‘ਫਾਈਜ਼ਰ’ ਭਾਰਤ ਨੂੰ ਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ (ਡੋਜ਼) ਦੇਣ ਨੂੰ ਤਿਆਰ !
ਨਵੀਂ ਦਿੱਲੀ 26 ਮਈ (ਮਧੂਸਾਰ ਬਿਊਰੋ) ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਰਤ ’ਚ ਕਹਿਰ ਵਰ੍ਹਾ ਰਹੀ ਹੈ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਅਜਿਹੇ ਵਿਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਦਰਮਿਆਨ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇਸ ਸਾਲ ਯਾਨੀ ਕਿ 2021 ਵਿਚ ਭਾਰਤ ਨੂੰ ਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ (ਡੋਜ਼) ਦੇਣ ਨੂੰ ਤਿਆਰ ਹੈ ਪਰ ਕੰਪਨੀ ਭਾਰਤ ਸਰਕਾਰ ਤੋਂ ਕੁਝ ਨਿਯਮਾਂ ’ਚ ਛੋਟ ਚਾਹੁੰਦੀ ਹੈ। ਦੱਸਣਯੋਗ ਹੈ ਕਿ ਅਮਰੀਕੀ ਕੰਪਨੀ ਫਾਈਜ਼ਰ ਨੇ 5 ਕਰੋੜ ਟੀਕੇ ਇਸ ਸਾਲ ਉਪਲੱਬਧ ਕਰਾਉਣ ਦੀ ਗੱਲ ਆਖੀ ਹੈ। ਇਨ੍ਹਾਂ ’ਚੋਂ 1 ਕਰੋੜ ਟੀਕੇ ਜੁਲਾਈ ’ਚ, 1 ਕਰੋੜ ਟੀਕੇ ਅਗਸਤ ਅਤੇ 2 ਕਰੋੜ ਸਤੰਬਰ ਅਤੇ 1 ਕਰੋੜ ਟੀਕੇ ਅਕਤੂਬਰ ਵਿਚ ਉਪਲੱਬਧ ਕਰਵਾਏ ਜਾਣਗੇ।
ਕਾਲਾ ਦਿਵਸ : ਦੁਸ਼ਯੰਤ ਚੌਟਾਲਾ ਦੀ ਕੋਠੀ ਦੇ ਬਾਹਰ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਤਲੇ ਫੂਕੇ
ਸਿਰਸਾ 26 ਮਈ (ਮਧੂਸਾਰ ਬਿਊਰੋ) ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹਰਿਆਣਾ ’ਚ ਵੀ ਕਿਸਾਨਾਂ ਵਲੋਂ ਕਾਲਾ ਦਿਵਸ ਮਨਾਇਆ ਗਿਆ। ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਮੌਕੇ ਕਾਲਾ ਦਿਵਸ ਮਨਾਉਣ ਦੇ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਕਿਸਾਨਾਂ ਨੇ ਹਰਿਆਣਾ ਵਿਚ ਅੱਜ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਫੂਕੇ। ਧਰਨਾ ਪ੍ਰਦਰਸ਼ਨ ਅਤੇ ਪੁਤਲੇ ਫੂਕੇ ਜਾਣ ਦੇ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਸਿਰਸਾ ਵਿਚ ਕਿਸਾਨਾਂ ਨੇ ਭੂਮਨਸ਼ਾਹ ਚੌਕ ’ਤੇ ਪ੍ਰਦਰਸ਼ਨ ਕੀਤਾ।
ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਦੀ ਅਗਵਾਈ ’ਚ ਕਿਸਾਨਾਂ ਨੇ ਸੂਬੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਭਾਜਪਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਉੱਪ ਮੁੱਖ ਮੰਤਰੀ ਦੀ ਕੋਠੀ ਵੱਲ ਜਾਂਦੇ ਰਾਹ ’ਤੇ ਲਾਏ ਗਏ ਬੈਰੀਕੇਡਜ਼ ਨੂੰ ਤੋੜ ਦਿੱਤਾ। ਇਸ ਦੌਰਾਨ ਕਿਸਾਨਾਂ ਦੀ ਪੁਲਸ ਨਾਲ ਝੜਪ ਵੀ ਹੋਈ। ਕਿਸਾਨਾਂ ਨੇ ਉੱਥੇ ਨਾਅਰੇਬਾਜ਼ੀ ਕਰਦੇ ਹੋਏ ਦੇਸ਼ ਅਤੇ ਪ੍ਰਦੇਸ਼ ਦੇ ਨੇਤਾਵਾਂ ਦੇ ਪੁਤਲੇ ਫੂਕੇ।
ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਾਉਣ ਲਈ ਸਰਕਾਰ ’ਤੇ ਦਬਾਅ ਬਣਾਉਣ ਜ਼ਰੂਰੀ ਹੈ। ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰਾਂ ’ਤੇ ਵੀ ਪਹੁੰਚੇ ਹਨ। ਕਿਸਾਨਾਂ ਨੇ ਸਾਹੂਵਾਲਾ ਪਿੰਡ, ਡਬਵਾਲੀ, ਭਾਵਦੀਨ ਟੋਲ ਪਲਾਜ਼ਿਆਂ ’ਤੇ ਵੀ ਵਿਰੋਧ ਪ੍ਰਦਰਸ਼ਨ ਕੀਤੇ। ਕਾਲਾ ਦਿਵਸ ’ਤੇ ਕਿਸਾਨਾਂ ਨੇ ਸੂਬੇ ਵਿਚ ਆਪਣੇ ਨੇ ਸੂਬੇ ਵਿਚ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ’ਤੇ ਕਾਲੇ ਝੰਡੇ ਲਹਿਰਾਏ। ਕਿਸਾਨਾਂ ਨੇ ਕੇਂਦਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।

