ਪ੍ਰੋ. ਬਡੂੰਗਰ ਵੱਲੋਂ ਗੁਰਦੁਆਰਾ ਸਾਹਿਬ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ
ਪਟਿਆਲਾ 7 ਜੂਨ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਅਕਾਲੀ ਕੌਰ ਸਿੰਘ ਲਾਇਬ੍ਰੇਰੀ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ 800 ਦੇ ਕਰੀਬ ਪੁਸਤਕਾਂ ਭੇਂਟ ਕੀਤੀਆਂ ਗਈਆਂ।
ਗੁਰਦੁਆਰਾ ਪ੍ਰਬੰਧਕਾਂ ਨੂੰ ਪੁਸਤਕਾਂ ਭੇਂਟ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੁਸਤਕਾਂ ਗਿਆਨ ਦਾ ਸੋਮਾ ਹੁੰਦੀਆਂ ਹਨ, ਜਿਨਾਂ ਰਾਹੀਂ ਸਿੱਖ ਇਤਿਹਾਸ, ਧਾਰਮਕ ਜਾਣਕਾਰੀ ਅਕਸਰ ਹਮੇਸ਼ਾ ਪ੍ਰਦਾਨ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਲਈ ਹੁਣ ਤੱਕ 3000 ਤੋਂ ਵੱਧ ਧਾਰਮਕ ਅਤੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਭਰਪੂਰ ਪੁਸਤਕਾਂ ਭੇਂਟ ਕੀਤੀਆਂ ਜਾ ਚੁੱਕੀਆਂ ਹਨ।
ਪ੍ਰੋ. ਬਡੂੰਗਰ ਨੇ ਚਿੰਤਾ ਵੀ ਪ੍ਰਗਟ ਕੀਤੀ ਕਿ ਅਜੌਕੀ ਪੀੜ੍ਹੀ ਮੋਬਾਇਲ ਅਤੇ ਇੰਟਰਨੈਟ ਦੀ ਦੁਨੀਆ ਨਾਲ ਜੁੜਦੀ ਹੋਈ ਪੁਸਤਕਾਂ ਦੇ ਗਿਆਨ ਤੋਂ ਵਾਂਝੀ ਹੋ ਰਹੀ ਹੈ। ਉਨ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਪੁਸਤਕਾਂ ਗਿਆਨ ਦਾ ਸਭ ਤੋਂ ਵੱਡਾ ਸੋਮਾ ਹਨ, ਜਿਸ ਰਾਹੀਂ ਹਮੇਸ਼ਾ ਮਾਰਗ ਦਰਸ਼ਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਸਤਕਾਂ ਦੇ ਸ਼ਬਦਦਿਕ ਗਿਆਨ ਨਾਲ ਜੁੜਨਾ ਅੱਜ ਸਭ ਤੋਂ ਵੱਡੀ ਲੋੜ ਹੈ ਅਤੇ ਅਜੌਕੀ ਪੀੜੀ ਨੂੰ ਪੁਸਤਕ ਗਿਆਨ ਦੀ ਜੋਤ ਨਾਲ ਆਪਣੇ ਭਵਿੱਖ ਨੂੰ ਰੌਸ਼ਨਮਈ ਬਣਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਭਾਈ ਭੁਪਿੰਦਰਪਾਲ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

