ਟੈਂਕੀ ’ਤੇ ਜਾ ਚੜ੍ਹੇ ਆਸ਼ਰਿਤ ਪਰਿਵਾਰਾਂ ਦੇ ਵਾਰਸ !
ਪਾਵਰਕਾਮ ਦਫਤਰ ਦੇ ਬਾਹਰ ਦਿੱਤਾ ਧਰਨਾ, ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਪਟਿਆਲਾ 15 ਅਪ੍ਰੈਲ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ)
ਸੀ.ਐਮ. ਸਿਟੀ ’ਚ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰੇ ਅਤੇ ਚੱਲ ਰਹੇ ਸੰਘਰਸ਼ ਲਗਾਤਾਰ ਜਾਰੀ ਹਨ, ਉਥੇ ਹੀ ਬੀਐਸਐਨਐਲ ਟਾਵਰ ’ਤੇ ਈਟੀਟੀ ਬੇਰਜ਼ਗਾਰ ਅਧਿਆਪਕਾਂ ਤੋਂ ਬਾਅਦ ਬਿਜਲੀ ਬੋਰਡ ਦੇ ਮਿ੍ਰਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਵੀਂ ਨੌਕਰੀ ਦੀ ਪ੍ਰਾਪਤੀ ਨੂੰ ਲੈ ਕੇ ਅੱਜ ਆਯੂਰਵੈਦਿਕ ਕਾਲਜ ਦੀ ਟੈਂਕੀ ’ਤੇ ਚੜ੍ਹ ਗਏ।
ਆਸ਼ਰਿਤ ਦੇ ਵਾਰਸਾਂ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਬਲਕਿ ਨੌਕਰੀ ਚਾਹੀਦੀ ਹੈ। ਆਸ਼ਰਿਤ ਮੁਲਾਜ਼ਮ ਜਿਸ ਟੈਂਕੀ ’ਤੇ ਚੜਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਉਹ ਮੁੱਖ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਥੋੜ੍ਹੀ ਕੁ ਦੂਰੀ ’ਤੇ ਹੈ।
ਟੈਂਕੀ ’ਤੇ ਚੜ੍ਹਨ ਤੋਂ ਬਾਅਦ ਆਸ਼ਰਿਤ ਵਾਰਸਾਂ ਨੇ ਮੰਗਾ ਵਾਲਾ ਪੈਂਫਲੈਂਟ ਹੇਠਾਂ ਸੁੱਟਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਆਹ ਸਾਡੀਆਂ ਮੰਗਾਂ ਹਨ, ਜਿਸ ਨੂੰ ਪ੍ਰਵਾਨ ਕਰਦੇ ਹੋ ਤਾਂ ਅਸੀਂ ਟੈਂਕੀ ਤੋਂ ਹੇਠਾਂ ਉਤਰ ਆਵਾਂਗੇ। ਆਸ਼ਰਤ ਪਰਿਵਾਰਾਂ ਦੇ ਵਾਰਸਾਂ ਦਾ ਲਗਾਤਾਰ ਧਰਨਾ ਪੰਜਾਬ ਰਾਜ ਬਿਜਲੀ ਬੋਰਡ ਦੇ ਮੁੱਖ ਦਫਤਰ ਦੇ ਬਾਹਰ ਵੀ ਜਾਰੀ ਰਿਹਾ। ਆਸ਼ਰਿਤਾਂ ਦੇ ਵਾਰਸਾਂ ਨੇ ਕਿਹਾ ਕਿ ਬਿਜਲੀ ਬੋਰਡ ਵਿਚ ਕੰਮ ਕਰਦੇ ਮਿ੍ਰਤਕ ਮੁਲਾਜ਼ਮਾਂ ਦੇ ਵਾਰਸ ਹਾਂ ਅਤੇ ਸੇਵਾ ਕਾਲ ਦੌਰਾਨ ਮੌਤ ਤੋਂ ਬਾਅਦ ਸਾਨੂੰ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਬੋਰਡ ਆਸ਼ਰਿਤ ਪਰਿਵਾਰ ਦਾ ਬਣਦਾ ਨੌਕਰੀ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਭਵਿੱਖ ਵਿਚ ਨੌਕਰੀਆਂ ਲਾਗੂ ਹੋਣਗੀਆਂ ਤਾਂ ਉਸ ਸਮੇਂ ਤੁਰੰਤ ਨੌਕਰੀ ਕੇਸ ਨੂੰ ਪਹਿਲ ਦੇਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2010 ਤੋਂ ਨੌਕਰੀ ’ਤੇ ਲੱਗੀ ਰੋਕ ਬੋਰਡ ਵੱਲੋਂ ਹਟਾ ਦਿੱਤੀ ਗਈ ਅਤੇ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀ ਦੇਣੀ ਸ਼ੁਰੂ ਕੀਤੀ ਗਈ, ਪ੍ਰੰਤੂ ਬਹੁਤ ਸਾਰੇ ਕੇਸਾਂ ਨੂੰ ਪੈਂਡਿੰਗ ਰੱਖਿਆ ਹੋਇਆ। ਉਨ੍ਹਾਂ ਕਿਹਾ ਕਿ ਡੈਥ ਕੇਸਾਂ ਦੇ ਪਰਿਵਾਰਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਵਰਕਾਮ ਲੰਮੇ ਸਮੇਂ ਤੋਂ ਲਾਰੇ ਲਗਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿੇ ਸੋਲੇਸੀਅਮ ਪਾਲਿਸੀ ਖ਼ਤਮ ਕਰਕੇ ਪੰਜਾਬ ਸਰਕਾਰ ਦੀ ਤਰਜ਼ ’ਤੇ 2010 ਤੋਂ ਪਹਿਲਾਂ ਵਾਲੇ ਮਿ੍ਰਤਕਾਂ ਨੂੰ ਤਰਸ ਦੇ ਆਧਾਰ ’ਤੇ ਸਿਰਫ ਨੌਕਰੀ ਦੇਣ ਲਈ ਬਣਾਈ 2013 ਦੀ ਪਾਲਿਸੀ ਮੀਮੋ ਨੰ: 9412/10597/ਏਐਨਜੀ-7 (1) 239 ਏ ਇੰਨ-ਬਿਨ ਲਾਗੂ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਸਾਡੀ ਮੰਗ ਪ੍ਰਵਾਨ ਨਹੀਂ ਕੀਤਾ ਜਾਂਦੀ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

