ਮੁੱਖ ਮੰਤਰੀ ਵੱਲੋਂ ਮੈਡੀਕਲ ਆਕਸੀਜਨ ਦੀ ਜਮ੍ਹਾਂਖੋਰੀ ਖਿਲਾਫ ਕਾਰਵਾਈ ਕਰਨ ਦੇ ਹੁਕਮ !
ਹੈਲਪਲਾਈਨ ਰਾਹੀਂ ਬੈੱਡਾਂ ਦੀ ਮੌਜੂਦਾ ਸਥਿਤੀ ਬਾਰੇ ਫੌਰੀ ਜਾਣਕਾਰੀ ਹੋਵੇਗੀ ਹਾਸਲ
ਚੰਡੀਗੜ੍ਹ, 22 ਅਪਰੈਲ (ਮਧੂਸਾਰ ਬਿਊਰੋ) ਸੂਬਾ ਸਰਕਾਰ ਦੀ 104 ਹੈਲਪਲਾਈਨ ਨੰਬਰ ਰਾਹੀਂ ਹਸਪਤਾਲਾਂ ਵਿਚ ਮੌਜੂਦਾ ਬੈੱਡਾਂ ਬਾਰੇ 24 ਘੰਟੇ ਫੌਰੀ ਜਾਣਕਾਰੀ ਹਾਸਲ ਹੋਵੇਗੀ।
ਇਸ ਬਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਫੈਸਲਾ ਲਿਆ।
ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਕੋਵਿਡ ਮਰੀਜ਼ਾਂ ਲਈ ਬੈੱਡਾਂ ਦੀ ਘਾਟ ਉਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਸਪਤਾਲਾਂ ਵਿਚ ਬੈੱਡਾਂ ਦੀ ਮੌਜੂਦਗੀ ਦੇ ਸਬੰਧ ਵਿਚ ਵਰਤਮਾਨ ਸਥਿਤੀ ਦੇ ਮੁਕਾਬਲਤਨ ਪੰਜਾਬ ਵਿਚ ਸਥਿਤੀ ਠੀਕ ਹੈ।
ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕੋਵਿਡ ਸੰਭਾਲ ਲਈ ਐਲ-2 ਅਤੇ ਐਲ-3 ਸੁਵਿਧਾਵਾਂ ਵਿਚ 75 ਫੀਸਦੀ ਬੈੱਡ ਰਾਖਵੇਂ ਰੱਖਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਚੋਣਵੀਆਂ ਸਰਜਰੀਆਂ ਉਤੇ ਮੁਕੰਮਲ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਤਾਂ ਕਿ ਹਸਪਤਾਲ ਕੋਵਿਡ ਮਰੀਜ਼ਾਂ ਦੇ ਇਲਾਜ ਉਪਰ ਧਿਆਨ ਦੇ ਸਕਣ।
ਮੁੱਖ ਮੰਤਰੀ ਨੇ ਸੂਬੇ ਵਿਚ ਮਿਲਟਰੀ ਹਸਪਤਾਲਾਂ ਵਿਚ ਕੋਵਿਡ ਸੰਭਾਲ ਲਈ ਸਮਰਪਿਤ ਤੌਰ ਉਤੇ ਹੋਰ ਬੈੱਡਾ ਅਤੇ ਮਨੁੱਖੀ ਸ਼ਕਤੀ ਦੀ ਵਿਵਸਥਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਪੱਛਮੀ ਕਮਾਂਡ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਤਾਜਾ ਬੰਦਿਸ਼ਾਂ ਨਾਲ ਸਮੁੱਚੇ ਤੌਰ ਉਤੇ ਸਥਿਤੀ ਸਥਿਰ ਹੋਈ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕ ਦਰ ਪਹਿਲਾਂ ਹੀ 1.75 ਫੀਸਦੀ ਤੋਂ ਘਟ ਕੇ 1.4 ਫੀਸਦੀ ਉਤੇ ਆ ਗਈ ਹੈ। ਉਨ੍ਹਾਂ ਕਿਹਾ, ‘‘ਸਾਡੀ 1.09 ਦੀ ਆਰ ਨੌਟ ਵੈਲਯੂ ਖੇਤਰ ਵਿਚ ਘੱਟ ਹੈ ਅਤੇ ਕੌਮੀ ਔਸਤ ਤੋਂ ਵੀ ਬਹੁਤ ਥੱਲ੍ਹੇ ਹੈ ਪਰ ਸਾਡੀ ਪਾਜੇਟੀਵਿਟੀ ਦਰ ਅਜੇ ਵੀ 10.3 ਫੀਸਦੀ ਦੀ ਉਚਾਈ ਉਤੇ ਬਣੀ ਹੋਈ ਹੈ।‘‘ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਢਿੱਲ ਲਈ ਕੋਈ ਥਾਂ ਨਹੀਂ ਅਤੇ ਸੂਬੇ ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਪੁਲੀਸ ਵਿਭਾਗ ਨੂੰ ਕਿਹਾ ਕਿ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਸੂਬੇ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸੇ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਰਕਾਰੀ ਨੇਮਾਂ ਮੁਤਾਬਕ ਸੀਮਿਤ ਇਕੱਠ ਨੂੰ ਯਕੀਨੀ ਬਣਾਉਣ ਲਈ 220 ਕੰਟੈਕਟ ਟ੍ਰੇਸਿੰਗ ਟੀਮਾਂ ਦਿਨ-ਰਾਤ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਭਰ ਵਿਚ ਕਸੂਰਵਾਰ ਮੈਰਿਜ ਪੈਲੇਸ ਮਾਲਕਾਂ ਦੇ ਖਿਲਾਫ 156 ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀਆਂ ਹਨ।

