ਸ਼ਾਹੀ ਸ਼ਹਿਰ ’ਚ ਲਾਕਡਾਉਨ ਦੌਰਾਨ ਧਾਰਮਕ ਸਮਾਗਮ, ਪੁਲਿਸ ਕਾਰਵਾਈ ਕਰਨ ਤੋਂ ਅਸਮਰੱਥ !
ਮੇਅਰ ਸਮੇਤ ਸ਼ਹਿਰ ਦੀਆਂ ਨਾਮਵਰ ਸਖਸ਼ੀਅਤਾਂ ਨੇ ਵੀ ਲਾਕਡਾਉਨ ਦੀ ਕੀਤੀ ਉਲੰਘਣਾ
ਪਟਿਆਲਾ, 25 ਅਪੈ੍ਰਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੋਰੋਨਾ ਦੀ ਭਾਰੀ ਆਫਤ ਦੇ ਬਾਵਜੂਦ ਸ਼ਾਹੀ ਸ਼ਹਿਰ ਪਟਿਆਲਾ ਵਿਚ ਵੱਡੇ ਇਕੱਠ ਹੁੰਦੇ ਵਿਖਾਈ ਦੇ ਰਹੇ ਹਨ। ਧਾਰਮਕ ਆਗੂ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਆਪਣਾ ਪ੍ਰਭਾਵ ਬਣਾ ਕੇ ਏਨਾ ਪ੍ਰੋਗਰਾਮਾਂ ਦੀ ਮਨਜ਼ੂਰੀ ਲੈ ਰਹੇ ਹਨ। ਅੱਜ ਮਹਾਂਵੀਰ ਜੈਯੰਤੀ ਦੇ ਨਾਂ ’ਤੇ ਸ਼ਹਿਰ ਦੀ ਸਮਾਜ ਸੇਵੀ ਵੱਲੋਂ ਰਾਜਪੁਰਾ ਰੋਡ ’ਤੇ ਧਾਰਮਕ ਸਮਾਗਮ ਦੌਰਾਨ ਵੱਡਾ ਇਕੱਠ ਕਰਕੇ 10 ਰੁਪਏ ਥਾਲੀ ਵਾਲੀ ਰਸੋਈ ਦਾ ਉਦਘਾਟਨ ਕੀਤਾ ਗਿਆ।

ਏਨਾ ਇਕੱਠਾਂ ’ਚ ਸ਼ਾਮਲ ਹੋ ਰਹੇ ਰਾਜਨੀਤਕ ਵਿਅਕਤੀਆਂ ਕਾਰਨ ਪੁਲਿਸ ਕਾਰਵਾਈ ਕਰਨ ਤੋਂ ਭੱਜਦੀ ਵਿਖਾਈ ਦੇ ਰਹੀ ਹੈ। ਅਤੇ ਲਾਕਡਾਊਨ ਦੌਰਾਨ ਸ਼ਹਿਰ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਕਈ ਨਾਮਵਰ ਸੋਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ਵਿਖੇ ਅੱਜ ਵਰਧਮਾਨ ਮਹਾਂਵੀਰ ਜਨਹਿਤ ਰਸੋਈ ਦੀ ਸ਼ੁਰੂਆਤ ਉੱਘੇ ਸਮਾਜਸੇਵੀ ਅਤੇ ਰਸੋਈ ਦੇ ਸੰਚਾਲਕ ਸੌਰਭ ਜੈਨ ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸਾਬਕਾ ਐਮ.ਪੀ. ਧਰਮਵੀਰ ਗਾਂਧੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸੰਚਾਲਕ ਅਤੇ ਉੱਘੇ ਸਮਾਜ ਸੇਵੀ ਸੌਰਭ ਜੈਨ ਨੇ ਕਿਹਾ ਕਿ ਇਸ ਰਸੋਈ ਦੀ ਸ਼ੁਰੂਆਤ ਹਰ ਵਿਅਕਤੀ ਨੂੰ ਸਿਰਫ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਖਾਣਾ ਮੁੱਹਈਆ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 500 ਬੰਦਿਆਂ ਦੀ ਸਮਰੱਥਾ ਵਾਲੀ ਇਹ ਮਹਾਂਵੀਰ ਜਨਹਿੱਤ ਰਸੋਈ ਹਰ ਰੋਜ਼ ਦੁਪਹਿਰੇ 12 ਤੋਂ 3 ਵੱਜੇ ਤੱਕ ਹਰ ਕਿਸੇ ਨੂੰ ਖਾਣਾ ਖਵਾਇਆ ਕਰੇਗੀ। ਇਸ ਅਵਸਰ ’ਤੇ ਕਾਂਗਰਸ ਪਾਰਟੀ ਤੋਂ ਮੇਅਰ ਸੰਜੀਵ ਬਿੱਟੂ, ਡਿਪਟੀ ਮੇਅਰ ਯੋਗਿੰਦਰ ਯੋਗੀ, ਕੌਂਸਲਰ ਹਰਵਿੰਦਰ ਨਿੱਪੀ ਅਤੇ ਅਤੁਲ ਜੋਸ਼ੀ, ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਹਰੀਸ਼ ਸਿੰਗਲਾ, ਆਮ ਆਦਮੀ ਪਾਰਟੀ ਤੋਂ ਪ੍ਰੀਤੀ ਮਲਹੋਤਰਾ ਅਤੇ ਗਗਨ ਚੱਢਾ, ਅਕਾਲੀ ਦਲ ਤੋਂ ਸੁਰਜੀਤ ਅਬਲੋਵਾਲ, ਕਬੀਰ ਦਾਸ ਅਤੇ ਹਰਮੀਤ ਸਿੰਘ, ਸ਼ਿਵ ਸੈਨਾ ਹਿੰਦੁਸਤਾਨ ਤੋਂ ਪਵਨ ਗੁਪਤਾ, ਕਾਲੀ ਮਾਤਾ ਮੰਦਰ ਕਮੇਟੀ ਤੋਂ ਰਾਜੇਸ਼ ਕਿਹਰ, ਵਾਲਮੀਕੀ ਸਮਾਜ ਤੋਂ ਲਵਲੀ, ਸਮਾਜਸੇਵੀ ਅਨਿਸ਼ ਮੰਗਲਾ, ਸਨਾਤਨ ਧਰਮ ਸਭਾ ਤੋਂ ਤਿ੍ਰਭਵਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਆਦਿ ਲੋਕ ਮੌਜੂਦ ਸਨ।

