ਸੂਬਿਆਂ ਕੋਲ ਕੋਵਿਡ ਟੀਕੇ ਦੀਆਂ 1.63 ਕਰੋੜ ਖ਼ੁਰਾਕਾਂ ਉਪਲੱਬਧ: ਕੇਂਦਰ
ਨਵੀਂ ਦਿੱਲੀ 6 ਜੂਨ (ਮਧੂਸਾਰ ਬਿਊਰੋ) ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹੁਣ ਵੀ ਕੋਵਿਡ-19 ਰੋਕੂ ਟੀਕੇ ਦੀਆਂ 1.63 ਕਰੋੜ ਤੋਂ ਵੱਧ ਖ਼ੁਰਾਕਾਂ ਉਪਲੱਬਧ ਹਨ। ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ ਟੀਕੇ ਦੀਆਂ 24 ਕਰੋੜ ਤੋਂ ਵੱਧ (24,60,80,900) ਖ਼ੁਰਾਕਾਂ ਮੁਹੱਈਆ ਕਰਵਾਈਆਂ ਹਨ। ਇਹ ਖ਼ੁਰਾਕਾਂ ਮੁਫ਼ਤ ਜਾਂ ਸਿੱਧੇ ਸੂਬਾ ਖਰੀਦਦਾਰੀ ਵਿਵਸਥਾ ਜ਼ਰੀਏ ਉਪਲੱਬਧ ਕਰਵਾਈ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ 22,96,95,199 ਖ਼ੁਰਾਕਾਂ ਇਸਤੇਮਾਲ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਬਰਬਾਦ ਹੋਈਆਂ ਖ਼ੁਰਾਕਾਂ ਵੀ ਸ਼ਾਮਲ ਹਨ। ਮੰਤਰਾਲਾ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹੁਣ ਵੀ ਕੁੱਲ ਟੀਕੇ ਦੀਆਂ 1,63,85,701 ਖ਼ੁਰਾਕਾਂ ਉਪਲੱਬਧ ਹਨ।
ਦੱਸ ਦੇਈਏ ਕਿ ਦੇਸ਼ ਵਿਚ 16 ਜਨਵਰੀ 2021 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਲੈ ਕੇ 5 ਜੂਨ ਤੱਕ 23,13,22,417 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਸ਼ਨੀਵਾਰ ਯਾਨੀ ਕਿ ਕੱਲ੍ਹ 33,53,539 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਲਗਾਤਾਰ ਘੱਟ ਰਹੀ ਹੈ। ਇਕ ਦਿਨ ਵਿਚ ਕੋਵਿਡ-19 ਦੇ 1,14,460 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 60 ਦਿਨਾਂ ’ਚ ਸਭ ਤੋਂ ਘੱਟ ਗਿਣਤੀ ਹੈ। ਉੱਥੇ ਹੀ ਇਸ ਮਹਾਮਾਰੀ ਨਾਲ 2,677 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਿ੍ਰਤਕਾਂ ਦੀ ਗਿਣਤੀ 3,46,759 ਹੋ ਗਈ ਹੈ।

