ਪਟਿਆਲਾ

ਪੰਜਾਬੀ ਭਾਸ਼ਾ ਅਤੇ ਸਿੱਖਿਆ ਦਾ ਪਸਾਰ ਵਿਸ਼ੇ ’ਤੇ ਵਿਸਾਲ ਕਨਵੈਨਸਨ

ਪਟਿਆਲਾ 19 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸਟਰੀ ਮਾਤ ਭਾਸਾ ਦਿਵਸ ਮੌਕੇ ‘ਪੰਜਾਬੀ ਭਾਸਾ ਅਤੇ ਸਿੱਖਿਆ ਦੇ ਪ੍ਰਸਾਰ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭੂਮਿਕਾ’ ਵਿਸੇ ਉੱਪਰ ਇਕ ਵਿਸਾਲ ਕਨਵੈਨਸਨ ਕਰਵਾਈ ਗਈ। ਮੁਖੀ ਪੰਜਾਬੀ ਵਿਭਾਗ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਖ-ਵਖ ਥਾਵਾਂ ਤੋਂ ਪਹੁੰਚੇ ਲੇਖਕਾਂ, ਵਿਦਵਾਨਾਂ, ਭਾਸਾ ਮਾਹਿਰਾਂ, ਭਾਸਾ ਪ੍ਰੇਮੀਆਂ, ਕਲਾਕਾਰਾਂ ਆਦਿ ਨੇ ਆਪਣੇ ਵਿਚਾਰ ਪ੍ਰਗਟਾਏ ਜੋ ਕਿ ਪੰਜਾਬੀ ਭਾਸਾ ਅਤੇ ਮਾਤ ਭਾਸਾ ਤੇ ਅਧਾਰਿਤ ਸਿੱਖਿਆ ਦੇ ਪ੍ਰਸਾਰ ਲਈ ਬਣਾਈ ਗਈ ਪੰਜਾਬੀ ਯੂਨੀਵਰਸਿਟੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਮਸਲਿਆਂ ਤੇ ਕੇਂਦਰਤ ਰਹੇ। ਇਸ ਕਨਵੈਨਸਨ ਵਿਚ ਪੰਜਾਬੀ ਭਾਸਾ ਅਤੇ ਸਾਹਿਤ ਨਾਲ ਸੰਬੰਧਤਤ ਜਥੇਬੰਦੀਆਂ ਅਤੇ ਅਦਾਰਿਆਂ ਦੇ ਆਗੂਆਂ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ।

ਕਨਵੈਨਸਨ ਦੇ ਪਹਿਲੇ ਭਾਗ ਵਜੋਂ ਯੂਨੀਵਰਸਿਟੀ ਕੈਂਪਸ ਵਿਚ ਇਕ ਵੱਡੀ ਮਨੁੱਖੀ ਲੜੀ ਬਣਾਈ ਗਈ ਇਸ ਉਪਰੰਤ ਪਹਿਲੇ ਅਕਾਦਮਿਕ ਸੈਸਨ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਡਾ. ਅਮਿ੍ਰਤਪਾਲ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਨਵੈਨਸਨ ਨੂੰ ਪੰਜਾਬੀ ਪ੍ਰੇਮੀਆਂ ਵੱਲੋਂ ਮਿਲੇ ਹੁੰਗਾਰੇ ਨੂੰ ਵੇਖ ਕੇ ਪੰਜਾਬੀ ਯੂਨੀਵਰਸਿਟੀ ਦੇ ਸੋਹਣੇ ਭਵਿੱਖ ਦੀ ਉਮੀਦ ਬੱਝੀ ਹੈ। ਵਿਸੇਸ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਸਾਸਤਰੀ ਪਿ੍ਰੰ. ਤਰਸੇਮ ਬਾਹੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਕਨਵੈਨਸਨ ਦੀ ਇਹ ਸਫਲਤਾ ਹੈ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਦੀਆਂ ਸਮੱਸਿਆਵਾਂ ਪਹਿਲੀ ਵਾਰ ਇਸ ਦੀ ਚਾਰਦੀਵਾਰੀ ਤੋਂ ਬਾਹਰ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਵਿਸੇਸ ਧਿਆਨ ਦੇ ਕੇ ਵਿੱਤੀ ਸੰਕਟ ਨਾਲ ਜੂਝ ਰਹੇ ਵਿੱਦਿਅਕ ਅਦਾਰਿਆਂ ਨੂੰ ਬਣਦੀ ਮਦਦ ਦਿੱਤੀ ਜਾਵੇ। ਡੀਨ ਭਾਸਾਵਾਂ ਡਾ. ਸਤਨਾਮ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਸਬਦਾਂ ਦੌਰਾਨ ਕਿਹਾ ਕਿ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਆਪਣੇ ਸੀਮਿਤ ਵਸੀਲਿਆਂ ਰਾਹੀਂ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਤੀਨਿਧ ਵਜੋਂ ਪਹੁੰਚੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਖਾਸੀਅਤ ਹੈ ਕਿ ਜਿੱਥੇ ਇਸ ਨੇ ਪੰਜਾਬੀ ਭਾਸਾ ਦੇ ਪ੍ਰਚਾਰ ਪ੍ਰਸਾਰ ਵਾਸਤੇ ਕਾਰਜ ਕੀਤਾ ਹੈ ਉੱਥੇ ਹੀ ਵਖ-ਵਖ ਸਮੇਂ ਉਠੀਆਂ ਲੋਕ ਲਹਿਰਾਂ ਵਿਚ ਵੀ ਇਸ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸਾ ਅਤੇ ਯੂਨੀਵਰਸਿਟੀ ਦੇ ਹਿਤਾਂ ਲਈ ਲੜਦਿਆਂ ਸਾਨੂੰ ਸਿਰਫ ਭਾਵਨਾਤਮਕ ਹੋ ਕੇ ਹੀ ਨਹੀਂ ਬਲਕਿ ਯੋਜਨਾਬੱਧ ਤਰੀਕੇ ਨਾਲ ਜੰਗ ਲੜਨੀ ਪਵੇਗੀ। ਉੱਘੇ ਕਹਾਣੀਕਾਰ ਪ੍ਰੋ. ਕਿਰਪਾਲ ਕਜਾਕ ਨੇ ਕਾਵਾਂ ਦੇ ਹੰਸਾਂ ਵਿਚ ਤਬਦੀਲ ਹੋਣ ਵਾਲੀ ਕਥਾ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉਹ ਥਾਂ ਹੈ ਜਿੱਥੇ ਦਾਖਲ ਹੋਣ ਸਮੇਂ ਵਿਅਕਤੀ ਕੁੱਝ ਹੋਰ ਹੁੰਦਾ ਹੈ ਅਤੇ ਜਦੋਂ ਉਹ ਇੱਥੋਂ ਉਡਾਨ ਭਰਦਾ ਹੈ ਤਾਂ ਉਹ ਕੁੱਝ ਹੋਰ ਬਣ ਕੇ ਇੱਥੋਂ ਬਾਹਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਸਾਡੇ ਅੰਦਰ ਸੁਪਨੇ ਜਗਾਉਂਦੀਆਂ ਹਨ। ਇਸ ਲਈ ਸਾਨੂੰ ਆਪਣੇ ਸੁਪਨਿਆਂ ਨੂੰ ਜਿੰਦਾ ਰੱਖਣ ਖਾਤਰ ਯੂਨੀਵਰਸਿਟੀਆਂ ਨੂੰ ਬਚਾਉਣ ਹਿਤ ਲੜਨਾ ਚਾਹੀਦਾ ਹੈ। ਉੱਘੇ ਪੱਤਰਕਾਰ ਸ੍ਰ. ਹਮੀਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਮੌਜੂਦਾ ਸਮੇਂ ਇਕ ਆਸ ਦੀ ਕਿਰਨ ਵਿਖਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਬੈਠਾ ਪੰਜਾਬ ਇਸ ਸਮੇਂ ਆਪਣਾ ਬੇਦਾਵਾ ਪਾੜਨ ਵਰਗਾ ਕਾਰਜ ਹੀ ਕਰ ਰਿਹਾ ਹੈ ਅਤੇ ਇਸੇ ਤਰ੍ਹਾਂ ਪੰਜਾਬੀ ਭਾਸਾ ਦੇ ਹੱਕਾਂ ਬਾਰੇ ਮਸਲੇ ਉੱਪਰ ਵੀ ਸਾਨੂੰ ਅੰਦੋਲਨ ਕਰਨ ਦੀ ਲੋੜ ਹੈ। ਕੇਂਦਰ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਉੱਘੇ ਕਵੀ ਦਰਸਨ ਬੁੱਟਰ ਨੇ ਵਿਸਵਾਸ ਦਿਵਾਇਆ ਕਿ ਉਨ੍ਹਾਂ ਦੀ ਸੰਸਥਾ ਹਰ ਕਦਮ ਉੱਪਰ ਯੂਨੀਵਰਸਿਟੀ ਦੇ ਨਾਲ ਖੜ੍ਹੀ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੁੱਟਾ) ਦੇ ਪ੍ਰਤੀਨਿਧ ਡਾ. ਅਵਨੀਤਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਸੁਨਹਿਰੇ ਭਵਿੱਖ ਲਈ ਸੰਘ ਵੱਲੋਂ ਹਰ ਸੰਭਵ ਕੋਸਿਸ ਕੀਤੀ ਜਾਵੇਗੀ। ਡਾ. ਸਤੀਸ ਕੁਮਾਰ ਵਰਮਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਪੈਦਾਵਾਰ ਉੱਘੀਆਂ ਸਖਸੀਅਤਾਂ ਦੇ ਹਵਾਲੇ ਨਾਲ ਇਸ ਦੀ ਮਹਾਨਤਾ ਬਾਰੇ ਗੱਲ ਕੀਤੀ। ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਇਕ ਖਿੱਤੇ ਦੀ ਸਿਆਣਪ ਸਮੋਈ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਸਾਡੇ ਬੁੱਧੀਜੀਵੀਆਂ ਨੂੰ ਸਰਗਰਮ ਕਾਰਕੁੰਨ ਵਜੋਂ ਵਿਚਰਨ ਦੀ ਵੀ ਲੋੜ ਹੈ। ਪ੍ਰਸਿੱਧ ਲੋਕ ਗਾਇਕ ਪਰਮਜੀਤ ਸਿੱਧੂ (ਪੰਮੀ ਬਾਈ) ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਭਾਸਾ ਦੇ ਹੱਕ ਵਿਚ ਖੜ੍ਹੇ ਨੌਜਵਾਨ ਵਿਦਿਆਰਥੀਆਂ ਨੇ ਉਨ੍ਹਾਂ ਅੰਦਰ ਉਤਸਾਹ ਭਰਿਆ ਹੈ। ਉਨ੍ਹਾਂ ਕਿਹਾ ਕਿ ਇਹ ਉਤਸਾਹ ਕਿਸੇ ਵਲੋਂ ਨਹੀਂ ਭਰਿਆ ਬਲਕਿ ਭਾਸਾ ਪ੍ਰਤੀ ਉਨ੍ਹਾਂ ਦੇ ਲਗਾਅ ਦੀ ਬਦੌਲਤ ਇਹ ਖੁਦ ਹੀ ਭਰਿਆ ਹੈ। ਪ੍ਰਸਿੱਧ ਗਾਇਕ ਅਤੇ ਅਦਾਕਾਰ ਰੌਸਨ ਪਿ੍ਰੰਸ ਨੇ ਪੰਜਾਬੀ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਦੀ ਸਲਾਘਾ ਕਰਦਿਆਂ ਦੱਸਿਆ ਕਿ ਉਹ ਵੀ ਕੁੱਝ ਸਮਾਂ ਇੱਥੇ ਵਿਦਿਆਰਥੀ ਰਹੇ ਹਨ। ਡਾ. ਜੋਗਾ ਸਿੰਘ ਵੱਲੋਂ ਮਾਤ ਭਾਸਾ ਦੀ ਅਹਿਮੀਅਤ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਦੀ ਭੂਮਿਕਾ ਦੀ ਗੱਲ ਕੀਤੀ ਗਈ। ਅੰਤ ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਭੀਮਇੰਦਰ ਸਿੰਘ ਵੱਲੋਂ ਧੰਨਵਾਦੀ ਸਬਦ ਬੋਲੇ ਗਏ। ਸਵਾਗਤੀ ਸਬਦ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਹੇ ਅਤੇ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਸੇਵਕ ਸਿੰਘ ਲੰਬੀ ਨੇ ਕੀਤਾ। ਇਸ ਮੁੱਖ ਸੈਸਨ ਦੇ ਬੁਲਾਰਿਆਂ ਵਿਚ ਹੋਰਨਾਂ ਤੋਂ ਇਲਾਵਾ ਪੰਜਾਬੀ ਕਵਿੱਤਰੀ ਸੁਖਵਿੰਦਰ ਅਮਿ੍ਰਤ, ਜਗਰਾਜ ਧੌਲਾ ਅਤੇ ਡਾ. ਚਰਨਜੀਤ ਕੌਰ ਵੀ ਸਾਮਿਲ ਸਨ। ਇਸ ਸੈਸਨ ਉਪਰੰਤ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਪੈਨਲ ਡਿਸਕਸਨ ਕਰਵਾਈ ਗਈ ਜਿਸ ਵਿਚ ਪੀ.ਐੱਸ.ਯੂ., ਪੀ.ਐੱਸ.ਯੂ. (ਲਲਕਾਰ), ਡੀ. ਐੱਸ.ਓ., ਏ.ਆਈ.ਐੱਸ.ਐੱਫ., ਐੱਸ.ਐੱਫ.ਆਈ., ਪੀ.ਆਰ.ਐੱਸ.ਯੂ. ਆਦਿ ਜਥੇਬੰਦੀਆਂ ਨੇ ਸਿਰਕਤ ਕੀਤੀ।

Leave a Reply

Your email address will not be published. Required fields are marked *