ਲਾਕਡਾਊਨ ! ਹੋਟਲ ‘ਕਲੈਰੀਇਨ’ ਵਿਖੇ ਚੁੱਪ-ਚੁਪੀਤੇ ‘ਆਈਲੈਟਸ’ ਦਾ ਪੇਪਰ, ਮੂਕ ਰਹੀ ਪੁਲਿਸ !
-ਸਰਕਾਰੀ ਗੱਡੀਆਂ ’ਚ ਵਿਖਾਈ ਦਿੱਤੇ ਅਧਿਕਾਰੀ ਬੱਚਿਆਂ ਨੂੰ ਛੱਡਕੇ ਚੱਲਦੇ ਬਣੇ !
-‘ਆਈਡੀਪੀ’ ਆਈਲੈਟਸ ਕੰਪਨੀ ਨੇ ਪੇਪਰ ਲਈ ਵਿਦਿਆਰਥੀਆਂ ਨੂੰ ਸੱਦਿਆ
-ਪੇਪਰ ਦੇਣ ਤੋਂ ਵਾਂਝੇ ਰਹੇ ਵਿਦਿਆਰਥੀ ਹੋਟਲ ਦੇ ਬਾਹਰ ਹੁੰਦੇ ਰਹੇ ਖੱਜਲ-ਖੁਆਰ
ਪਟਿਆਲਾ 25 ਅਪ੍ਰੈਲ (ਕੰਵਰ ਸਿੰਘ ਬੇਦੀ/ਮਧੂਸਾਰ ਬਿਊਰੋ) ਕਰੋਨਾ ਕਹਿਰ ਦੇ ਮੱਦੇਨਜ਼ਰ ਜਿਥੇ ਵਿਦਿਆਰਥੀਆਂ ਦੀਆਂ ਕਲਾਸਾਂ ਅਤੇ ਪੇਪਰ ਰੱਦ ਹੋ ਚੁੱਕੇ ਹਨ, ਉਥੇ ਹੀ ਚੁੱਪ-ਚੁਪੀਤੇ ਵਿਦਿਆਰਥੀਆਂ ਦੇ ਪੇਪਰ ਵੀ ਲਏ ਜਾ ਰਹੇ ਹਨ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਸਾਹਮਣੇ ਆਇਆ। ਕਰੋਨਾ ਨਾਲ ਨਜਿੱਠਣ ਲਈ ਲਾਕਡਾਊਨ ਲਗਾਇਆ ਗਿਆ, ਪਰ ਇਹ ਲਾਕਡਾਊਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਹੀ ਲਾਗੂ ਨਾ ਕਰਵਾ ਸਕਿਆ ਅਤੇ ਲਾਕਡਾਉਨ ਦੌਰਾਨ ਸ਼ਰੇਆਮ ਧੱਜੀਆਂ ਉਡਦੀਆਂ ਵਿਖਾਈ ਦਿੱਤੀਆਂ।

ਸਰਹਿੰਦ ਰੋਡ ’ਤੇ ਸਥਿਤ ਹੋਟਲ ‘ਕਲੈਰੀਇਨ’ ਵਿਖੇ ਅੱਜ ਬਹੁਤ ਸਾਰੇ ਵਿਦਿਆਰਥੀ ਚੁੱਪ-ਚੁੱਪੀਤੇ ਆਈਲੈਟਸ ਦਾ ਪੇਪਰ ਦੇਣ ਪੁੱਜੇ। ਹੋਟਲ ਵਿਚ ਆਈਲੈਟਸ ਦਾ ਇਹ ਪੇਪਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਸੀ। ਆਈਲੈਟਸ ਪੇਪਰ ਕਰਵਾਉਣ ਲਈ ਸੀਨੀਅਰ ਉਚ ਅਧਿਕਾਰੀ ਆਪਣੀਆਂ ਪ੍ਰਸ਼ਾਸਿਨਕ ਗੱਡੀਆਂ ਰਾਹੀਂ ਹੋਟਲ ਵਿਖੇ ਪੁੱਜਦੇ ਵਿਖਾਈ ਦਿੱਤੇ, ਜੋ ਆਪਣੇ ਬੱਚਿਆਂ ਨੂੰ ਹੋਟਲ ਵਿਖੇ ਉਤਾਰ ਕੇ ਚੱਲਦੇ ਬਣੇ, ਜਿਸ ਤੋਂ ਸਪੱਸ਼ਟ ਸੀ ਕਿ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਸ਼ਾਰੇ ’ਤੇ ਪੁਲਿਸ ਕਰਮੀ ਹੋਟਲ ਵਿਚ ਬੈਠ ਕੇ ਇਹ ਪੇਪਰ ਕਰਵਾ ਰਹੇ ਸਨ। ਇਹ ਪੇਪਰ ‘ਆਈਡੀਪੀ’ ਆਈਲੈਟਸ ਕੰਪਨੀ ਵੱਲੋਂ ਹੋਟਲ ‘ਕਲੈਰੀਇਨ’ ਵਿਖੇ ਪੇਪਰ ਕਰਵਾਏ ਜਾਣ ਦੀ ਸ਼ੁਰੂਆਤ 24 ਅਪ੍ਰੈਲ ਤੋਂ ਹੋ ਚੁੱਕੀ ਸੀ। ਆਈਲੈਟਸ ਕੰਪਨੀ ਵੱਲੋਂ ਹੋਟਲ ਵਿਚ ਦੋ ਦਿਨ ਲਈ ਬੁੰਕਿੰਗ ਕਰਵਾਈ ਗਈ, ਜਿਥੇ ਵਿਦਿਆਰਥੀ ਪੇਪਰ ਦੇਣ ਲਈ ਵੱਖ-ਵੱਖ ਸਮਿਆਂ ਅਨੁਸਾਰ ਹੋਟਲ ਵਿਚ ਪੁੱਜ ਰਹੇ ਸਨ। ਲਾਕਡਾਊਨ ਦੌਰਾਨ ਪੇਪਰ ਕਰਵਾਏ ਜਾਣ ਸਬੰਧੀ ਜਦੋਂ ਪੱਤਰਕਾਰਾਂ ਨੇ ਪੋਲ ਖੋਲ੍ਹੀ ਤਾਂ ਹੋਟਲ ਮੈਨੇਜਰ ਦਾ ਕਹਿਣਾ ਸੀ ਕਿ ਹੋਟਲ ਵਿਚ ਕੋਈ ਪੇਪਰ ਚੱਲ ਹੀ ਨਹੀਂ ਰਿਹਾ।

ਹੋਟਲ ਵਿਚ ਹਫੜਾ-ਦਫੜੀ ਮਚਣ ਤੋਂ ਬਾਅਦ ਅੰਦਰ ਬੈਠੇ ਥਾਣਾ ਤਿ੍ਰਪੜੀ ਦੇ ਪੁਲਿਸ ਅਧਿਕਾਰੀ ਬਾਹਰ ਨਿਕਲਦੇ ਹੋਏ ਮੈਨੇਜਰ ਦੇ ਹੱਕ ਵਿਚ ਭੁਗਤਦੇ ਹੋਏ ਆਖਦੇ ਹਨ ਇਥੇ ਕੋਈ ਪੇਪਰ ਨਹੀਂ ਚੱਲ ਰਿਹਾ, ਜਦਕਿ ਪੁਲਿਸ ਅਧਿਕਾਰੀਆਂ ਨਾਲ ਮਿਲੀਭੁਗਤ ਤੋਂ ਬਾਅਦ ਜਿਹੜੇ ਜਿਹੜੇ ਵਿਦਿਆਰਥੀ ਪੇਪਰ ਦਿੰਦੇ ਰਹੇ, ਉਨ੍ਹਾਂ ਨੂੰ ਹੋਟਲ ਦੇ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਜਾਣ ਲੱਗਾ। ਆਖਰ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਗਈ, ਜਦੋਂ ਦਿੱਤੇ ਸਮੇਂ ’ਤੇ ਵਿਦਿਆਰਥੀਆਂ ਨੇ ਹੋਟਲ ਵਿਚ ਪੁੱਜਣਾ ਸ਼ੁਰੂ ਕਰ ਦਿੱਤਾ। ਮਾਪਿਆਂ ਨਾਲ ਪੁੱਜੇ ਵਿਦਿਆਰਥੀਆਂ ਨੂੰ ਹੋਟਲ ਵਿਚ ਨਾ ਜਾਣ ਦਿੱਤਾ ਗਿਆ ਤੇ ਆਖਿਆ ਕਿ ਇਥੇ ਕੋਈ ਪੇਪਰ ਨਹੀਂ ਹੋ ਰਿਹਾ। ਵਿਦਿਆਰਥੀਆਂ ਦੇ ਹੱਥਾਂ ਵਿਚ ਫੜੇ ਹੋਏ ਰੋਲ ਨੰਬਰ ਅਤੇ ਪੇਪਰ ਲਈ ਹੋਟਲ ਦਾ ਦਿੱਤਾ ਸਮਾਂ ਅਤੇ ਸਥਾਨ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਹੋਟਲ ‘ਕਲੈਰੀਇਨ’ ਅੰਦਰ ਪੇਪਰ ਚੱਲ ਰਿਹਾ ਹੈ।
ਵਿਦਿਆਰਥੀਆਂ ਦੇ ਮਾਪਿਆਂ ਨੇ ਰੋਸ ਵੀ ਪ੍ਰਗਟਾਇਆ ਕਿ ਜੇ ਹੋਰਨਾਂ ਵਿਦਿਆਰਥੀਆਂ ਦਾ ਪੇਪਰ ਹੋ ਰਿਹਾ ਹੈ ਤਾਂ ਸਾਡੀ ਬੱਚਿਆਂ ਨੂੰ ਵੀ ਅੰਦਰ ਜਾਣ ਦਿੱਤਾ ਜਾਵੇ, ਪਰ ਹੋਟਲ ਚਾਲਕਾਂ ਨੇ ਦਰਵਾਜ਼ੇ ਦੇ ਬਾਹਰ ਇਹ ਲਿਖਕੇ ਤਖਤੀ ਲਵਾ ਦਿੱਤੀ ਕਿ ਇਥੇ ਹੋਣ ਵਾਲਾ ਪੇਪਰ ਕੈਂਸਲ ਹੋ ਚੁੱਕਿਆ ਹੈ। ਇਸ ਰੌਲੇ ਰੱਪੇ ਦੌਰਾਨ ਆਪਣੇ ਬੱਚਿਆਂ ਨੂੰ ਛੱਡਣ ਆਏ ਸਰਕਾਰ ਦੇ ਸੀਨੀਅਰ ਉਚ ਅਧਿਕਾਰੀਆਂ ਅਤੇ ਪੁਲਿਸ ਕਰਮੀਆਂ ਨੇ ਉਥੋਂ ਖਿਸਕਣਾ ਹੀ ਬੇਹਤਰ ਸਮਝਿਆ।
ਲਾਕਡਾਊਨ ਦੌਰਾਨ ਕਲੈਰੀਅਨ ਹੋਟਲ ਵਿਚ ਚੱਲ ਰਹੇ ਪੇਪਰ ਸਬੰਧੀ ਐਸਡੀਐਮ ਚਰਨਜੀਤ ਸਿੰਘ ਨੂੰ ਜਾਣੂੰ ਕਰਵਾਇਆ ਗਿਆ, ਪਰ ਪੁਲਿਸ ਵੱਲੋਂ ਨਾਟਕਮਈ ਤਰੀਕੇ ਨਾਲ ਹੋਟਲ ਪੁੱਜਣਾ ਅਤੇ ਬਿਨਾਂ ਕਿਸੇ ਕਾਰਵਾਈ ਤੋਂ ਉਥੋਂ ਖਿਸਕ ਜਾਣਾ ਇਹ ਸਪੱਸ਼ਟ ਕਰਦਾ ਹੈ ਕਿ ਸਰਕਾਰ ਦੇ ਉਚ ਅਧਿਕਾਰੀਆਂ ਦੇ ਬੱਚਿਆਂ ਦਾ ਪੇਪਰ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਹੋਟਲ ‘ਕਲੈਰੀਇਨ’ ਵਿਖੇ ਪੇਪਰ ਕਰਵਾਏ ਜਾਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਪੁਲਿਸ ਅਧਿਕਾਰੀ ਵਾਰ ਵਾਰ ਕਾਰਵਾਈ ਕਰਨ ਤੋਂ ਪੱਲਾ ਝਾੜਕੇ ਚੱਲਦੇ ਵਿਖਾਈ ਦਿੱਤੇ।

