ਜੰਮੂ-ਕਸ਼ਮੀਰ: ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਹਲਾਕ
ਸ੍ਰੀਨਗਰ, 11 ਮਾਰਚ (ਮਧੂਸਾਰ ਬਿਊਰੋ) ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਗੁੱਟ ਦੇ ਦੋ ਦਹਿਸ਼ਤਗਰਦ ਹਲਾਕ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅਨੰਤਨਾਗ ਜਲ੍ਹਿੇ ਦੇ ਬਿਜੈਬੇਹਾੜਾ ਇਲਾਕੇ ਕੰਢੀਪੋਰਾ ’ਚ ਘੇਰਾ ਪਾ ਕੇ ਤਲਾਸੀ ਮੁਹਿੰਮ ਚਲਾਈ ਸੀ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਇਲਾਕੇ ’ਚ ਮੌਜੂਦ ਦਹਿਸ਼ਤਗਰਦਾਂ ਨੂੰ ਆਤਮਸਮਰਪਣ ਕਰਨ ਲਈ ਆਖਿਆ ਪਰ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਬੁੱਧਵਾਰ ਸ਼ਾਮ ਹਨੇਰਾ ਹੋਣ ਕਾਰਨ ਅਪਰੇਸ਼ਨ ਰੋਕ ਦਿੱਤਾ ਗਿਆ ਪਰ ਘੇਰਾਬੰਦੀ ਜਾਰੀ ਰੱਖੀ ਗਈ। ਅੱਜ ਸਵੇਰੇ ਫਿਰ ਦਹਿਸ਼ਤਗਰਦਾਂ ਨੂੰ ਹਥਿਆਰ ਸੁੱਟਣ ਲਈ ਆਖਿਆ ਗਿਆ ਪਰ ਉਨ੍ਹਾਂ ਨੇ ਸੁਰੱਖਿਆ ਬਲਾਂ ’ਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਦੋ ਦਹਿਸ਼ਤਗਰਦ ਹਲਾਕ ਹੋ ਗਏ। ਮਾਰੇ ਗਏ ਦਹਿਸਤਗਰਦਾਂ ਦੀ ਪਛਾਣ ਅਦੀਲ ਅਹਿਮਦ ਭੱਟ ਅਤੇ ਜਾਹਿਦ ਰਾਥੇਰ ਵਜੋਂ ਹੋਈ ਹੈ, ਜੋ ਦਹਿਸਤਗਰਦ ਗੁੱਟ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਰਿਕਾਰਡ ਮੁਤਾਬਕ ਦੋਵੇਂ ਜਣੇ ਸੁਰੱਖਿਆਂ ਬਲਾਂ ’ਤੇ ਹਮਲਿਆਂ ਸਣੇ ਕਈ ਹੋਰ ਅਪਰਾਧਾਂ ’ਚ ਸ਼ਾਮਲ ਸਨ। ਮੌਕੇ ਤੋਂ ਹਥਿਆਰ ਤੇ ਗੋਲੀਸਿੱਕਾ ਵੀ ਬਰਾਮਦ ਹੋਇਆ ਹੈ।

