ਪੰਜਾਬਪਟਿਆਲਾ

ਕਾਂਗਰਸੀ ਆਗੂ ਉਡਾ ਰਹੇ ਕੋਵਿਡ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ !

ਹਰਿੰਦਰਪਾਲ ਹੈਰੀਮਾਨ ਨੇ ਇਕੱਠ ਕਰਕੇ ਰੱਖਿਆ ਬੁੱਤ ਦਾ ਨੀਂਹ ਪੱਥਰ

ਪਟਿਆਲਾ 14 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੌ) ਕਰੋਨਾ ਮਹਾਂਮਾਰੀ ਵਿਚ ਪੰਜਾਬ ਸਰਕਾਰ ਨੇ ਜਿੱਥੇ ਮਿੰਨੀ ਲਾਕਡਾਊਨ ਲਗਾਇਆ ਹੋਇਆ ਹੈ, ਉੱਥੇ ਹੀ ਸਰਕਾਰ ਪੱਖੀ ਕੁਝ ਨੁਮਾਇੰਦੇ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਆਪਣਾ ਦਬਦਬਾ ਕਾਇਮ ਰੱਖਣ ਲਈ ਲੋਕਾਂ ਦੀਆਂ ਸਿਹਤ ਅਤੇ ਜਾਨ ਨਾਲ ਖਿਲਵਾੜ ਕਰ ਰਹੇ ਹਨ। ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਵੱਡਾ ਇੱਕਠ ਕਰਕੇ ਕਰੋਨਾ ਮਹਾਂਮਾਰੀ ਨੂੰ ਠੱਲਣ ਲਈ ਪ੍ਰਸ਼ਾਸਨ ਵੱਲੋਂ ਜਾਰੀ ਨਿਯਮਾਂ ਦੀ ਖੂਬ ਧੱਜੀਆਂ ਉਡਾਈਆਂ।

ਹਰਿੰਦਰਪਾਲ ਹੈਰੀਮਾਨ ਨੇ ਇਕੱਠ ਕਰਕੇ ਰੱਖਿਆ ਬੁੱਤ ਦਾ ਨੀਂਹ ਪੱਥਰ

ਹਲਕਾ ਸਨੌਰ ਦੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਇਹ ਵੱਡਾ ਇੱਕਠ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਲਈ ਰੱਖੇ ਜਾ ਰਹੇ ਨੀਂਹ ਪੱਥਰ ਰੱਖਣ ਮੌਕੇ ਕੀਤਾ, ਜਿਸ ਨੂੰ ਅੱਜ ਸਨੋਰ ਰੋਡ ਵੱਡੀ ਨਦੀ ਕੋਲ ਲਗਾਇਆ ਜਾ ਰਿਹਾ ਸੀ। ਨੀਂਹ ਪੱਥਰ ਰੱਖਣ ਮੌਕੇ ਹੈਰੀਮਾਨ ਦੇ ਸਮਰਥਕਾਂ ਵੱਲੋਂ ਸ਼ੋਸ਼ਲ ਡਿਸਟੈਂਸ ਦੀਆਂ ਖੁਦ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਕਰੋਨਾ ਲਾਗ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉਥੇ ਹੀ ਸਿਆਸਤਦਾਨਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦਕਿ ਲੋਕ ਆਪਣੀ ਜਾਨ ਬਚਾਉਣ ਲਈ ਹਸਪਤਾਲਾਂ ਦੇ ਚੱਕਰਾਂ ’ਚ ਘਿਰੇ ਹੋਏ ਹਨ, ਇਥੋਂ ਤੱਕ ਸਰਕਾਰਾਂ ਨੇ ਲੋਕਾਂ ਦੇ ਕੰਮ ਤੱਕ ਬੰਦ ਕੀਤੇ ਹੋਏ ਹਨ। ਸਰਕਾਰਾਂ ਵੱਲੋਂ ਕੋਈ ਵੀ ਸਿਆਸੀ, ਸਮਾਜਕ, ਧਾਰਮਕ ਸਮਾਗਮ ਅਤੇ ਮੀਟਿੰਗਾਂ ਵਰਗੇ ਇਕੱਠ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ ਅਤੇ ਇਥੋਂ ਤੱਕ ਕਿ ਸਸਕਾਰ ਕਰਨ ਵੇਲੇ ਵੀ 10 ਤੋਂ ਵੱਧ ਬੰਦਿਆਂ ਦਾ ਇਕੱਠ ਕਰਨ ’ਤੇ ਸਖਤ ਪਾਬੰਦੀ ਹੈ।ਇਥੋਂ ਤੱਕ ਕਿ ਸ਼ਹਿਰ ਦੇ ਬਾਜਾ ਵਿਚ ਦੁਕਾਨਾਂ, ਰੇਹੜੀਆਂ, ਫੜੀਆਂ ਬੰਦ ਹਨ ਗਰੀਬ ਵਿਅਕਤੀ ਵੀ ਵਿਹਲਾ ਬੈਠਾ ਹੈ। ਇਸ ਲਈ ਕਾਂਗਰਸੀ ਆਗੂ ਨੇ ਇਹ ਇਕੱਠ ਕਰਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੇਂਗਾ ਵਿਖਾਇਆ ਹੈ।

ਕਾਂਗਰਸ ਵੋਟਾਂ ਖਾਤਰ ਲੋਕਾਂ ਦੀ ਸਿਹਤ ਨਾਲ ਕਰ ਰਹੀ ਖਿਲਵਾੜ : ਵਿਧਾਇਕ ਚੰਦੂਮਾਜਰਾ

ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਦੇ ਲੋਕਾਂ ਵੱਲੋਂ ਆਪਣੀ ਕਿਰਤ ਨਾਲ ਇਹ ਬੁੱਤ ਲਗਾਇਆ ਜਾ ਰਿਹਾ ਹੈ, ਜਦਕਿ ਫੋਟੋਆਂ ਲਗਾਉਣ ਖਾਤਰ ਕਾਂਗਰਸੀ ਆਗੂ ਸਾਰਾ ਕੁਝ ਕਰਦਾ ਆ ਰਿਹਾ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਵੀ ਕਾਂਗਰਸੀ ਆਗੂ ਸਰਕਾਰੀ ਰਾਸ਼ਨ ਵੰਡਣ ਦੇ ਨਾਂ ’ਤੇ ਫੋਟੋਆਂ ਖਿਚਵਾਕੇ ਸਮਾਜ ਸੇਵਾ ਦਾ ਨਾਂ ਦਿੰਦਾ ਰਿਹਾ, ਜਦ ਮੰਡੀਆਂ ਵਿਚ ਲੋਕਾਂ ਨੂੰ ਜ਼ਰੂਰਤ ਸੀ ਤਾਂ ਇਹ ਵਿਅਕਤੀ ਘਰੋਂ ਤੱਕ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਬੁੱਤ ਨੂੰ ਪਾਰਟੀ ਤੱਕ ਸੀਮਤ ਕਰਨਾ ਲਾਸਾਨੀ ਸ਼ਹਾਦਤ ਦੇ ਸਨਮਾਨ ਨੂੰ ਸੱਟ ਮਾਰਨ ਵਰਗਾ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਹਰਿੰਦਰਪਾਲ ਹੈਰੀਮਾਨ ਖੁਦ ਮੰਨ ਚੁੱਕਿਆ ਹੈ ਇਹ ਮੰਗ ਪੰਜ ਸਾਲਾਂ ਤੋਂ ਲਮਕੀ ਪਈ ਸੀ, ਜਦਕਿ ਇਹ ਵੀ ਸਮਝਣ ਦੀ ਲੋੜ ਹੈ ਕਿ ਸਮੇਂ ਸਮੇਂ ’ਤੇ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਬਣੇ ਅਤੇ ਕਾਂਗਰਸ ਦੇ ਵਿਧਾਇਕ ਵੀ ਚੁਣੇ ਗਏ, ਪਰ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਲਈ ਕਾਂਗਰਸ ਨੇ ਹਮੇਸ਼ਾ ਵੱਡੀ ਅਣਦੇਖੀ ਕੀਤੀ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਰਹੇ ਪ੍ਰੋ. ਚੰਦੂਮਾਜਰਾ ਨੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਲਈ ਇਸ ਮਾਮਲੇ ਨੂੰ ਲੋਕ ਸਭਾ ਵਿਚ ਵੀ ਚੁੱਕਿਆ ਅਤੇ ਪ੍ਰਸ਼ਾਸਨ ਨੂੰ ਵੀ ਬੁੱਕ ਸਥਾਪਤ ਕਰਨ ਦੀ ਅਪੀਲ ਕੀਤੀ ਸੀ।

ਬੁੱਤ ਦਾ ਨੀਂਹ ਪੱਥਰ ਰੱਖਣ ਮੌਕੇ ਨਹੀਂ ਸੀ ਲੋਕਾਂ ਦਾ ਇਕੱਠ : ਕਾਕੜਾ

ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਨੀਂਹ ਪੱਥਰ ਰੱਖਣ ਮੌਕੇ ਹੈਰੀਮਾਨ ਸਮਰਥਕਾਂ ਵੱਲੋਂ ਕੀਤੇ ਇਕੱਠ ਦੇ ਸਬੰਧ ਵਿਚ ਹਰਿੰਦਰਪਾਲ ਹੈਰੀ ਮਾਨ ਦੇ ਪੀ ਏ ਜੋਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਕੋਈ ਵੱਡਾ ਇਕੱਠ ਨਹੀਂ ਕੀਤਾ ਗਿਆ ਅਤੇ ਗਿਣੇ ਚੁਣੇ ਸਮਰਥਕ ਹੀ ਪੁੱਜੇ ਹੋਏ ਸਨ।

ਥਾਣਾ ਇੰਚਾਰਜ ਬੋਲੇ, ਬੁੱਤ ਦਾ ਨੀਂਹ ਪੱਥਰ ਰੱਖਣ ਬਾਰੇ ਨਹੀਂ ਦਿੱਤੀ ਇਤਲਾਹ

ਹਰਿੰਦਰਪਾਲ ਹੈਰੀਮਾਨ ਵੱਲੋਂ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਵੇਲੇ ਕੀਤੇ ਗਏ ਇਕੱਠ ਦੌਰਾਨ ਸ਼ਰੇਆਮ ਉਡਾਈਆਂ ਗਈਆਂ ਧੱਜੀਆਂ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੇ ਇੰਚਾਰਜ ਨੇ ਕਿਹਾ ਕਿ ਅਸੀਂ ਤਾਂ ਕਾਰਵਾਈ ਤਾਂ ਕਰਦੇ ਜੇ ਅਸੀਂ ਉਥੇ ਗਏ ਹੁੰਦੇ। ਉਨ੍ਹਾਂ ਕਿਹਾ ਕਿ ਬੁੱਤ ਲਗਾਉਣ ਬਾਰੇ ਸਾਡੇ ਕੋਲ ਕੋਈ ਇਤਲਾਹ ਨਹੀਂ ਸੀ ਅਤੇ ਨਾ ਹੀ ਕੋਈ ਪੁਲਿਸ ਕਰਮਚਾਰੀ ਭੇਜਿਆ ਗਿਆ।

Leave a Reply

Your email address will not be published. Required fields are marked *