ਟਾਵਰ ’ਤੇ ਚੜ੍ਹੇ ਬੇਰੁਜ਼ਗਾਰਾਂ ਨੂੰ ਹਮਾਇਤ ਦੇਣ ਪੁੱਜੇ ਵਿਧਾਇਕ ਚੰਦੂਮਾਜਰਾ !
26 ਵੇਂ ਦਿਨ ਵੀ ਟਾਵਰ ਤੇ ਡਟੇ ਰਹੇ ਬੇਰੁਜਗਾਰ ਅਧਿਆਪਕ
ਵਿਧਾਨ ਸਭਾ ’ਚ ਉਠਾਵਾਂਗਾ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦਾ ਮੁੱਦਾ : ਚੰਦੂਮਾਜਰਾ
ਪਟਿਆਲਾ 15 ਅਪ੍ਰੈਲ (ਅਮਰੀਕਇੰਦਰ ਸਿੰਘ/ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਰੁਜਗਾਰ ਦੀ ਮੰਗ ਨੂੰ ਲੈ ਕੇ ਬੀ.ਐੱਸ.ਐੱਨ.ਐਲ ਟਾਵਰ ਤੇ ਲਗਾਤਾਰ 26 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ । ਭੁੱਖੇ ਪਿਆਸੇ ਰਹਿਣ ਕਾਰਨ ਦਿਨ ਬ ਦਿਨ ਦੋਵੇਂ ਬੇਰੁਜਗਾਰ ਅਧਿਆਪਕਾਂ ਦੀ ਸਰੀਰਕ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ।
ਬੇਰੁਜਗਾਰ ਅਧਿਆਪਕਾਂ ਨੂੰ ਸਰੀਰਕ ਕਮਜ਼ੋਰੀ ਕਰਕੇ ਬੋਲਣ ਸਮੇਂ ਤੇ ਖਡ੍ਹੇ ਹੋਣ ਸਮੇਂ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸੁਰਿੰਦਰਪਾਲ ਗੁਰਦਾਸਪੁਰ ਦੀ ਹਾਲਤ ਇੰਨੀ ਗੰਭੀਰ ਹੁੰਦੀ ਜਾ ਰਹੀ ਕਿ ਉਸ ਦੇ ਪੈਰਾਂ ਦੀ ਚਮੜੀ ਆਪਣੇ ਆਪ ਉਖੜਨ ਲੱਗ ਗਈ ਹੈ । ਉਨ੍ਹਾਂ ਵਿੱਚ ਕਮਜੋਰੀ ਦਿਨ-ਬ-ਦਿਨ ਹੋਰ ਵਧਦੀ ਜਾ ਰਹੀ ਹੈ । ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹਲਾਤਾਂ ਵਿੱਚ ਹੈ ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਜਸਪ੍ਰੀਤ ਸਿੰਘ ਬੱਟਾ, ਗੁਰਵਿੰਦਰ ਸਿੰਘ, ਜਸਵੰਤ ਸਿੰਘ ਖੋਖਰ,ਨਿਸਾਨ ਸਿੰਘ, ਰਾਜਬੀਰ ਅਤੇ ਬੰਟੀ ਆਦਿ ਲੀਲਾ ਭਵਨ ਬੇਰੁਜਗਾਰ ਅਧਿਆਪਕਾਂ ਦੀ ਹਮਾਇਤ ਲਈ ਪਹੁੰਚੇ । ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੌਕੇ ਤੇ ਬੇਰੁਜਗਾਰਾਂ ਨਾਲ ਫੋਨ ਤੇ ਗੱਲਬਾਤ ਕੀਤੀ ਬੇਰੁਜਗਾਰ ਅਧਿਆਪਕਾਂ ਤੋਂ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਬੇਰੁਜਗਾਰਾਂ ਨਾਲ ਹਰ ਸਮੇਂ ਖੜ੍ਹੇ ਰਹਿਣਗੇ ।
ਇਸ ਮੌਕੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਕੋਰੋਨਾ ਨਾਲੋਂ ਵੱਧ ਖ਼ਤਰਾ ਕੈਪਟਨ ਸਰਕਾਰ ਤੋਂ ਹੈ । ਕੈਪਟਨ ਸਰਕਾਰ ਨੇ ਕਰੋਨਾ ਦੀ ਆੜ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਅਸਾਮੀਆਂ ਖ਼ਤਮ ਕਰ ਕੇ ਨਿੱਜੀਕਰਨ ਦੀ ਨੀਤੀਆਂ ਨੂੰ ਲਾਗੂ ਕਰਨ ਤੇ ਲੱਗੀ ਹੋਈ ਹੈ ਜਿਸ ਨਾਲ ਕਿ ਹਜ਼ਾਰਾਂ ਬੇਰੁਜ਼ਗਾਰ ਜੋ ਸਰਕਾਰੀ ਨੌਕਰੀ ਦੇ ਸੁਪਨੇ ਲੈ ਰਹੇ ਸੀ ਉਨ੍ਹਾਂ ਦੇ ਸੁਪਨਿਆਂ ਨੂੰ ਤਬਾਹ ਕੀਤਾ ਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ । ਕੈਪਟਨ ਸਰਕਾਰ ਵੱਲੋਂ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਰੋਨਾ ਦੇ ਨਾਂ ਹੇਠ ਪੰਜਾਬ ਵਿੱਚ ਵੱਖ ਵੱਖ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਦੋਂ ਇਨ੍ਹਾਂ ਨੇ ਸਿਆਸੀਆਂ ਰੈਲੀਆਂ ਕਰਨੀਆਂ ਹੁੰਦੀਆਂ ਤਾਂ ਕੋਰੋਨਾ ਕਿਤੇ ਵੀ ਦਿਖਾਈ ਨਹੀਂ ਦਿੰਦਾ ।

