠੇ ਦਾਅਵਿਆਂ ਨੂੰ ਮੁੜ ਦੁਹਰਾਇਆ। ਭਾਜਪਾ ਨੇ ਅਕਾਲੀ ਦਲ ਵਰਗੇ ਆਪਣੇ ਭਾਈਵਾਲਾਂ ਅਤੇ ‘ਆਪ’ ਵਰਗੀਆਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਸਾਜਿਸ ਰਚੀ ਕਿ ਕਿਸਾਨਾਂ ਵਿੱਚ ਭਰਮ ਪੈਦਾ ਕੀਤਾ ਜਾਵੇ ਅਤੇ ਝੂਠੇ ਮੁੱਦਿਆਂ ਨੂੰ ਉਠਾ ਕੇ ਖੇਤੀ ਕਾਨੂੰਨਾਂ ਦੀ ਅਸਲ ਨੀਅਤ ਬਾਰੇ ਭਰਮਾਇਆ ਜਾਵੇ।

Leave a Reply

Your email address will not be published. Required fields are marked *