ਟੋਲ ਪਲਾਜਾਂ ’ਤੇ ਕਿਸਾਨ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
ਜੀਂਦ 16 ਜੂਨ (ਚ.ਨ.ਸ.) ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ 6 ਮਹੀਨੇ ਤੋਂ ਵੱਧ ਸਮੇਂ ਤੋਂ ਡਟੇ ਹੋਏ ਹਨ। ਕਈ ਟੋਲ ਪਲਾਜ਼ਿਆਂ ਨੂੰ ਕਿਸਾਨਾਂ ਨੇ ਧਰਨੇ ਲਾ ਕੇ ਬੰਦ ਕਰ ਰੱਖਿਆ ਹੈ। ਇਸ ਦਰਮਿਆਨ ਕਈ ਕਿਸਾਨਾਂ ਨੇ ਮੌਤ ਨੂੰ ਵੀ ਗਲ ਲਾ ਲਿਆ ਹੈ। ਤਾਜ਼ਾ ਮਾਮਲਾ ਹਰਿਆਣਾ ਦੇ ਜੀਂਦ ਖਟਕੜ ਟੋਲ ਪਲਾਜ਼ਾ ਦਾ ਹੈ, ਜਿੱਥੇ ਧਰਨੇ ’ਚ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਣ ’ਤੇ ਉਚਾਨਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਟੋਲ ’ਤੇ ਮੌਜੂਦ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ, ਜਿਸ ਦੇ ਚੱਲਦੇ ਮਿ੍ਰਤਕ ਸਰਕਾਰ ਦੇ ਇਸ ਰਵੱਈਏ ਤੋਂ ਦੁਖੀ ਸੀ।
ਉਚਾਨਾ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨ ਦੇ ਪਰਿਵਾਰ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਆਗਾਮੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੰਬੇ ਸਮੇਂ ਤੋਂ ਖਟਕੜ ਟੋਲ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ।
ਜਾਣਕਾਰੀ ਮੁਤਾਬਕ ਪਿੰਡ ਖਟਕੜ ਵਾਸੀ ਪਾਲੇਰਾਮ (55) ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਾਲੇਰਾਮ ਕਾਫੀ ਸਮੇਂ ਤੋਂ ਨਹੀਂ ਉਠੇ। ਕਿਸਾਨ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਹ ਮਿ੍ਰਤਕ ਪਾਏ ਗਏ ਅਤੇ ਉਨ੍ਹਾਂ ਕੋਲ ਜ਼ਹਿਰੀਲੇ ਪਦਾਰਥ ਦੀ ਬੋਤਲ ਪਈ ਸੀ।

