ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਡਾਇਗਨੋਸਟਿਕ ਸੈਂਟਰ ਸ਼ੁਰੂ
ਨਵੀਂ ਦਿੱਲੀ 11 ਮਾਰਚ (ਮਨਪ੍ਰੀਤ ਵੋਹਰਾ/ਮਧੂਸਾਰ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਥੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਡਾਇਗਨੋਸਟਿਕ ਸੈਂਟਰ ਸ਼ੁਰੂ ਕੀਤਾ ਜਿਸ ਵਿਚ ਐਮ ਆਰ ਆਈ, ਸੀ ਟੀ ਸਕੈਲ, ਅਲਟਰਾ ਸਾਊਂਡ, ਡਿਜੀਟਲ ਐਕਸ ਰੇਅ ਤੇ ਹੋਰ ਟੈਸਟ ਕੀਤੇ ਜਾਣਗੇ। ਇਥੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦੀ ਐਮ ਆਰ ਆਈ ਤੇ ਹੋਰ ਟੈਸਟ ਸਿਰਫ 50 ਰੁਪਏ ਵਿਚ ਕੀਤੇ ਜਾਣਗੇ। ਸੈਂਟਰ ਦਾ ਉਦਘਾਟਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕੀਤਾ। ਉਦਘਾਟਨ ਤੋਂ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ਿ ਐਂਡ ਰਿਸਰਚ ਵਿਚ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ ਕਰਨ ਤੋਂ ਬਾਅਦ ਇਹ ਦੂਜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਵਿਚ ਬਹੁਤ ਵੱਡੀ ਸਹਾਇਤਾ ਮਿਲੇਗੀ।
ਉਹਨਾਂ ਕਿਹਾ ਕਿ 1980ਵਿਆਂ ਦੇ ਅੱਧ ਵਿਚ ਇਕ ਸਮਾਂ ਸੀ ਜਦੋਂ ਲੋਕ ਸਿੱਖਾਂ ਨੂੰ ਨਫ਼ਰਤ ਨਾਲ ਵੇਖਦੇ ਸਨ ਤੇ ਅਖ਼ਬਾਰਾਂ ਵਿਚ ਸਿੱਖਾਂ ਦੀਆਂ ਤਸਵੀਰਾਂ ਛਾਪ ਕੇ ਦਹਿਸ਼ਤ ਤੇ ਡਰ ਵਾਲਾ ਮਾਹੌਲ ਬਣਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ। ਦੇਸ਼ ਦੇ ਲੋਕ ਹੁਣ ਸਿੱਖਾਂ ਨੁੰ ਨਿਰਵਸਾਰਥ ਮਨੁੱਖਤਾ ਦੀ ਸੇਵਾ ਕਰਨ ਵਾਲੀ ਕੌਮ ਵਜੋਂ ਵੇਖਦੀ ਹੈ। ਉਹਨਾਂ ਕਿਹਾ ਕਿ ਅਕਾਲ ਪੁਰਖ ਨੇ ਸਿੱਖਾਂ ‘ਤੇ ਰਹਿਮਤ ਕੀਤੀ ਹੈ ਤੇ ਸਿੱਖ ਲੋੜਵੰਦਾਂ ਤੱਕ ਪਹੁੰਚ ਕਰ ਕੇ ਉਹਨਾਂ ਦੀ ਮਦਦ ਕਰ ਰਹੇ ਹਨ। ਉਹਨਾਂ ਨੂੰ ਲੰਗਰ ਛਕਾ ਰਹੇ ਹਨ ਤੇ ਹਰ ਲੋੜੀਂਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਸਿਰਫ ਲੰਗਰ ਨਾਲ ਹੀ ਨਹੀਂ ਬਲਕਿ ਬਾਲਾ ਪ੍ਰੀਤਮ ਦਵਾਖਾਨੇ, ਹਸਪਤਾਲ ਤੇ ਹੁਣ ਡਾਇਗਨੋਸਟਿਸ ਸੈਂਟਰ ਖੋਲ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਤੇ ਸਕੂਲ, ਕਾਲਜ ਤੇ ਵਿਦਿਅਕ ਅਦਾਰੇ ਵੱਖਰੇ ਤੌਰ ‘ਤੇ ਚਲਾ ਕੇ ਸੇਵਾ ਕਰ ਰਹੀ ਹੈ। ਸ੍ਰੀ ਸਿਰਸਾ ਨੇ ਇਹ ਐਲਾਨ ਵੀ ਕੀਤਾ ਕਿ ਜਲਦੀ ਹੀ ਕਿਡਨੀ ਹਸਪਤਾਲ ਨੂੰ 1 ਹਜ਼ਾਰ ਬੈਡਾਂ ਦਾ ਹਸਪਤਾਲ ਬਣਾਇਆ ਜਾਵੇਗਾ।
ਸ੍ਰੀ ਸਿਰਸਾ ਤੇ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਅਜਿਹੇ ਪ੍ਰਾਜੈਕਟ ਜੋ ਕਿ ਮੌਜੂਦਾ ਸਮੇਂ ਵਿਚ ਬਹੁਤ ਵੱਡੀ ਜ਼ਰੂਰਤ ਬਣ ਗਏ ਹਨ, ਰਾਹੀਂ ਮਨੁੱਖਤਾ ਦੀ ਸੇਵਾ ਜਾਰੀ ਰੱਖੇਗੀ। ਉਹਨਾਂ ਨੇ ਕਿਸਾਨ ਅੰਦੋਲਨ ਲਈ ਆਪਣੀ ਹਮਾਇਤ ਮੁੜ ਦੁਹਰਾਈ ਤੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ 26 ਜਨਵਰੀ ਦੀ ਕਿਸਾਨ ਪਰੇਡ ਮੌਕੇ ਗ੍ਰਿਫਤਾਰ ਕੀਤੇ ਗਏ ਹਰ ਵਿਅਕਤੀ ਨੂੰ ਜੇਲ ਵਿਚੋਂ ਬਾਹਰ ਕੱਢਵਾਏਗੀ ਤੇ ਨਿਆਂ ਦੁਆਏਗੀ ਤੇ ਕਿਸਾਨ ਅੰਦੋਲਨ ਲਈ ਹਰ ਸੇਵਾ ਉਪਲਬਧ ਕਰਵਾਏਗੀ ਭਾਵੇਂ ਉਹ ਲੰਗਰ ਹੋਵੇ, ਕਾਨੂੰਨੀ ਸਹਾਇਤਾ ਹੋਵੇ ਜਾਂ ਫਿਰ ਸੰਘਰਸ਼ ਦੀ ਕੋਈ ਵੀ ਜ਼ਰੂਰਤ ਹੋਵੇ।
ਉਹਨਾਂ ਨੇ ਜੁਨੇਜਾ ਪਰਿਵਾਰ, ਚਾਵਲਾ ਪਰਿਵਾਰ ਤੇ ਇਸ ਪ੍ਰਾਜੈਕਟ ਲਈ ਯੋਗਦਾਨ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਇਸ ਮੌਕੇ ਇਹਨਾਂ ਪਰਿਵਾਰਾਂ ਦਾ ਦਿੱਲੀ ਗੁਰਦੁਆਰਾ ਕਮੇਟੀ ਨੇ ਸਨਮਾਨ ਵੀ ਕੀਤਾ।

