ਪਟਿਆਲਾ

ਵਿਧਾਇਕ ਕੰਬੋਜ ਤੇ ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਮੰਡੀ ਦਾ ਦੌਰਾ

ਰਾਜਪੁਰਾ, 20 ਅਪ੍ਰੈਲ (ਮਧੂਸਾਰ ਬਿਊਰੋ) ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਰਾਜਪੁਰਾ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ, ਜ਼ਿਲ੍ਹਾ ਮੰਡੀ ਅਫ਼ਸਰ, ਆੜਤੀਆਂ ਤੋਂ ਇਲਾਵਾ ਕਿਸਾਨਾਂ ਨਾਲ ਮੀਟਿੰਗ ਕਰਕੇ ਕਣਕ ਦੀ ਖਰੀਦ ‘ਚ ਤੇਜੀ ਲਿਆਉਣ ‘ਤੇ ਵਿਚਾਰ ਵਟਾਂਦਰਾ ਕੀਤਾ।

ਇਸ ਮਗਰੋਂ ਐਮ.ਐਲ.ਏ. ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਗੱਲੋਂ ਵਚਨਬੱਧ ਹੈ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ‘ਚ ਪਿਛਲੀਆਂ 8 ਫ਼ਸਲਾਂ ਹੱਥੋ-ਹੱਥ ਵਿਕੀਆਂ ਸਨ, ਇਸ ਵਾਰ ਬਾਰਦਾਨੇ ਦੀ ਸਮੱਸਿਆ ਕਰਕੇ ਥੋੜੀ ਮੁਸ਼ਕਿਲ ਆਈ ਸੀ ਪਰੰਤੂ ਮੁੱਖ ਮੰਤਰੀ ਨੇ ਇਸ ਕੰਮ ‘ਚ ਨਿਜੀ ਦਿਲਚਲਪੀ ਲੈਂਦਿਆਂ ਇਹ ਮੁਸ਼ਕਿਲ ਵੀ ਹੱਲ ਕਰਵਾਈ ਹੈ ਅਤੇ ਹੁਣ ਕਿਸਾਨਾਂ ਦੀ ਫਸਲ ਦੀ ਖਰੀਦ ਨਾਲੋ-ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਜਿੱਥੇ ਕਿਤੇ ਖਰੀਦ ਪ੍ਰਕਿ੍ਰਆ ‘ਚ ਖੜੋਤ ਆ ਰਹੀ ਸੀ, ਉਸਨੂੰ ਦੂਰ ਕਰਵਾ ਦਿੱਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਰਾਜਪੁਰਾ ਮੰਡੀ ‘ਚ ਜਿਹੜੇ ਕਿਸਾਨ ਆਪਣੀ ਜਿਣਸ ਲੈਕੇ ਪੁੱਜੇ ਹਨ, ਉਨ੍ਹਾਂ ਦੀ ਕਣਕ ਦੀ ਖਰੀਦ ਤੁਰੰਤ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਖਰੀਦ ਪ੍ਰਕਿ੍ਰਆ ਦੀ ਖ਼ੁਦ ਮੋਨੀਟਰਿੰਗ ਕਰ ਰਹੇ ਹਨ, ਇਸ ਲਈ ਫ਼ਸਲ ਦੀ ਖਰੀਦ ‘ਚ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸੀਜਨ ‘ਚ ਰਾਜਪੁਰਾ ਮੰਡੀ ਵਿਖੇ ਕਣਕ ਦੀ ਭਰਵੀਂ ਆਮਦ ਦਰਜ ਕੀਤੀ ਗਈ ਹੈ, ਪਿਛਲੀ ਵਾਰ ਇਸ ਸਮੇਂ ਤੱਕ 67 ਹਜ਼ਾਰ ਮੀਟਿ੍ਰਕ ਟਨ ਦੀ ਆਮਦ ਹੋਈ ਸੀ ਜਦਕਿ ਇਸ ਵਾਰ ਸੀਜਨ ਦੇਰੀ ਨਾਲ ਸ਼ੁਰੂ ਹੋਣ ਦੇ ਬਾਵਜੂਦ ਵੀ 64 ਹਜ਼ਾਰ ਮੀਟਿ੍ਰਕ ਟਨ ਕਣਕ ਰਾਜਪੁਰਾ ਮੰਡੀ ‘ਚ ਪੁੱਜ ਚੁੱਕੀ ਹੈ ਅਤੇ ਫ਼ਸਲ ਚੰਗੀ ਤੇ ਭਰਵੀਂ ਹੋਣ ਕਰਕੇ ਇਸ ਮੰਡੀ ‘ਚ ਇਸ ਵਾਰ 1 ਲੱਖ ਮੀਟਿ੍ਰਕ ਟਨ ਦੇ ਕਰੀਬ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਹਲਕਾ ਵਿਧਾਇਕ ਸ੍ਰੀ ਕੰਬੋਜ ਅਤੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਦਰਪੇਸ਼ ਬਾਰਦਾਨੇ ਦੀ ਸਮੱਸਿਆ ਦਾ ਹੱਲ ਕਰਕੇ ਕਿਸਾਨਾਂ ਦੀ ਸਾਰੀ ਫ਼ਸਲ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇਗੀ।
ਮੀਟਿੰਗ ‘ਚ ਐਸ.ਡੀ.ਐਮ. ਰਾਜਪੁਰਾ ਖੁਸ਼ਦਿਲ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਪਨਸਪ ਦੇ ਡੀ.ਐਮ. ਬਨਦੀਪ ਸਿੰਘ ਕਾਲੇਕਾ, ਮਾਰਕਫੈਡ ਦੇ ਡੀ.ਐਮ. ਵਿਪਨ ਸਿੰਗਲਾ, ਵੇਅਰਹਾਊਸ ਦੇ ਡੀ.ਐਮ. ਮਨਦੀਪ ਸਿੰਘ, ਐਫ.ਸੀ.ਆਈ. ਦੇ ਡੀ.ਐਮ. ਆਕਾਸ਼, ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ, ਸਕੱਤਰ ਮਾਰਕੀਟ ਕਮੇਟੀ ਜੈ ਵਿਜੇ ਤੋਂ ਇਲਾਵਾ ਕਿਸਾਨਾਂ ਸਮੇਤ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *