ਪੰਜਾਬਲੇਖ

ਡਾ ਹਰਚੰਦ ਸਿੰਘ ਬੇਦੀ ਆਪਣੇ ਲਾਮਿਸਾਲ ਖੋਜ ਕਾਰਜ ਅਤੇ ਮੋਹ ਭਰੇ ਰਿਸ਼ਤੇ ਦੀ ਮਿੱਠੀ ਯਾਦ ਵਜੋਂ ਸਾਡੇ ਚੇਤਿਆਂ ਵਿਚ ਸਦਾ ਜਿਉਂਦੇ ਰਹਿਣਗੇ

ਡਾ ਹਰਚੰਦ ਸਿੰਘ ਬੇਦੀ, ਪ੍ਰੋਫੈਸਰ ਅਮੈਰਿਟਸ ਆਫ ਇਮੀਗਰੈੱਟ ਸਟੱਡੀਜ, ਦਾ ਅਚਾਨਕ ਸਦੀਵੀ ਵਿਛੋੜਾ ਦੇ ਜਾਣਾ ਪਰਵਾਸੀ ਪੰਜਾਬੀ ਸਾਹਿਤ ਅਧਿਅਨ ਖੇਤਰ ਵਿਚ ਬਹੁਤ ਵੱਡਾ ਘਾਟਾ ਪਾ ਗਿਆ ਹੈ। ਉਹਨਾਂ ਤੀਹ ਸਾਲ ਪਰਵਾਸੀ ਪੰਜਾਬੀ ਸਾਹਿਤ ਦੀ ਸਿਰਜਣਧਾਰਾ  ਪਿੱਛੇ ਕਾਰਜਸ਼ੀਲ ਵਿਆਕਰਣ ਤਲਾਸ਼ਣ ਅਤੇ ਇਸਦੀ ਵਰਤਮਾਨ ਪ੍ਰਸੰਗਿਕਤਾ ਸਥਾਪਤ ਕਰਨ ਲਈ ਖੋਜ ਕਾਰਜ ਕੀਤਾ।

ਉਨ੍ਹਾਂ  ਪਰਵਾਸੀ ਸਾਹਿਤ ਬਾਰੇ 10 ਸੰਦਰਭ ਕੋਸ਼ ਤਿਆਰ ਕੀਤੇ 35 ਦੇ ਕਰੀਬ ਪਰਵਾਸ ਬਾਰੇ ਕਿਤਾਬਾਂ ਲਿਖਕੇ ਪਰਵਾਸੀ ਪੰਜਾਬੀ ਸਾਹਿਤ ਨੂੰ ਇਕ ਆਜਾਦ ਅਨੁਸ਼ਾਸਨ ਵਜੋਂ ਸਥਾਪਤ ਕੀਤਾ  ਅਤੇ ਇਸ ਲਈ ਮੂਲ ਸਮੱਗਰੀ, ਪਾਠਕ੍ਰਮ ਸਮੱਗਰੀ, ਆਲੋਚਨਾਤਮਕ ਸਮੱਗਰੀ, ਖੋਜ ਸਮੱਗਰੀ ਤੇ ਸਹਾਇਕ ਸਮੱਗਰੀ ਲਿਖਕੇ ਇਸ ਅਨੁਸ਼ਾਸਨ ਦੀਆਂ ਨੀਂਹਾਂ ਨੂੰ ਮਜਬੂਤ ਕੀਤਾ ।
ਡਾ ਹਰਚੰਦ ਸਿੰਘ ਬੇਦੀ ਇੱਕ ਅਸਲੀ ਅਧਿਆਪਕ ਸਨ, ਉਨ੍ਹਾਂ ਦਾ  ਸਦਾ ਹੀ ਇਹ ਸਰੋਕਾਰ  ਰਹਿੰਦਾ ਸੀ ਕਿ ਔਖੀ ਗੱਲ ਨੂੰ ਸਰਲ ਤੇ ਸਪੱਸ਼ਟ ਕਰਕੇ ਵਿਦਿਆਰਥੀਆਂ ਦੇ ਸਨਮੁੱਖ ਰੱਖਿਆ ਜਾਵੇ । ਉਹ ਆਪਣੇ ਆਪ ਨੂੰ ਵਿਦਵਾਨ, ਸਕਾਲਰ ਜਾਂ ਖੋਜੀ ਅਖਵਾਉਣ ਨਾਲੋਂ ਇਕ  ਅਧਿਆਪਕ ਅਖਵਾਉਣਾ ਵਧੇਰੇ ਪਸੰਦ ਕਰਦੇ ਸਨ। ਉਹ ਮੰਨਦੇ ਸਨ ਕਿ ਵਿਦਿਆਰਥੀ ਹੀ ਅਧਿਆਪਕ ਦੇ ਅਸਲ ਜੱਜ ਹੁੰਦੇ ਹਨ । ਪੜ੍ਹਾਉਣ ਸੰਬੰਧੀ ਉਹ ਇਹ ਵੀ ਮੰਨਦੇ ਹਨ ਕਿ ਜੋ ਵਿਦਿਆਰਥੀ ਘਰੋਂ ਪੜ੍ਹਨ ਲਈ ਆਏ ਹਨ ਤੇ ਕਲਾਸਾਂ ਵਿਚ ਬੈਠੇ ਹਨ ਉਨ੍ਹਾਂ ਨੂੰ ਪੜ੍ਹਾਉਣਾ ਸੌਖਾ ਹੈ ਪਰ ਸਵਾਦ ਤਾਂ ਤਾਂ ਹੈ ਕਿ ਜੋ ਵਿਦਿਆਰਥੀ ਕਲਾਸਾਂ ਵਿੱਚ ਨਹੀਂ ਬੈਠਦੇ ਉਹ ਵੀ ਤੁਹਾਡੀਆਂ ਕਲਾਸਾਂ ਵਿਚ ਆ ਕੇ ਪੜ੍ਹਨ।  ਪੜ੍ਹਾਉਂਦੇ ਸਮੇਂ ਉਹ ਵਿਦਿਆਰਥੀਆਂ ਨੂੰ ਪ੍ਰਸ਼ਨ ਕਰਨ ਲਈ ਉਕਸਾਉਂਦੇ, ਪ੍ਰੇਰਿਤ ਕਰਦੇ ਅਤੇ ਉਨ੍ਹਾਂ ਦੀ ਜਗਿਆਸਾ ਨੂੰ ਜਗਾਈ ਰੱਖਦੇ। ਉਨ੍ਹਾਂ ਹਮੇਸਾਂ ਲੀਕ ਤੋਂ ਹਟ ਕੇ ਪੜ੍ਹਾਇਆ।ਇਸੇ ਕਰਕੇ ਉਨ੍ਹਾਂ ਦੇ ਵਿਦਿਆਰਥੀ ਵੀ ਪਹਿਲਾਂ ਤੋਂ ਪਈਆਂ ਹੋਈਆਂ ਲੀਕਾਂ ਉਪਰ ਨਹੀਂ ਚੱਲਦੇ  । ਟੈਕਸਟ ਨੂੰ ਪੜ੍ਹਾਉਣ ਦਾ ਢੰਗ ਵੀ ਉਨ੍ਹਾਂ ਦਾ ਨਿਵੇਕਲਾ ਹੀ ਸੀ ਹਮੇਸ਼ਾਂ ਜ?ਿੰਦਗੀ ਵਿਚੋਂ ਉਦਾਹਰਣਾਂ ਦੇ ਕੇ ਪੜ੍ਹਾਉੰਦੇ। ਇਸ ਨਾਲ ਟੈਕਸਟ ਦੇ ਪਾਤਰ  ਜਿਊਂਦੇ ਜਾਗਦੇ ਤੇ  ਜ?ਿੰਦਗੀ ਵਿੱਚ ਤੁਰਦੇ ਫਿਰਦੇ ਮਹਿਸੂਸ ਹੁੰਦੇ।

ਡਾ ਹਰਚੰਦ ਸਿੰਘ ਬੇਦੀ ਦੀ ਆਲੋਚਨਾ ਵਿਧੀ ਬਹੁਤ ਕਮਾਲ ਦੀ ਸੀ ਉਹ ਸਿਰਜਣਾਤਮਕ ਆਲੋਚਨਾ ਦੇ ਮੁਦਈ ਸਨ ਇਸੇ ਕਰਕੇ ਉਨ੍ਹਾਂ ਨੇ ਪਾਠ ਆਧਾਰਤ ਆਲੋਚਨਾ ਵਿਧੀ ਉੱਪਰ ਵਧੇਰੇ ਧਿਆਨ ਕੇਂਦਰਿਤ ਕੀਤਾ। ਮਾਰਕਸਵਾਦੀ ਆਲੋਚਨਾ ਵਿਧੀ ਦੇ ਬਹੁਤ ਚੰਗੇ ਜਾਣੂ ਸਨ ਪਰ ਮਾਰਕਸਵਾਦੀ ਸਿਧਾਂਤਾਂ ਦੀ ਅੰਨ੍ਹੇਵਾਹ ਵਰਤੋਂ ਤੋਂ ਹਮੇਸ਼ਾਂ ਗੁਰੇਜ਼  ਕਰਦੇ ਅਤੇ ਸਾਹਿਤ ਤੇ ਪ੍ਰਤੀਬੱਧਤਾ ਦੇ ਸੁਆਲ ਸਬੰਧੀ ਉਨ੍ਹਾਂ ਦਾ ਮੰਨਣਾ ਸੀ ਕਿ  ਕੋਈ ਵੀ ਸਾਹਿਤ ਰਚਨਾ ਹੋਵੇ ਉਹ ਕਿਸੇ ਨਾ ਕਿਸੇ ਵਿਚਾਰਧਾਰਕ ਬਿੰਦੂ ਨਾਲ ਪ੍ਰਤੀਬੱਧ ਹੁੰਦੀ ਹੈ ਪਰ ਪ੍ਰਤੀਬੱਧਤਾ ਜੇ ਰਚਨਾ ਵਿੱਚੋਂ ਸਿਰ ਚੜ੍ਹ ਕੇ ਬੋਲੇ ਜਾਂ  ਲੇਖਕ ਰਚਨਾ ਨੂੰ ਰੋਕ ਕੇ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰੇ ਤਾਂ ਰਚਨਾ ਪ੍ਰਚਾਰਕ ਜਾਂ ਧੂਤੂ ਬਣਨ ਵਜੋਂ ਪਰਿਵਰਤਿਤ ਹੋ ਜਾਂਦੀ ਹੈ ਤੇ ਆਪਣੇ ਕਲਾ ਕਿ੍ਰਤੀ ਦੇ ਚਰਿੱਤਰ ਨਾਲੋਂ ਵਿਛੁੰਨੀ ਜਾਂਦੀ ਹੈ ।
ਇਵੇਂ ਹੀ ਉਹ ਸ਼ਬਦ ਅਤੇ ਵਿਚਾਰ ਦੇ ਆਪਸੀ ਰਿਸ਼ਤੇ ਬਾਰੇ ਬਹੁਤ ਪਰੌੜ ਦਾਰਸ਼ਨਿਕ ਸਪਸਟਤਾ ਦੇਣ ਦੇ ਸਮਰੱਥ ਸਨ। ਉਨ੍ਹਾਂ ਦਾ ਮੰਨਣਾ ਸੀ ਕਿ “ਬੇਸ਼ੱਕ ਵਿਚਾਰ ਬਹੁਤ ਸ਼ਕਤੀਸ਼ਾਲੀ ਵਰਤਾਰਾ ਹੈ ਪਰ ਭਾਸ਼ਾ ਇਸਦੀ ਸੀਮਾ ਵਜੋਂ ਹੀ ਵਿਚਰਦੀ ਹੈ । ਵਿਚਾਰ ਕਿੰਨਾ  ਵੀ ਬਲਵਾਨ ਹੋਵੇ ਭਾਵੇਂ ਵਿਚਾਰ ਦੀ ਬਲਧਾਰਾ ਨਵੇਂ ਸ਼ਬਦ ਸਿਰਜਣ ਦੀ ਸਮਰੱਥਾ ਵੀ ਰੱਖਦੀ ਹੋਵੇ ਤਾਂ ਵੀ ਵਿਚਾਰ ਨੂੰ ਕਿਸੇ ਨਾ ਕਿਸੇ ਭਾਸ਼ਾ ਰਾਹੀਂ ਹੀ  ਪ੍ਰਗਟਾਵਾ ਮਿਲਣਾ ਹੈ ਇਹ ਭਾਸ਼ਾ ਭਾਵੇਂ ਲੱਕੜ ਦੀ ਹੋਵੇ, ਧਾਤ ਦੀ ਹੋਵੇ, ਰੰਗ ਦੀ ਤਰਲ, ਠੋਸ ਜਾਂ ਕਿਸੇ ਹੋਰ ਪ੍ਰਕਾਰ ਦੀ।“ ਇਸ ਦੇ ਹੋਰ ਵਿਸਥਾਰ ਵਜੋਂ ਉਹ ਆਖਦੇ ਸਨ ਕਿ  “ਸ਼ਬਦ ਬੋਲਿਆ ਹੋਇਆ ਤੇ ਸ਼ਬਦ ਲਿਖਿਆ ਹੋਇਆ ਦੋਵੇਂ ਅਸੀਮ ਯੋਗਤਾ ਦੇ ਮਾਲਕ ਹਨ  । ਸ਼ਬਦੀ ਕੁਦਰਤ ਬੜੀ ਕਮਾਲ ਹੈ ਇਹ ਸ਼ਬਦ ਦਾ ਹੀ ਕਮਾਲ ਹੈ ਕਿ ਜੀਵਨ ਦਾ ਰੁੱਖ, ਜੀਵਨ ਦਾ ਮੁੱਲ ਤੇ ਜੀਵਨ ਦੀ ਸ਼ੈਲੀ ਤਿੰਨੇ ਪਹਿਲਾਂ ਵਰਗੇ ਨਹੀਂ ਰਹਿ ਜਾਂਦੇ  । ਲਿਖਿਆ ਹੋਇਆ ਜਾਂ ਬੋਲਿਆ ਹੋਇਆ ਸ਼ਬਦ ਇਵੇਂ ਹੀ ਹੈ ਜਿਵੇਂ ਤੀਰ ਕਮਾਨ ਵਿੱਚੋਂ ਇੱਕ ਵਾਰ ਜਦੋਂ ਨਿਕਲ ਜਾਂਦਾ ਹੈ ਤਾਂ ਫਿਰ ਉਹ ਕੀਮਤ ਮੰਗਦਾ ਹੈ ਤੁਹਾਡੇ ਅਧਿਕਾਰ ਵਿੱਚੋਂ  ਆਜ਼ਾਦ ਹੋ ਜਾਣ ਦੀ ਕੀਮਤ  । ਇਹ ਸ਼ਬਦ ਹੁਣ ਸਰੋਤੇ ਤੇ ਪਾਠਕ ਦਾ ਹੈ ਉਹ ਜਿਵੇਂ ਚਾਹੁਣ ਸਮਝਣ,  ਸ਼ਬਦ ਆਪਹੁਦਰਾ ਤੇ ਨਿਰੰਕੁਸ਼ ਹੋਣ ਦੇ ਬਾਵਜੂਦ ਇਸ ਦੇ ਅਰਥ ਇਤਹਾਸ ਵਿਚ, ਦਰਸ਼ਨ ਵਿੱਚ, ਸੱਭਿਆਚਾਰ ਵਿੱਚ  ਤੇ ਮਨੁੱਖੀ ਕਲਪਨਾ ਵਿੱਚ ਵੱਖੋ ਵੱਖਰਾ ਮੁੱਲ ਰੱਖਦੇ ਹਨ ਪਰ ਇਸ ਦੇ ਮਹੱਤਵਪੂਰਨ ਅਰਥ ਪ੍ਰਸੰਗ ਵਿਚ ਪਏ ਹਨ“ । ਭਾਸ਼ਾ ਦਾ ਇਹ ਫਲਸਫਾ ਉਹ ਕੇਵਲ ਪੜ੍ਹਨ ਪੜ੍ਹਾਉਣ ਜਾਂ ਸਮਝਾਉਣ ਲਈ ਹੀ ਨਹੀਂ ਵਰਤੇ ਸਨ ਸਗੋਂ ਉਨ੍ਹਾਂ ਦੇ ਸਹਿਕਰਮੀ ਡਾ ਜੋਗਿੰਦਰ ਸਿੰਘ ਰਾਹੀ ਕਹਿੰਦੇ ਸਨ ਕਿ ਬੇਦੀ ਦੀ ਗੁਫ਼ਤਗੂ ਵਿਚ ਕਿਤਾਬ ਲਿਖਣ ਵਾਲਾ  ਮੁਹਾਵਰਾ ਹੈ । ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਡਾ ਅਤਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ  “ਤੇਰੀ ਬੋਲਬਾਣੀ ਬੜੀ ਅਦਬੀ ਹੈ “। ਖ਼ਾਲਸਾ ਕਾਲਜ ਵਿਖੇ ਲੈਕਚਰ ਕਰਨ ਆਏ ਡਾ ਹਰਭਜਨ ਸਿੰਘ ਲੈਕਚਰ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਵਿਚ ਰੁੱਝ ਗਏ ਤੇ ਅਚਾਨਕ ਉਨ੍ਹਾਂ ਕਿਹਾ “ਬੇਦੀ! ਤੇਰੇ ਅਧਿਆਪਨ ਦੀ ਭਾਸ਼ਾ ਤੇਰੇ ਬੋਲਾਂ ਵਿੱਚ ਘਰ ਕਰ ਗਈ ਹੈ  ।“ ਉਨ੍ਹਾਂ ਨਾਲ ਗੁਫਤਗੂ ਕਰਦਿਆਂ ਮੈਂ ਕਈ ਵਾਰ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਜਿਵੇਂ ਲਿਖਦੇ ਓ ਉਵੇਂ ਹੀ ਬੋਲਦੇ ਹੋ, ਤੁਹਾਡੀ ਸ਼ਬਦ ਚੋਣ ਤੇ ਵਾਕ ਬਣਤਰ,  ਲਿਖਤ ‘ਤੇ ਵਿਆਕਰਣ ਦੇ ਬਹੁਤ ਹੀ ਨੇੜੇ ਹੈ ਬਲਕਿ ਬਰਾਬਰ ਹੈ।
ਪਰਵਾਸ ਸਬੰਧੀ ਉਨ੍ਹਾਂ ਦਾ ਫਲਸਫਾ ਬੜਾ ਸਪੱਸ਼ਟ ਸੀ  । ਉਹ ਪਰਵਾਸ ਨੂੰ ਕੇਵਲ ਵਿਛੋੜੇ, ਦੁੱਖ ਅਤੇ ਵਿਯੋਗ ਵਜੋਂ ਨਹੀਂ ਵੇਖਦੇ ਸਨ ਬਲਕਿ ਇਸ ਦੀ ਗੁੰਝਲ ਵਿੱਚ ਪਏ ਆਰਥਿਕ ਰਾਜਨੀਤਕ ਸੱਭਿਆਚਾਰਕ ਅਤੇ ਇਤਿਹਾਸਕ ਕਾਰਨਾਂ ਦੀ ਅੰਤਰ ਸਬੰਧਤਾ ਵਿਚੋਂ ਆਪਣਾ ਪ੍ਰਵਚਨ ਉਸਾਰਦੇ ਸਨ। ਉਹ ਵਿਸ਼ਵ ਮਾਨਵ ਨੂੰ ਪੂੰਜੀ ਅਤੇ ਪੂੰਜੀਪਤੀਆਂ ਵੱਲੋਂ ਝੱਖੜ ਰੂਪ ਵਿੱਚ ਚਲਾਈ ਜਾ ਰਹੀ ਆਰਥਿਕ ਹਨ੍ਹੇਰੀ ਅੱਗੇ ਤੀਲਿਆਂ ਵਾਂਗ ਉੱਡਦਿਆਂ ਵੇਖਦੇ ਸਨ ਅਤੇ ਇਸ ਗੱਲੋਂ ਬਹੁਤ ਚਿੰਤਤ ਸਨ ਕਿ ਪੂੰਜੀ ਤੇ ਪੂੰਜੀਪਤੀ ਵਿਸਵ ਦੇ ਹਰ ਬਸ਼ਰ ਅਤੇ ਜੰਮਣ ਵਾਲੇ ਬੱਚੇ ਨੂੰ ਨਿਰਦੇਸ਼ਿਤ ਕਰਨ ਦੀ  ਸਮਰੱਥਾ ਹਾਸਲ ਕਰ ਗਏ ਹਨ  । ਪਰਵਾਸ ਦੀ ਸੰਵੇਦਨਾ ਦਰਸਾਉਣ ਲਈ ਉਹ ਲੋਕ ਸਿਆਣਪ  ਦੇ ਮੁਦਈ ਸਨ ਅਨੇਕਾਂ ਲੋਕ ਗੀਤ, ਮੁਹਾਵਰੇ ਅਤੇ ਅਖਾਉਤਾਂ ਸੁਣਾ ਕੇ ਪਰਵਾਸੀ ਕੰਤ ਪ੍ਰਤੀ ਲੋਕ ਧਾਰਾ ਵਿੱਚ ਨਾਰੀ ਦੀ ਬਿਰਹੋਂ ਵਿਚੋਂ ਪਰਵਾਸੀ ਦਾ ਦਰਦ ਸਮਝਾਇਆ ਕਰਦੇ ਸਨ।

ਡਾ ਹਰਚੰਦ ਸਿੰਘ ਬੇਦੀ ਦੀ ਇਤਿਹਾਸ ਦਿ੍ਰਸ਼ਟੀ ਵਜੋਂ ਕਿਹਾ ਜਾ ਸਕਦਾ ਹੈ ਕਿ ਉਹ ਇਤਹਾਸ ਦੇ ਗਾਲਪਨਿਕ ਚਰਿੱਤਰ ਤੋਂ ਚੰਗੀ ਤਰ੍ਹਾਂ ਵਾਕਫ਼ ਸਨ  ਅਤੇ ਇਤਹਾਸ ਦਰਸ਼ਨ ਵਿੱਚ ਫੂਕੋਯਾਮਾ ਦੇ ‘ਇਤਹਾਸ ਦਾ ਅੰਤ‘ ਵਾਲੇ ਕਥਨ ਦੀ ਵਾਸਤਵਿਕਤਾ ਤਲਾਸ਼ਣ ਲਈ ਘੰਟਿਆਂ ਬੱਧੀ ਅਧਿਐਨ ਕਰਦੇ ਰਹੇ। ਕੋਸ਼ਕਾਰੀ ਇਕ ਬਹੁਤ ਹੀ ਤਕਨੀਕੀ ਅਤੇ ਲਗਭਗ ਨੀਰਸ ਕਿਸਮ ਦਾ ਕਾਰਜ ਹੁੰਦਾ ਹੈ ਪਰ ਡਾ ਬੇਦੀ ਨੇ ਇਸ ਸੰਬੰਧੀ ਮਿਸ਼ਨਰੀ ਸਪਿਰਟ ਨਾਲ ਅਖੰਡ ਸਾਧਨਾ  ਅਤੇ ਮਿਆਰੀ ਕੰਮ ਕੀਤਾ। ਹਰੇਕ ਕੋਸ਼ ਦੇ ਆਰੰਭ ਵਿੱਚ ਲਗਪਗ ਸੌ ਪੰਨੇ ਦੀ ਇੱਕ ਵਿਸਤਿ੍ਰਤ ਭੂਮਿਕਾ ਅੰਕਤ ਕੀਤੀ ਜਿਸ ਵਿਚ ਹਰ ਸਾਹਿਤ ਰੂਪ ਵਿੱਚ ਹੋਏ ਕੰਮ ਬਾਰੇ ਉਸ ਦੇ ਸਿਧਾਂਤਕ ਇਤਿਹਾਸਕ  ਤੇ ਪ੍ਰਵਿਰਤੀ ਮੂਲਕ ਵੇਰਵੇ ਅੰਕਿਤ ਕਰਦੇ ਸਮੇਂ ਹਰ ਪੁਸਤਕ ਦੇ ਸਮੁੱਚੇ ਚਰਿੱਤਰ ਬਾਰੇ ਇਕ ਖੋਜ ਤੇ ਆਲੋਚਨਾ ਭਰਪੂਰ ਵਿਸਤਿ੍ਰਤ ਟਿੱਪਣੀ ਵੀ ਅੰਕਿਤ ਕੀਤੀ ਇਹ ਭੂਮਿਕਾ ਪੜ੍ਹ ਕੇ ਹੀ ਪਾਠਕ ਦੇ ਜ਼ਿਹਨ ਵਿੱਚ ਉਸ ਕਿਤਾਬ ਦਾ ਮਹਾਂਦਿ੍ਰਸ਼ ਆਪਣੇ ਨਕਸ਼ ਉੱਕਰ  ਦਿੰਦਾ ਹੈ  ।  
ਸਾਰੀ ਉਮਰ ਇਕ ਤਪੱਸਵੀ ਦੀ ਤਰ੍ਹਾਂ  ਲਿਖਣ ਅਤੇ ਪੜ੍ਹਨ ਪੜ੍ਹਾਉਣ ਦੇ ਕਾਰਜਾਂ ਵਿੱਚ ਰੁੱਝੇ ਰਹੇ  ਡਾ ਹਰਚੰਦ ਸਿੰਘ ਬੇਦੀ ਜੀਵਨ ਦੀ ਲਾਲਸਾ ਤੋਂ ਮੁਕਤ ਸਨ। ਆਪਣੇ ਅੰਤਮ ਸਮੇੰ ਦੇ ਨੇੜੇ ਹੋਣ  ਬਾਰੇ ਉਹਨਾਂ ਨੂੰ ਸੋਝੀ ਹੋ ਗਈ ਸੀ ਪਰ ਉਹਨਾ ਗਮ ਉਦਾਸੀ ਜਾਂ ਵੈਣਿਕਤਾ ਦੀ ਥਾਂ ਬੜੇ ਸਬਰ ਨਾਲ ਖਿੜੇ ਮੱਥੇ  ਮੌਤ ਦਾ ਸਵਾਗਤ ਕੀਤਾ  ਉਹਨਾ ਦੀ ਪਤਨੀ ਸਰਦਾਰਨੀ ਸਤਵੰਤ ਕੌਰ ਤੇ ਦੋਹਾਂ ਪੁੱਤਰਾਂ  ਨੂੰ ਉਹਨਾ ਦੇ  ਵਜੂਦ ਦੇ ਪੰਜ ਤੱਤਾਂ ਵਿਚ ਵਿਲੀਨ ਹੋ ਜਾਣ ਦੀ ਕਨਸੋੋਅ ਮਿਲ ਗਈ ਸੀ ਪਰ ਉਹਨਾਂ ਜੀਵਨ ਮੌਤ ਤੋਂ ਪਾਰ ਦੇ ਰਿਸ਼ਤੇ ਵਾਂਗੂੰ ਅਖੀਰ ਤੱਕ ਪੂਰੀ ਈਮਾਨਦਾਰੀ ਨਾਲ ਤੀਮਾਰਦਾਰੀ ਕੀਤੀ ਅਤੇ ਉਹਨਾਂ ਦੀ ਦੇਹ ਨੂੰ ਫੁੱਲਾਂ ਵਾਂਗੂੰ ਸਾਂਭਿਆ। ਡਾ ਹਰਚੰਦ ਸਿੰਘ ਬੇਦੀ ਆਪਣੇ ਲਾਮਿਸਾਲ ਖੋਜ ਕਾਰਜ ਦੇ ਬਲਬੂਤੇ  ਅਤੇ ਮੋਹ ਭਰੇ ਰਿਸ਼ਤੇ ਦੀ ਮਿੱਠੀ ਯਾਦ ਵਜੋਂ  ਸਾਡੇ ਚੇਤਿਆਂ ਵਿਚ ਸਦਾ ਜਿਉਂਦੇ ਰਹਿਣਗੇ।    
ਡਾ ਕੰਵਲਜੀਤ ਸਿੰਘ
ਪਿ੍ਰੰਸੀਪਲ (ਕਾਰਜਕਾਰੀ)
ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ
8283886070       

Leave a Reply

Your email address will not be published. Required fields are marked *