ਤੇਜ ਹਨੇਰੀ ਝੱਖੜ ਨਾਲ ਬਿਜਲੀ ਬੋਰਡ ਨੂੰ ਹੋਇਆ ਕਰੋੜਾਂ ਦਾ ਨੁਕਸਾਨ
ਸੂਬੇ ’ਚ ਕਈ ਜਗਾ ਹਾਈਵੋਲਟੇਜ ਟਾਵਰ, ਖੰਬੇ, ਟਰਾਸਫਾਰਮਰ ਡਿਗੇ
ਕਈ ਥਾਵਾਂ ਤੇ 24 ਘੰਟਿਆ ਬਾਅਦ ਵੀ ਬਿਜਲੀ ਨਹੀਂ ਹੋ ਸਕੀ ਬਹਾਲ
ਪਟਿਆਲਾ, 11 ਜੂਨ (ਮਧੂਸਾਰ ਬਿਊਰੋ) ਪੰਜਾਬ ਵਿਚ ਬੀਤੀ ਰਾਤ ਤੇਜ ਝੱਖੜ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਕਰੋੜਾਂ ਰੁਪਏ ’ਚ ਮੰਨਿਆ ਜਾ ਰਿਹਾ ਹੈ। ਇਸ ਝੱਖੜ ਦੌਰਾਨ ਬਿਜਲੀ ਬੋਰਡ ਦੇ ਵੱਡੇ ਹਾਈਵੋਲਟੇਜ਼ ਟਾਵਰ, ਖੰਬੇ, ਟਰਾਂਸਫਾਰਮ ਅਤੇ ਤਾਰਾਂ ਡਿੱਗ ਗਈਆਂ ਹਨ। ਕਈ ਥਾਵਾਂ ਤੇ ਦਰੱਖਤ ਡਿੱਗਣ ਨਾਲ ਵੀ ਖੰਭਿਆਂ ਤੇ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਬੀਤੀ ਰਾਤ ਪਟਿਆਲਾ, ਪਠਾਨਕੋਟ, ਗੁਰਦਾਸਪੁਰ ਅੰਮਿ੍ਰਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸਅਿਾਰਪੁਰ, ਨਵਾਂਸਹਿਰ, ਮੋਗਾ, ਲੁਧਿਆਣਾ ਤੇ ਰੋਪੜ ਵਿਚ ਤੇਜ ਰਫਤਾਰ ਝੱਖੜ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ।

ਮੌਸਮ ਵਿਭਾਗ ਕੁਝ ਦਿਨ ਪਹਿਲਾਂ ਤੋਂ ਹੀ ਇਹ ਝੱਖੜ ਚੱਲਣ, ਮੀਂਹ ਪੈਣ ਤੇ ਬਿਜਲੀ ਚਮਕਣ ਦੀ ਚਿਤਾਵਨੀ ਦੇ ਰਿਹਾ ਸੀ। ਬਿਜਲੀ ਬੋਰਡ ਦੇ ਹੋਏ ਇਸ ਭਾਰੀ ਨੁਕਸਾਨ ਦੇ ਚਲਦਿਆ ਸੂਬੇ ‘ਚ ਕਈ ਥਾਵਾਂ ਤੇ ਤਾ 24 ਘੰਟਿਆਂ ਬਾਅਦ ਵੀ ਬਿਜਲੀ ਨਹੀਂ ਆਈ। ਜਦਕਿ ਕਈ ਥਾਵਾਂ ਤੇ ਕੁਝ-ਕੁਝ ਘੰਟਿਆ ਬਾਅਦ ਬਿਜਲੀ ਸਪਲਾਈ ਬਹਾਲ ਹੋ ਸਕੀ ਹੈ। ਜਿਲਾ ਪਟਿਆਲਾ ਵਿਚ ਵੀ ਇਹ ਤਬਾਹੀ ਭਾਰੀ ਨੁਕਸਾਨ ਕਰ ਗਈ ਹੈ। ਜਿਲੇ ਦੇ ਪਿੰਡ ਜੌੜਾ ਮਾਜਰਾ ‘ਚ 725 ਕੇ. ਵੀ. ਏ. ਦੀ ਮੋਗਾ-ਮੇਰਠ ਲਾਈਨ ਦਾ ਹਾਈਵੋਲਟੇਜ ਟਾਵਰ ਵੀ ਡਿਗ ਗਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਵਿਚ ਅਣਗਿਣਤ ਥਾਵਾਂ ’ਤੇ ਬਿਜਲੀ ਦੇ ਖੰਭੇ, ਟਰਾਂਸਫਾਰਮਰ ਤੇ ਵੱਡੀਆਂ ਸਪਲਾਈ ਲਾਈਨਾਂ ਟੁੱਟ ਗਈਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸੇ ਤਰੀਕੇ ਅਨੇਕਾਂ ਥਾਵਾਂ ’ਤੇ ਟਰਾਂਸਫਰ ਡਿਗੇ ਹੋਏ ਤੇ ਖੰਭੇ ਟੁੱਟੇ ਹੋਏ ਵੇਖਣ ਨੁੰ ਮਿਲੇ ਹਨ। ਦੇਰ ਰਾਤ ਤੋਂ ਹੀ ਬਿਜਲੀ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਵਿਚ ਜੁਟੇ ਹੋਏ ਹਨ। ਇਹ ਬਿਜਲੀ ਸਪਲਾਈ ਸਭ ਤੋਂ ਪਹਿਲਾਂ ਸਹਿੀ ਖੇਤਰਾਂ ਵਿਚ ਬਹਾਲ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ। ਝੱਖੜ ਦੀ ਬਦੌਲਤ ਬੀਤੀ ਰਾਤ ਪਾਵਰਕਾਮ ਕੋਲ ਬਿਜਲੀ ਸਬੰਧੀ ਇਕ ਲੱਖ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਹ ਸਿਕਾਇਤਾਂ ਹੱਲ ਕਰਨ ਲਈ ਬਿਜਲੀ ਵਿਭਾਗ ਨੇ ਆਪਣਾ ਸਾਰਾ ਤੰਤਰ ਲਗਾ ਰੱਖਿਆ ਹੈ। ਜੇਕਰ ਪਟਿਆਲਾ ਸਹਿਰ ਦੀ ਗਲ ਕਰੀਏ ਤਾਂ ਇਥੇ ਵੀ ਸਾਰੀ ਰਾਤ ਬਿਜਲੀ ਬੰਦ ਰਹੀ। ਜਦਕਿ ਕੁਝ ਥਾਵਾਂ ਤੇ ਸੇਵਰੇ ਤੜਕਸਾਰ ਬਿਜਲੀ ਬਹਾਲ ਕਰ ਦਿਤੀ ਗਈ, ਪਰ ਜਿਆਦਤਰ ਹਿਸਿਆਂ ਵਿਚ ਇਹ ਬਿਜਲੀ ਸਪਲਾਈ ਅੱਖ ਝਮੱਕੇ ਮਾਰਦੀ ਰਹੀ ਅਤੇ ਕਈ ਥਾਵਾਂ ਤੇ ਦੇਰ ਸਾਮ ਤੱਕ ਬਿਜਲੀ ਆ ਸਕੀ। ਉਧਰ ਬਿਜਲੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਇਸ ਨੁਕਸਾਨੇ ਤੰਤਰ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਨ।

