ਪਟਿਆਲਾ

ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੀ ਸਰਕਾਰ ਨਾਲ ਜਲਦ ਹੋਵੇਗੀ ਬੈਠਕ !

30 ਅਪ੍ਰੈਲ ਨੂੰ ਟ੍ਰੈਕਟਰ ਮਾਰਚ ਦੌਰਾਨ ਪੈਦਾ ਹੋਈ ਤਣਾਅਪੂਰਨ ਸਥਿਤੀ ਲਈ ਕਿਸਾਨ ਆਗੂਆਂ ਨੇ ਅਫਸੋਸ ਜਤਾਇਆ
ਵਾਈ.ਪੀ.ਐਸ. ਚੌਂਕ ਦੇ ਧਰਨੇ ਨੂੰ ਸੰਕੇਤਕ ਰੂਪ ਦਿੱਤਾ ਜਾਵੇਗਾ-ਕਿਸਾਨ ਆਗੂ

ਪਟਿਆਲਾ, 4 ਮਈ (ਰਮਨਦੀਪ/ਮਧੂਸਾਰ ਬਿਊਰੋ) ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇ ਸਬੰਧੀਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਬਣਾਈ ਗਈ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸੂਬਾ ਪ੍ਰਧਾਨ ਸ. ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨਾਲ ਇੱਕ ਮੀਟਿੰਗ ਕਰਕੇ ਪਟਿਆਲਾ ਦੇ ਯਾਦਵਿੰਦਰਾ ਚੌਂਕ ਵਿਖੇ ਦਿੱਤੇ ਜਾ ਰਹੇ ਵੱਡੇ ਰੋਸ ਧਰਨੇ ਦਾ ਰੂਪ ਬਦਲਕੇ ਇਸ ਨੂੰ ਸੰਕੇਤਕ ਰੂਪ ਦੇਣ ‘ਤੇ ਸਹਿਮਤੀ ਪ੍ਰਗਟਾਈ ਹੈ, ਤਾਂਕਿ ਆਵਾਜਾਈ ‘ਚ ਕੋਈ ਰੁਕਾਵਟ ਪੈਦਾ ਨਾ ਹੋਵੇ।
ਸੁਹਿਰਦਤਾ ਭਰਪੂਰ ਮਾਹੌਲ ‘ਚ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਸਬੰਧਤ ਵਿਭਾਗਾਂ ਅਤੇ ਉਚ ਅਧਿਕਾਰੀਆਂ ਸਮੇਤ ਸਰਕਾਰ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪਾਤੜਾਂ ਸਬ ਡਵੀਜਨ ਅਧੀਨ ਆਉਣ ਵਾਲੇ ਪਿੰਡਾਂ ਦੇ ਜਿਹੜੇ ਕਿਸਾਨਾਂ ਦੀ ਜਮੀਨ ਇਸ ਐਕਸਪ੍ਰੈਸਵੇ ‘ਚ ਆਉਣ ਦੀ ਸੰਭਾਵਨਾ ਹੈ, ਉਨ੍ਹਾਂ ਨੂੰ ਕਾਨੂੰਨ ਮੁਤਾਬਕ ਪੂਰਨ ਨਿਆਂ ਦਿਵਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਾਤੜਾਂ ਇਲਾਕੇ ‘ਚ ਅਜੇ ਤੱਕ ਕੋਈ ਵੀ ਅਵਾਰਡ ਪਾਸ ਨਹੀਂ ਕੀਤਾ ਗਿਆ।
ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੀ ਇੱਥੇ ਸਥਿਤ ਰਿਹਾਇਸ਼ ਦੁਆਲੇ ਖੜ੍ਹੇ ਕੀਤੇ ਟ੍ਰੈਕਟਰ ਤੇ ਟਰਾਲੀਆਂ ਵੀ ਹਟਾਉਣ ਦੀ ਸਹਿਮਤੀ ਪ੍ਰਗਟ ਕੀਤੀ ਹੈ। ਜਦਕਿ ਕਿਸਾਨ ਆਗੂਆਂ ਨੇ ਬੀਤੀ 30 ਅਪ੍ਰੈਲ ਨੂੰ ਕੀਤੇ ਗਏ ਟ੍ਰੈਕਟਰ ਮਾਰਚ ਦੌਰਾਨ ਪੈਦਾ ਹੋਈ ਤਣਾਅਪੂਰਨ ਸਥਿਤੀ ਲਈ ਅਫ਼ਸੋਸ ਜਤਾਉਂਦਿਆਂ ਕਿਸਾਨਾਂ ਵਿਰੁੱਧ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਰੱਦ ਕਰਨ ਦੀ ਵੀ ਮੰਗ ਰੱਖੀ, ਜਿਸ ‘ਤੇ ਐਸ.ਐਸ.ਪੀ. ਸ੍ਰੀ ਦੁੱਗਲ ਨੇ ਕਿਸੇ ਨਾਲ ਵੀ ਵਧੀਕੀ ਨਾ ਕੀਤੇ ਜਾਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਦਿਨ ਪੂਰਾ ਤਹੱਮਲ ਵਰਤਦਿਆਂ ਕਿਸਾਨਾਂ ਨਾਲ ਕੋਈ ਵੀ ਮਾੜਾ ਵਰਤਾਉ ਨਹੀਂ ਸੀ ਕੀਤਾ, ਜਿਸ ਲਈ ਕਿਸਾਨ ਆਗੂਆਂ ਨੇ ਪਟਿਆਲਾ ਪੁਲਿਸ ਦੀ ਪ੍ਰਸੰਸ਼ਾ ਵੀ ਕੀਤੀ।
ਕਿਸਾਨ ਆਗੂਆਂ ਨੇ ਐਸ.ਐਸ.ਪੀ. ਨੂੰ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ‘ਚ ਕਿਸਾਨਾਂ ਵੱਲੋਂ ਅਜਿਹੀ ਕੋਈ ਗੱਲ ਨਹੀਂ ਕੀਤੀ ਜਾਵੇਗੀ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਘੜਨ ਦਾ ਖ਼ਦਸ਼ਾ ਹੋਵੇ ਪਰੰਤੂ ਜਿਹੜੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਅਜਿਹਾ ਕੀਤਾ ਜਾਵੇਗਾ, ਉਨ੍ਹਾਂ ਨੂੰ ਕਿਸਾਨ ਸੰਘਰਸ਼ ਕਮੇਟੀ ਦੀ ਕੋਈ ਹਮਾਇਤ ਨਹੀਂ ਹੋਵੇਗੀ ਸਗੋਂ, ਉੁਨ੍ਹਾਂ ਵਿਰੁੱਧ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਸਖ਼ਤ ਕਾਰਵਾਈ ਲਈ ਉਹ ਪੁਲਿਸ ਦਾ ਸਾਥ ਹੀ ਦੇਣਗੇ।
ਸੁਖਦੇਵ ਸਿੰਘ ਢਿੱਲੋਂ ਤੇ ਹੋਰ ਕਿਸਾਨਾਂ ਆਗੂਆਂ ਨੇ ਆਪਣੀਆਂ ਸਾਰੀਆਂ ਮੰਗਾਂ, ਜਿਨ੍ਹਾਂ ‘ਚ ਜਮੀਨ ਦਾ ਬਾਜ਼ਾਰੂ ਮੁੱਲ ਗੁਣਾ ਦੋ, 100 ਫੀਸਦੀ ਉਜਾੜਾ ਭੱਤਾ, ਸਰਵਿਸ ਰੋਡ, ਕਬਜਾ/ਕਾਸ਼ਤਕਾਰ ਅਧਾਰਤ ਮੁਆਵਜਾ ਆਦਿ ਸਮੇਤ ਹੋਰ ਮੰਗਾਂ ਤੋਂ ਡੀ.ਸੀ. ਤੇ ਐਸ.ਐਸ.ਪੀ. ਨੂੰ ਜਾਣੂ ਕਰਵਾਇਆ ਜਿਸ ‘ਤੇ ਦੋਵਾਂ ਉਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜੋ ਕੁਝ ਵੀ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਸੰਭਵ ਹੋਇਆ ਉਹ ਉਸ ਨੂੰ ਹਰ ਹਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੀ ਜਲਦ ਹੀ ਮੀਟਿੰਗ ਸਰਕਾਰ ਨਾਲ ਵੀ ਕਰਵਾਈ ਜਾਵੇਗੀ। ਇਸ ‘ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਮੀਟਿੰਗ ਤੈਅ ਹੋਣ ਤੋਂ ਬਾਅਦ ਪਟਿਆਲਾ ਤੋਂ ਆਪਣਾ ਧਰਨਾ ਚੁੱਕ ਦੇਣਗੇ ਅਤੇ ਉਸ ਸਮੇਂ ਤੱਕ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ।
ਇਸ ਮੌਕੇ ਐਸ.ਪੀ. ਸਿਟੀ ਵਰੁਣ ਸ਼ਰਮਾ ਤੇ ਐਸ.ਡੀ.ਐਮ. ਚਰਨਜੀਤ ਸਿੰਘ ਤੋਂ ਇਲਾਵਾ ਕਿਸਾਨ ਆਗੂ ਲੁਧਿਆਣਾ ਤੋਂ ਬਿਕਰਮਜੀਤ ਸਿੰਘ, ਮੋਗਾ ਤੋਂ ਗੁਰਦਿਆਲ ਸਿੰਘ, ਅੰਮਿ੍ਰਤਸਰ ਤੋਂ ਰਾਜਬਿੰਦਰ ਸਿੰਘ ਹੁੰਦਲ, ਗੁਰਦਾਸਪੁਰ ਤੋਂ ਬਲਵਿੰਦਰ ਸਿੰਘ, ਦਲਜੀਤ ਸਿੰਘ, ਗੁਰਜੀਤ ਸਿੰਘ, ਪਟਿਆਲਾ ਜ਼ਿਲ੍ਹੇ ਤੋਂ ਜਗਜੀਤ ਸਿੰਘ ਗਲੋਲੀ, ਕੁਲਦੀਪ ਸਿੰਘ ਤਰਨਤਾਰਨ, ਜਗਜੀਤ ਸਿੰਘ ਜਲੰਧਰ ਤੇ ਜਗਜੀਤ ਸਿੰਘ ਰੋਪੜ ਆਦਿ ਮੌਜੂਦ ਸਨ।

Leave a Reply

Your email address will not be published. Required fields are marked *