ਘਲੌੜੀ ਗੇਟ ਨੇੜੇ ਡੇਢ ਏਕੜ ਵਿੱਚ ਬਣਾਇਆ ਜਾਵੇਗਾ ਕਬਰਿਸਤਾਨ
ਨਗਰ ਨਿਗਮ ਨੇ ਮੁਸਲਿਮ ਭਾਈਚਾਰੇ ਦੀ 40 ਸਾਲ ਪੁਰਾਣੀ ਮੰਗ ਨੂੰ ਕੀਤਾ ਪੂਰਾ
– ਮੁਸਲਿਮ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ, ਲੋਕਸਭਾ ਮੈਂਬਰ ਪਰਨੀਤ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕੀਤਾ ਧੰਨਵਾਦ
ਪਟਿਆਲਾ 14 ਮਈ(ਰਮਨਦੀਪ/ਮਧੂਸਾਰ ਬਿਊਰੋ) ਮੁਸਲਿਮ ਭਾਈਚਾਰਾ ਪਿਛਲੇ 40 ਸਾਲਾਂ ਤੋਂ ਘਲੌੜੀ ਗੇਟ ਨੇੜੇ ਕਬਰਿਸਤਾਨ ਲਈ ਜ਼ਮੀਨ ਦੀ ਮੰਗ ਕਰਦਾ ਆ ਰਿਹਾ ਸੀ। ਮੁਸਲਿਮ ਭਾਈਚਾਰੇ ਦਾ ਕਹਿਣਾ ਸੀ ਕੀ ਦੇਸ਼ ਦੀ ਆਜਾਦੀ ਤੋਂ ਪਹਿਲਾਂ ਘਲੌੜੀ ਗੇਟ ਨੇੜੇ ਇਕ ਕਬਰਿਸਤਾਨ ਹੁੰਦਾ ਸੀ, ਪਰ ਆਜਾਦੀ ਦੀ ਤੋਂ ਬਾਅਦ ਇਸਦਾ ਕੋਈ ਠੋਸ ਪ੍ਰਮਾਣ ਕਦੇ ਸਾਮਣੇ ਨਹੀਂ ਆਇਆ। ਸ਼ਹਿਰ ਦੇ ਬਡੂੰਗਰ ਰੋਡ ਤੇ ਬੈਂਕ ਕਾਲੋਨੀ ਨੇੜੇ ਜਾਫਰ ਸ਼ਾਹ ਕਬਰਿਸਤਾਨ ਹੈ, ਜੋ ਆਬਾਦੀ ਦੇ ਹਿਸਾਬ ਨਾਲ ਇਸ ਵੇਲੇ ਬਹੁਤ ਛੋਟਾ ਪੈ ਚੁੱਕਾ ਹੈ। ਲੋਕਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਦੇ ਨਿਰਦੇਸ਼ਾ ਤੇ ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਮੁਸਲਿਮ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਦਿਆਂ ਘਲੌੜੀ ਗੇਟ ਵਿਖੇ ਛੋਟੀ ਅਤੇ ਵੱਡੀ ਨਦੀ ਬਿਚਕਾਰ ਡੇਢ ਏਕੜ ਜਮੀਨ ਕਬਰਸਤਾਨ ਲਈ ਨਿਸ਼ਾਨਦੇਹੀ ਕਰਕੇ ਮੁਸਲਿਮ ਭਾਈਚਾਰੇ ਨੂੰ ਸੌਪ ਦਿੱਤੀ ਹੈ। ਕਬਰਿਸਤਾਨ ਲਈ ਜਮੀਨ ਲੈਣ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਇਸ ਸਬੰਧ ਵਿੱਚ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਬਦੁੱਲ ਵਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਪਿਛਲੇ 40 ਸਾਲਾਂ ਤੋਂ ਲਗਾਤਾਰ ਘਲੌੜੀ ਗੇਟ ਨੇੜੇ ਕਬਰਿਸਤਾਨ ਲਈ ਜ਼ਮੀਨ ਦੀ ਮੰਗ ਕਰ ਰਿਹਾ ਸੀ। ਲੋਕਸਭਾ ਮੈਂਬਰ ਪਰਨੀਤ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਕਬਰਿਸਤਾਨ ਲਈ ਡੇਢ ਏਕਡ਼ ਜਮੀਨ ਦਿੱਤੀ ਗਈ ਹੈ, ਜਿਸ ਕਾਰਨ ਸਮੁੱਚੇ ਭਾਈਚਾਰੇ ਨੇ ਦੋਵਾਂ ਨੇਤਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅਬਦੁਲ ਵਾਹਿਦ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਲਈ ਕਾਂਗਰਸ ਹਮੇਸ਼ਾਂ ਅੱਗੇ ਵੱਧ ਕੇ ਉਹਨਾਂ ਦੀ ਮਦਦ ਕਰਦੀ ਰਹੀ ਹੈ ਅਤੇ ਉਨ੍ਹਾਂ ਦੇ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲ ਸਦਕਾ ਪੂਰਾ ਭਾਈਚਾਰਾ ਕਾਂਗਰਸ ਦਾ ਕਰਜ਼ਦਾਰ ਰਹੇਗਾ। ਅਬਦੁੱਲ ਵਾਹੀਦ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਵਿਚ ਮੁਸਲਿਮ ਭਾਈਚਾਰੇ ਲਈ ਬਡੂੰਗਰ ਰੋਡ ‘ਤੇ ਜਾਫ਼ਰ ਸ਼ਾਹ ਦਾ ਕਬਰਿਸਤਾਨ ਹੈ। ਇਕ ਛੋਟੇ ਜਿਹੇ ਟੁਕੜੇ ਵਿਚ ਬਣੇ ਇਸ ਕਬਰਿਸਤਾਨ ਵਿਚ ਇਕ ਜਗ੍ਹਾ ‘ਤੇ ਚਾਰ ਤੋਂ ਵੱਧ ਕਬਰਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਹੁਣ ਇਸ ਕਬਰਿਸਤਾਨ ਵਿੱਚ ਕਿਸੇ ਆਪਣੇ ਦਾ ਨਿਰਾਦਰ ਨਹੀਂ ਹੋ ਸਕਦਾ। ਨਗਰ ਨਿਗਮ ਤੋਂ ਜ਼ਮੀਨ ਹਾਸਿਲ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਜ਼ਮੀਨ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਬਦੁੱਲ ਵਾਹਿਦ ਅਨੁਸਾਰ ਕਬਰਿਸਤਾਨ ਨੂੰ ਤਿਆਰ ਕਰਨ ਵਿਚ ਤਕਰੀਬਨ 25 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ਖਰਚੇ ਨੂੰ ਪੂਰਾ ਕਰਨ ਲਈ ਉਹ ਪਹਿਲਾਂ ਵਕਫ਼ ਬੋਰਡ ਦੀ ਸਹਾਇਤਾ ਲੈਣਗੇ ਅਤੇ ਕਿਸੇ ਵੀ ਤਰਾਂ ਦੀ ਘਾਟ ਰਹੀ ਤਾਂ ਉਹ ਲੋਕਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਕੋਲ ਆਪਣੀ ਮੰਗ ਰੱਖਣਗੇ। ਇਹ ਹੀ ਸੰਭਵ ਹੈ ਕਿ ਭਾਈਚਾਰਾ ਆਪਣੇ ਪੱਧਰ ‘ਤੇ ਹੀ ਇਸ ਸਾਂਝੇ ਕੰਮ ਲਈ ਮਿਲ ਕੇ ਸਹਿਯੋਗ ਕਰੇਗਾ।
ਇਸ ਮੌਕੇ ਅਸੀਮ ਅਲੀ, ਸ਼ੇਰ ਖਾਨ, ਹਾਕਮ ਖਾਨ, ਪ੍ਰੋ. ਅਬਦੁੱਲ ਸਤਾਰ, ਸੈਨੇਟ ਮੈਂਬਰ ਮੁਹੰਮਦ ਸ਼ਰੀਫ, ਮੁਹੰਮਦ ਸ਼ਫੀਕ, ਸ਼ੇਰ ਮੁਹੰਮਦ, ਮੁਹੰਮਦ ਸ਼ਰੀਫ ਆਦਿ ਮੁੱਖ ਤੌਰ ‘ਤੇ ਮੌਜੂਦ ਸਨ।

