ਕਿਸਾਨਾਂ-ਆੜ੍ਹਤੀਆਂ ਨੂੰ ਦੋਫਾੜ ਕਰਕੇ ਪੰਜਾਬ ਦੀ ਬਾਂਹ ਮਰੋੜਨ ਦੀ ਤਾਕ ’ਚ ਕੇਂਦਰ ਸਰਕਾਰ : ਨਵਜੋਤ ਸਿੱਧੂ
ਕੇਂਦਰ ਸਰਕਾਰ ਵੱਲੋਂ ਕਿਸਾਨਾਂ-ਆੜ੍ਹਤੀਆਂ ਨੂੰ ਦੋਫਾੜ ਕਰਨ ਦਾ ਮਨਸੂਬਾ ਸਫਲ ਨਹੀਂ ਹੋਣ ਦੇਵਾਂਗੇ
ਨਵਜੋਤ ਸਿੱਧੂ ਵੱਲੋਂ ਕੇਂਦਰ ਦੇ ਵੱਡੇ ਛੜਯੰਤਰ ਨੂੰ ਬੇਨਕਾਬ
ਪਟਿਆਲਾ 4 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ) ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਏਪੀਐਮਸੀ (ਮੰਡੀ ਸਿਸਟਮ) ਖਿਲਾਫ ਅਜਿਹਾ ਛਡਯੰਤਰ ਵਰਤਕੇ ਪੰਜਾਬ ਦੇ ਮੰਡੀ ਢਾਂਚੇ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਹੈ, ਜਦਕਿ ਪੰਜਾਬ ਕੇਂਦਰ ਦੇ ਮਾੜੇ ਮਨਸੂਬੇ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ।
ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਵਿਸਾਖੀ ਤੋਂ ਬਾਅਦ ਜੇ ਕੇਂਦਰ ਆਪਣੇ ਫੈਸਲੇ ਨੂੰ ਲਾਗੂ ਵੀ ਕਰਦਾ ਹੈ ਤਾਂ ਕਿਸੇ ਵੀ ਕੀਮਤ ’ਤੇ 25 ਤੋਂ 30 ਫੀਸਦੀ ਤੱਕ ਕਿਸਾਨਾਂ ਨੂੰ ਕੋਈ ਅਦਾਇਗੀ ਹੋਣ ਦੀ ਉਮੀਦ ਨਹੀਂ ਹੈ, ਜਦਕਿ ਕੇਂਦਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦੋਫਾੜ ਕਰਕੇ ਪਾੜੋ ਅਤੇ ਰਾਜ ਕਰਨ ਦੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਝੂਠ ਦੇ ਬੁਨਿਆਦ ’ਤੇ ਖੜੀ ਹੈ, ਜਦਕਿ ਕੇਂਦਰ ਦਾ ਸਭ ਤੋਂ ਵੱਡਾ ਮਨਸੂਬਾ ਮੰਡੀ ਸਿਸਟਮ ਨੂੰ ਤਹਿਸ-ਨਹਿਸ ਕਰਨਾ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪੰਜਾਬ ਸਰਕਾਰ ਦੇ ਖਿਲਾਫ਼ ਖੜਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਸਿੱਧੀ ਅਦਾਇਗੀ ਪਾਏ ਜਾਣ ਦਾ ਦਾਅਵਾ ਕਰਦੇ ਹਨ, ਜਦਕਿ ਪੰਜਾਬ ਕੇਂਦਰ ਸਰਕਾਰ ਮਾੜੇ ਮਨਸੂਬੇ ਅਤੇ ਲਾਲੀਪੌਪ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਇਕੱਠੇ ਹੋਣ ਅਤੇ ਬਿਨਾਂ ਕਿਸੇ ਤੌਹਮਤਬਾਜ਼ੀ ਤੋਂ ਉਪਰ ਉਠ ਕੇ ਆਰਥਿਕ ਮਾਡਲ ਖੜਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਦ ਤੱਕ ਆਰਥਿਕ ਮਾਡਲ ਖੜਾ ਨਹੀਂ ਹੁੰਦਾ ਤਦ ਤੱਕ ਕੇਂਦਰ ਸਾਡੀਆਂ ਬਾਹ ਇਸੇ ਤਰ੍ਹਾਂ ਮਰੋੜਦਾ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦੋਫਾੜ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਨਾਲ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋੋਸ਼ਿਸ਼ ਵਿਚ ਹੈ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਤਿਿਹਸ ਨਹਿਸ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਸੱਚਾਈ ਨੂੰ ਸਮਝਣ ਹੀ ਨਹੀਂ ਦਿੰਦੀ ਅਤੇ ਗੁੜ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ. ਸਿੱਧੂ ਨੇ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਕੋਲ ਕਿਸੇ ਵੀ ਤਰ੍ਹਾਂ ਲੈਂਡ ਰਿਕਾਰਡ ਨਹੀਂ ਹੈ, ਜਦਕਿ ਠੇਕੇ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ 2012 ਵਿਚ ਹੋਏ ਨੈਸ਼ਨਲ ਸੈਂਪਲ ਸਰਵੇ ਰਾਹੀਂ ਇਹ ਦਰਸਾਇਆ ਗਿਆ ਸੀ ਕਿ 24 ਫੀਸਦੀ ਖੇਤੀ ਨੂੰ ਠੇਕੇ ’ਤੇ ਕੀਤੀ ਜਾ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਖੇਤੀ ਨੂੰ ਕਿਸੇ ਵੀ ਲਿਖਤੀ ਆਧਾਰ ’ਤੇ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕ ਦੇਸ਼-ਇਕ ਮਾਰਕੀਟ ਦਾ ਦਾਅਵਾ ਕਰਦਾ ਹੈ, ਪਰ ਦੋਗਲੀ ਨੀਤੀ ਰਾਹੀਂ ਪ੍ਰਾਈਵੇਟ ਮੰਡੀ ਨੂੰ ਪਰਮੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਕਾਨੂੰਨ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਬਾਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਫੈਡਰਲ ਢਾਂਚੇ ’ਤੇ ਸੱਟ ਮਾਰੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਕਿਸੇ ਵੀ ਸੂਰਤ ’ਚ ਆਪਣੀ ਪੱਗ ਨੂੰ ਹੱਥ ਨਹੀਂ ਪੈਣ ਦੇਵੇਗਾ।


