ਪੰਜਾਬਪਟਿਆਲਾ

ਪੰਜਾਬੀ ’ਵਰਸਿਟੀ ਬਾਰੇ ਖੁਲਾਸੇ ਕਰਨ ਵਾਲੇ ਡਾ. ਗਿੱਲ ਨੂੰ ਲਗਾਇਆ ਡੀਨ ਅਕਾਦਮਿਕ !

ਪਟਿਆਲਾ 3 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਰਹਿ ਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਿੰਡੀਕੇਟ ਦੀ ਸਮੇਂ ਸਮੇਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਵਾਲੇ ਅਤੇ ਨਿੱਤ ਨਵੇਂ ਖੁਲਾਸੇ ਕਰਨ ਵਾਲੇ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੂੰ ਪੰਜਾਬੀ ਯੂਨੀਵਰਸਿਟੀ ਡੀਨ ਅਕਾਦਮਿਕ ਲਗਾਇਆ ਗਿਆ। ਡਾ. ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਗੇ ਕਈ ਦਰਪੇਸ਼ ਚੁਣੌਤੀਆਂ, ਪਰ ਉਹ ਨਿੱਜੀ ਤੌਰ ’ਤੇ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਕਰਮਚਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਇਸ ਗੱਲ ’ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਵਿਵਾਦਾਂ ਤੋਂ ਦੂਰ ਰੱਖਿਆ ਜਾਵੇ ਅਤੇ ਜਲਦ ਹੀ ਯੂਨੀਵਰਸਿਟੀ ਨੂੰ ਵਿਵਾਦਾਂ ਤੋਂ ਅਜ਼ਾਦ ਕਰਵਾ ਲਿਆ ਜਾਵੇਗਾ।

ਅੱਜ ਆਏ ਤਾਜ਼ਾ ਫੈਸਲੇ ਅਨੁਸਾਰ ਸਕੂਲ ਅਫ ਮੈਨੇਜਮੈਂਟ ਸਟੱਡੀਜ ਦੇ ਪ੍ਰੋਫ਼ੈਸਰ ਡਾ. ਪੁਸਪਿੰਦਰ ਸਿੰਘ ਗਿੱਲ, ਜੋ ਕਿ ਡੀਨ, ਬਾਹਰੀ ਕੇਂਦਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ, ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਲਗਾਇਆ ਗਿਆ ਹੈ। ਡਾ. ਗਿੱਲ ਨੇ 1987 ਤੋਂ ਯੂਨੀਵਰਸਿਟੀ ਵਿਚ ਫੈਕਲਟੀ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਉਹ ਸੰਨ 2000 ਵਿਚ ਪ੍ਰੋਫੈਸਰ ਬਣੇ ਅਤੇ ਪਿਛਲੇ 3 ਸਾਲਾਂ ਤੋਂ ਯੂਨੀਵਰਸਿਟੀ ਦੇ ਸਭ ਤੋਂ ਸੀਨੀਅਰ ਪ੍ਰੋਫੈਸਰ ਹਨ। ਵਿਦਿਆਰਥੀ ਰਾਜਨੀਤੀ ਵਿਚ ਸਰਗਰਮ ਰਹੇ ਡਾ. ਗਿੱਲ 1981 ਤੋਂ ਯੂਨੀਵਰਸਿਟੀ ਨਾਲ਼ ਜੁੜੇ ਹੋਏ ਹਨ। ਵਿਆਪਕ ਪੱਧਰ ਤੇ ਯਾਤਰਾ ਕਰਨ ਵਾਲੇ ਅਕਾਦਮੀਸ਼ਨ ਡਾ. ਪੁਸਪਿੰਦਰ ਭਾਰਤ ਅਤੇ ਵਿਦੇਸਾਂ ਵਿੱਚ ਬਹੁਤ ਸਾਰੀਆਂ ਅਹਿਮ ਕਾਰਪੋਰੇਟ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਉਹ ਅਮਰੀਕਾ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਫੈਕਲਟੀ ਦੇ ਤੌਰ ਤੇ ਲਗਾਤਾਰ ਜੁੜੇ ਹੋਏ ਹਨ। ਰਾਸਟਰੀ ਅਤੇ ਅੰਤਰਰਾਸਟਰੀ ਨਾਮਵਰ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਣ ਤੋਂ ਇਲਾਵਾ ਉਹ ਸੱਤ ਕਿਤਾਬਾਂ ਵੀ ਲਿਖ ਚੁਕੇ ਹਨ। ਉਹ ਟੈਡ ਟਾੱਕਸ ਲੜੀ ਤਹਿਤ ਭਾਸਣ ਵੀ ਦੇ ਚੁੱਕੇ ਹਨ।ਇੱਕ ਤਜਰਬੇਕਾਰ ਅਕਾਦਮੀਸ਼ਨ ਵਜੋਂ ਉਨ੍ਹਾਂ ਨੇ ਆਪਣੀ ਸਿੱਖਿਆ ਅਤੇ ਖੋਜ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਗਵਾਈ ਪ੍ਰਦਾਨ ਕੀਤੀ ਹੈ।

Leave a Reply

Your email address will not be published. Required fields are marked *