ਪਟਿਆਲਾ

ਕਣਕ ਦੀ ਖਰੀਦ ਦੇ ਗਲਤ ਆਂਕੜੇ ਪੇਸ਼ ਕਰਕੇ ਸਰਕਾਰ ਆਪਣੀਆਂ ਨਾਲਾਇਕੀਆਂ ਛੁਪਾ ਰਹੀ ਹੈ : ਪ੍ਰੋ. ਚੰਦੂਮਾਜਰਾ

ਕੇਂਦਰ ਦੇ ਇਸ਼ਾਰੇ ’ਤੇ ਕਾਂਗਰਸ ਜਾਣਬੁਝ ਕੇ ਕਿਸਾਨਾ ਨੂੰ ਕਰ ਰਹੀ ਹੈ ਖੱਜਲ ਖੁਆਰ
ਪਟਿਆਲਾ, 22 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਖਰੀਦ ਦੇ ਗਲਤ ਆਂਕੜੇ ਭੇਜ ਕੇ ਕਿਸਾਨਾ ਨੂੰ ਜਿਥੇ ਗੁੰਮਰਾਹ ਕਰ ਰਹੀ ਹੈ, ਉਥੇ ਆਪਣੀਆਂ ਨਾਲਾਇਕੀਆਂ ਛੁਪਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਲਾਇਕੀਆਂ ਅਤੇ ਲਾਪਰਵਾਹੀ ’ਤੇ ਪਰਦਾ ਪਾਉਣ ਲਈ ਇੱਕ ਝੂਠ ਨੂੰ 100 ਵਾਰ ਬੋਲ ਕੇ ਸੱਚ ਸਾਬਤ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾ ਨੂੰ ਕਣਕ ਦੀ ਪੇਮੈਂਟ ਦੇ ਜਿਹੜੇ ਅੰਕੜੇ ਪੇਸ਼ ਕੀਤੇ ਗਏ ਹਨ ਉਹ ਕਈ ਕਿਸਮ ਦੇ ਸੰਕੇ ਅਤੇ ਹੈਰਾਨੀ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 6 ਹਜ਼ਾਰ ਕਰੋੜ ਵਿਚੋਂ 3400 ਕਰੋੜ ਦੀ ਪੇਮੈਂਟ ਹੋਣ ਦਾ ਦਾਆਵਾ ਕੀਤਾ ਗਿਆ ਹੈ।

ਪਰ ਨਾਲ ਹੀ ਮੰਡੀ ਬੋਰਡ ਦੇ ਆਂਕੜੇ ਸੱਚਾਈ ਪੇਸ਼ ਕਰ ਰਹੇ ਹਨ ਕਿ ਮੰਡੀਆਂ ਵਿਚ 75 ਲੱਖ ਮੀਟਿ੍ਰਕ ਟਨ ਮੰਡੀਆਂ ਵਿਚ ਆ ਚੁੱਕੀ ਹੈ, ਜਿਸ ਵਿਚੋਂ 45 ਲੱਖ ਮੀਟਿ੍ਰਕ ਟਨ ਨਾ ਤਾਂ ਬੋਰੀਆਂ ਵਿਚ ਭਰੀ ਗਈ ਹੈ ਅਤੇ ਨਾ ਹੀ ਤੋਲੀ ਗਈ ਹੈ। ਜਿਸ ਤੋਂ ਸਾਰਾ ਕੁਝ ਸਾਫ ਹੋ ਜਾਂਦਾ ਹੈ ਕਿ ਸਰਕਾਰ ਕਿਸ ਤਰ੍ਹਾਂ ਗਲਤ ਆਂਕੜੇ ਪੇਸ਼ ਕਰਕੇ ਆਪਣੀਆਂ ਨਾਲਾਇਕੀਆਂ ’ਤੇ ਪਰਦੇ ਪਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਸਲੀ ਗੱਲ ਇਹ ਹੈ ਕਿ ਸਰਕਾਰ ਨੇ ਕਣਕ ਦੀ ਖਰੀਦ ਦੇ ਮਾਮਲੇ ਵਿਚ ਆਪਣੀ ਬੇਬਸੀ ਜਾਹਿਰ ਕਰ ਦਿੱਤੀ ਹੈ ਅਤੇ ਜਿਸ ਤਰ੍ਹਾਂ ਆੜ੍ਹਤੀਆਂ ਅਤੇ ਕਿਸਾਨਾ ਨੂੰ ਆਪ ਬਾਰਦਾਨੇ ਦਾ ਪ੍ਰਬੰਧ ਕਰਨ ਨੂੰ ਕਹਿ ਕੇ ਆਪਣਾ ਪੱਲਾ ਛੁਡਾਉਣ ਦਾ ਯਤਨ ਕੀਤਾ ਹੈ, ਉਸ ਤੋਂ ਸਾਫ ਹੈ ਕਿ ਸਰਕਾਰ ਨੇ ਕਣਕ ਦੀ ਖਰੀਦ ਕਰਨ ਦੇ ਮਾਮਲੇ ਵਿਚ ਆਪਣੇ ਹੱਥ ਖੜੇ ਕਰ ਦਿੱਤੇ ਹਨ ਅਤੇ ਸਿੱਧੇ ਤੌਰ ’ਤੇ ਆਪਣੀ ਅਸਫਲਤਾ ਸਵੀਕਾਰ ਕਰ ਲਈ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਮੋਦੀ ਅਤੇ ਮੌਸਮ ਨੇ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਅਤੇ ਦੂੁਜੇ ਪਾਸੇ ਕਾਂਗਰਸ ਸਰਕਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਇਸ ਸਥਿਤੀ ਵਿਚ ਮੂਕ ਦਰਸਕ ਬਣ ਕੇ ਨਹੀਂ ਦੇਖੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵਰਕਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਮੰਡੀਆਂ ਵਿਚ ਰਹਿਣ ਅਤੇ ਅਕਾਲੀ ਦਲ ਹਲਕਾ ਇੰਚਾਰਜ਼ ਅਤੇ ਵਿਧਾਇਕਾਂ ਵੱਲੋਂ 24 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਯਾਦ ਪੱਤਰ ਦਿੱਤੇ ਜਾਣਗੇ। ਜਿਸ ਵਿਚ ਚੋਣਵੇਂ ਆਗੂ ਹੀ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜੇਕਰ ਹਾਲਾਤ ਠੀਕ ਨਾ ਹੋਏ ਤਾਂ ਅਕਾਲੀ ਦਲ ਦਾ ਇੱਕ ਉਚ ਪੱਧਰੀ ਵਫਦ ਰਾਜਪਾਲ ਨੂੰ ਮਿਲੇਗਾ। 

Leave a Reply

Your email address will not be published. Required fields are marked *