ਪ੍ਰੋਫ਼ੈਸਰ ਸਾਹਿਬਾਨ ਦੀ ਸੇਵਾ ਮੁਕਤੀ ਮੌਕੇ ਯੂਨੀਵਰਸਿਟੀ ਅਥਾਰਿਟੀ ਵੱਲੋਂ ਇਕ ਵਿਦਾਇਗੀ ਸਮਾਰੋਹ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਧਿਆਪਨ ਫ਼ੈਕਲਟੀ ਦੇ ਸੱਤ ਸੀਨੀਅਰ ਪ੍ਰੋਫ਼ੈਸਰ ਸਾਹਿਬਾਨ ਦੀ ਸੇਵਾ ਮੁਕਤੀ ਮੌਕੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਅਗਵਾਈ ਵਿਚ ਯੂਨੀਵਰਸਿਟੀ ਅਥਾਰਿਟੀ ਵੱਲੋਂ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਕੋਵਿਡ-19 ਸੰਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਸਿੰਡੀਕੇਟ ਰੂਮ ਵਿਖੇ ਹੋਏ ਇਕ ਸੰਖੇਪ ਪ੍ਰੋਗਰਾਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਡਾ. ਦੇਵਿੰਦਰ ਸਿੰਘ, ਡਾ. ਜਯੋਤਸਿਨਾ ਸੇਨ ਗੁਪਤਾ, ਡਾ. ਕੇਸਰ ਸਿੰਘ ਭੰਗੂ, ਡਾ. ਕੁਲਵਿੰਦਰ ਸਿੰਘ, ਡਾ. ਸਰਬਜਿੰਦਰ ਸਿੰਘ, ਡਾ. ਸੁਖਵਿੰਦਰ ਕੌਰ ਬਾਠ ਅਤੇ ਡਾ. ਯੋਗਰਾਜ ਨੂੰ ਮੁਬਾਰਕਬਾਦ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ। ਡਾ. ਅਰਵਿੰਦ ਨੇ ਕਿਹਾ ਕਿ ਸੇਵਾ-ਮੁਕਤੀ ਦਾ ਦਿਨ ਸਾਡੀ ਸਾਰਿਆਂ ਦੀ ਜਿ਼ੰਦਗੀ ਵਿਚ ਅਹਿਮ ਦਿਨ ਦੇ ਤੌਰ ਤੇ ਆਉਂਦਾ ਹੈ। ਆਪਣੇ ਅਦਾਰੇ ਨੂੰ ਦਿੱਤੀਆਂ ਆਪਣੀਆਂ ਸੇਵਾਵਾਂ ਲਈ ਹਰ ਵਿਅਕਤੀ ਮਾਣ ਅਤੇ ਸੰਤੁਸ਼ਟੀ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸੇਵਾ-ਮੁਕਤ ਹੋ ਰਹੇ ਸੀਨੀਅਰ ਪ੍ਰੋਫ਼ੈਸਰਾਂ ਵੱਲੋਂ ਆਪਣੇ ਆਪਣੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਪੰਜਾਬੀ ਯੂਨੀਵਰਸਿਟੀ ਨੂੰ ਬੇਹੱਦ ਮਾਣ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੋਸਿ਼ਸ਼ ਕੀਤੀ ਜਾਵੇਗੀ ਕਿ ਆਪਣੇ ਸਾਰੇ ਅਧਿਆਪਕਾਂ ਨੂੰ ਆਪਣੇ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੋੜ ਕੇ ਰੱਖਿਆ ਜਾਵੇਗਾ।
ਜੀਵ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਡਾ. ਦੇਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿਚ ਰਜਿਸਟਰਾਰ, ਡਾਇਰੈਕਟਰ ਯੋਜਨਾ ਤੇ ਨਿਰੀਖਣ, ਡੀਨ ਫੈ਼ਕਲਟੀ ਆਫ਼ ਲਾਈਫ਼ ਸਾਇੰਸਜ਼, ਪ੍ਰੋਫ਼ੈਸਰ ਇੰਚਾਰਜ, ਸੂਖਮ ਯੰਤਰ ਕੇਂਦਰ, ਕੋਆਰਡੀਨੇਟਰ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਜੋਂ ਅਹਿਮ ਜਿ਼ੰਮੇਵਾਰੀਆਂ ਨਿਭਾ ਚੁੱਕੇ ਹਨ। ਜੀਵ ਵਿਗਿਆਨ ਵਿਚ ਉਨ੍ਹਾਂ ਦੀ ਮੁਹਾਰਤ ਦਾ ਵਿਸ਼ੇਸ਼ ਖੇਤਰ ਐਂਟੋਮੋਲੌਜੀ (ਸਿਸਟੇਮੈਟਿਕ, ਮੌਲੀਕਿਊਲਰ ਐਂਡ ਫ਼ੋਰੈਂਸਿਕ) ਹੈ। ਅਕਾਦਮਿਕ ਖੇਤਰ ਵਿਚ ਉਨ੍ਹਾਂ ਦਾ ਖੋਜ ਕਾਰਜ ਪ੍ਰਕਾਸਿ਼ਤ ਹੋ ਚੁੱਕੇ ਹਨ।
ਡਾ. ਜਯੋਤਸਿਨਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਵਿਖੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਸੰਬੰਧਤ ਫ਼ੈਕਲਟੀ ਦੇ ਡੀਨ ਵੀ ਰਹਿ ਚੁੱਕੇ ਹਨ। ਆਪਣੇ 29 ਸਾਲਾਂ ਦੇ ਅਧਿਆਪਨ ਤਜ਼ਰਬੇ ਦੌਰਾਨ ਵਖ-ਵਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿਚ 70 ਤੋਂ ਵਧੇਰੇ ਖੋਜ ਪੱਤਰ ਪ੍ਰਕਾਸਿ਼ਤ ਕਰਵਾ ਚੁੱਕੇ ਡਾ. ਜਯੋਤਸਿਨਾ ਵੱਲੋਂ ਕੰਪਿਊਟਰ ਵਿਗਿਆਨ ਦੇ ਵਿਸ਼ੇ ਵਿਚ ਦੋ ਪੁਸਤਕਾਂ ਦੀ ਰਚਨਾ ਗਈ ਕੀਤੀ ਹੈ।
ਡਾ. ਕੇਸਰ ਸਿੰਘ ਭੰਗੂ ਅਧਿਆਪਨ ਅਤੇ ਖੋਜ ਤੋਂ ਇਲਾਵਾ ਪ੍ਰਬੰਧਨ ਦੇ ਖੇਤਰ ਵਿਚ ਡੀਨ, ਫ਼ੈਕਲਟੀ ਆਫ਼ ਸੋਸ਼ਲ ਸਾਇੰਸਜ਼, ਮੈਂਬਰ ਸਿੰਡੀਕੇਟ ਆਦਿ ਅਹੁਦਿਆਂ ਤੇ ਵੀ ਕਾਰਜਸ਼ੀਲ ਰਹੇ ਹਨ। ਉਹ ਅਰਥ ਵਿਗਿਆਨ ਦੇ ਪ੍ਰੋਫ਼ੈਸਰ ਦੇ ਤੌਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਆਰਥਿਕ ਪਰਿਵਰਤਨ ਖੋਜ ਕੇਂਦਰ ਵਿਖੇ ਕਾਰਜਸ਼ੀਲ ਰਹੇ ਹਨ। ਉਨ੍ਹਾਂ ਦਾ ਖੋਜ ਕਾਰਜ ਕਿਰਤ ਮਾਮਲਿਆਂ, ਖਾਸ ਕਰ ਕੇ ਉਦਯੋਗਿਕ ਰਿਸ਼ਤਿਆਂ, ਟਰੇਡ ਯੂਨੀਅਨਾਂ ਅਤੇ ਉਦਯੋਗਿਕ ਵਿਵਾਦਾਂ ਦੇ ਵਿਸਿ਼ਆਂ ਨਾਲ ਸੰਬੰਧਤ ਹੈ ਜਿਸਤੇ ਉਨ੍ਹਾਂ ਨੇ ਕਿਤਾਬਾਂ ਅਤੇ ਖੋਜ ਪੱਤਰ ਪ੍ਰਕਾਸਿ਼ਤ ਕੀਤੇ ਹਨ। ਉਨ੍ਹਾਂ ਨੇ ਖੋਜ ਕਾਰਜ ਦੌਰਾਨ ਖੇਤੀ ਸੰਬੰਧੀ ਮੁੱਦਿਆਂ ਖਾਸ ਕਰ ਕੇ ਖੇਤੀਬਾੜੀ ਦੀ ਸਮੱਸਿਆ ਅਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ `ਤੇ ਧਿਆਨ ਕੇਂਦਰਿਤ ਕੀਤਾ ਹੈ।
ਡਾ. ਸਰਬਜਿੰਦਰ ਸਿੰਘ ਦਾ ਸਿੱਖ ਇਤਿਹਾਸ ਅਤੇ ਸਿਧਾਂਤ ਸੰਬੰਧੀ ਅਧਿਐਨ ਦੇ ਖੇਤਰ ਵਿਚ ਬਹੁਤ ਵੱਡਾ ਨਾਮ ਹੈ। ਉਹ ਆਪਣੇ ਖੇਤਰ ਨਾਲ ਸੰਬੰਧਤ 45 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ ਜੋ ਕਿ ਆਪਣੇ ਆਪ ਵਿਚ ਇਕ ਵੱਡੀ ਮਿਸਾਲ ਹੈ। ਤਕਰੀਬਨ 25 ਸਾਲ ਦਾ ਅਧਿਆਪਨ ਤਜ਼ਰਬਾ ਰਖਣ ਵਾਲੇ ਡਾ. ਸਰਬਜਿੰਦਰ ਸਿੰਘ ਵਖ-ਵਖ ਪ੍ਰਬੰਧਕੀ ਉੱਚ ਅਹੁਦਿਆਂ ਉੱਪਰ ਵੀ ਤਾਇਨਾਤ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਹ ਡਾਇਰੈਕਟਰ, ਪਬਲੀਕੇਸ਼ਨ ਬਿਊਰੋ, ਡੀਨ, ਰਿਸੋਰਸ ਮੋਬਲਾਈਜ਼ੇਸ਼ਨ, ਚੇਅਰਮੈਨ, ਭਾਈ ਗੁਰਦਾਸ ਚੇਅਰ, ਸਿੰਡੀਕੇਟ ਅਤੇ ਸੈਨੇਟ ਮੈਂਬਰ ਰਹਿਣ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵਿਖੇ ਵੀ ਸੈਨੇਟ ਅਤੇ ਸਿੰਡੀਕੇਟ ਮੈਂਬਰ ਰਹਿ ਚੁੱਕੇ ਹਨ।
ਮੌਜੂਦਾ ਸਮੇਂ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਹਿਮ ਅਹੁਦੇ ਉੱਪਰ ਕਾਰਜਸ਼ੀਲ ਡਾ. ਯੋਗਰਾਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਕਾਸ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਰਹਿ ਚੁੱਕੇ ਹਨ। ਅਕਾਦਮਿਕ ਖੇਤਰ ਵਿਚਲੀਆਂ ਵੱਡੀਆਂ ਪ੍ਰਾਪਤੀਆਂ ਦੇ ਨਾਲ ਨਾਲ ਉਨ੍ਹਾਂ ਨੂੰ ਪ੍ਰਬੰਧਨ ਦੇ ਖੇਤਰ ਦਾ ਵੀ ਲੰਬਾ ਤਜ਼ਰਬਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਹ ਰਜਿਸਟਰਾਰ, ਡੀਨ ਕਾਲਜ ਵਿਕਾਸ ਕੌਂਸਲ, ਡਾਇਰੈਕਟਰ, ਮਨੁੱਖੀ ਸਰੋਤ ਵਿਕਾਸ ਕੇਂਦਰ ਆਦਿ ਵੱਕਾਰੀ ਅਹੁਦਿਆਂ ਉੱਪਰ ਕਾਰਜਸ਼ੀਲ ਰਹਿ ਚੁੱਕੇ ਹਨ।
ਹਿੰਦੀ ਵਿਭਾਗ ਵਿਚ ਪ੍ਰੋਫ਼ੈਸਰ ਅਤੇ ਮੁਖੀ ਵਜੋਂ ਕਾਰਜਸ਼ੀਲ ਰਹੇ ਡਾ. ਸੁਖਵਿੰਦਰ ਕੌਰ ਬਾਠ ਦੀ ਮੁਹਾਰਤ ਦਾ ਵਿਸ਼ੇਸ਼ ਕੇਂਦਰ ਸਿੱਖ ਇਤਿਹਾਸ ਤੇ ਗੁਰਮਤਿ ਦਰਸ਼ਨ, ਮੱਧਕਾਲੀ ਹਿੰਦੀ ਕਵਿਤਾ ਅਤੇ ਲੋਕਧਾਰਾ ਤੇ ਸਭਿਆਚਾਰ ਆਦਿ ਰਹੇ ਹਨ। ਖੋਜ ਅਤੇ ਅਕਾਦਮਿਕ ਖੇਤਰ ਤੋਂ ਇਲਾਵਾ ਉਹ ਪ੍ਰਬੰਧਨ ਦੇ ਖੇਤਰ ਵਿਚ ਸਰਗਰਮ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਉਹ ਡੀਨ, ਕਾਲਜ ਵਿਕਾਸ ਕੌਂਸਲ ਦੇ ਅਹੁਦੇ ਉੱਪਰ ਕੰਮ ਕਰ ਚੁੱਕੇ ਹਨ। ‘ਪੰਜਾਬ ਕਾ ਦਰਬਾਰੀ ਹਿੰਦੀ ਕਾਵਿਯਾ’ ਵਿਸ਼ੇ ਉੱਪਰ ਉਹ ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਤੋਂ ਡੀ.ਲਿਟ ਡਿਗਰੀ ਪ੍ਰਾਪਤ ਕਰ ਚੁੱਕੇ ਹਨ। ਅਧਿਆਪਨ, ਖੋਜ ਅਤੇ ਆਲੋਚਨਾ ਤੋਂ ਇਲਾਵਾ ਉਨ੍ਹਾਂ ਵੱਲੋਂ ਸਿਰਜਣਾਤਮਿਕ ਸਾਹਿਤ ਅਤੇ ਅਨੁਵਾਦ ਦੇ ਖੇਤਰ ਵਿਚ ਕਾਰਜ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਵਖ-ਵਖ ਦੇਸਾਂ ਵਿਚ ਕਰਵਾਏ ਗਏ ਵਿਸ਼ਵ ਹਿੰਦੀ ਸੰਮੇਲਨਾਂ ਵਿਚ ਡਾ. ਬਾਠ ਬਤੌਰ ਡੈਲੀਗੇਟ ਅਤੇ ਨੁਮਾਇੰਦੇ ਵਜੋਂ ਲਗਾਤਾਰ ਸ਼ਮੂਲੀਅਤ ਕਰਦੇ ਰਹੇ ਹਨ।
ਡਿਸਟੈਂਸ ਐਜ਼ੂਕੇਸ਼ਨ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਕੁਲਵਿੰਦਰ ਸਿੰਘ 2009 ਵਿਚ ਬਤੌਰ ਸਹਾਇਕ ਪ੍ਰੋਫ਼ੈਸਰ, ਲਾਇਬਰੇਰੀ ਸਾਇੰਸ ਸਬ-ਯੂਨਿਟ ਵਿਚ ਹਾਜ਼ਰ ਹੋਏ ਸਨ। ਉਂਝ ਉਹ 1983 ਤੋਂ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਵੱਲੋਂ ਵਖ-ਵਖ ਅਹੁਦਿਆਂ ਉੱਪਰ ਰਹਿੰਦਿਆਂ ਇੱਥੋਂ ਹੀ ਪੀ-ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਗਈ। ਡਿਸਟੈਂਸ ਐਜ਼ੂਕੇਸ਼ਨ ਵਿਭਾਗ, ਜੋ ਕਿ ਦੂਰ ਦੁਰਾਡੇ ਦੇ ਖੇਤਰਾਂ ਨਾਲ ਸੰਬੰਧਤ ਲੱਖਾਂ ਵਿਦਿਆਰਥੀਆਂ ਦੇ ਉਚੇਰੀ ਸਿੱਿਖਆ ਸੰਬੰਧੀ ਸੁਪਨਿਆਂ ਦੀ ਪੂਰਤੀ ਕਰਦਾ ਹੈ, ਵਿਖੇ ਉਨ੍ਹਾਂ ਵੱਲੋਂ ਲਾਇਬਰੇਰੀ ਵਿਗਿਆਨ ਨਾਲ ਸੰਬੰਧਤ ਤਿੰਨ ਕੋਰਸ ਸਫਲਤਾ ਪੂਰਵਕ ਚਲਾਏ ਗਏ ਹਨ।
ਡੀਨ ਅਕਾਦਮਿਕ ਮਾਮਲੇ ਡਾ. ਬਲਬੀਰ ਸਿੰਘ ਸੰਧੂ ਨੇ ਇਸ ਮੌਕੇ ਸਾਰਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਰੇ ਪ੍ਰੋਫ਼ੈਸਰ ਸਾਹਿਬਾਨ ਨੂੰ ਉਨ੍ਹਾਂ ਦੇ ਇਸ ਅਕਾਦਮਿਕ ਪੜਾਅ ਤੇ ਪਹੁੰਚਣ ਦੀ ਮੁਬਾਰਕਬਾਦ ਦਿੰਦੇ ਅਤੇ ਅਗਲੇਰੇ ਹੋਰ ਸਫਲ ਕਾਰਜਾਂ ਲਈ ਸ਼ੁਭ ਇਛਾਵਾਂ ਦਿੱਤੀਆਂ। ਇਸ ਮੌਕੇ ਰਜਿਸਟਰਾਰ ਡਾ. ਵਰਿੰਦਰ ਕੌਸਿ਼ਕ ਅਤੇ ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਵੀ ਸੰਬੋਧਨ ਕੀਤਾ ਗਿਆ। ਧੰਨਵਾਦੀ ਸ਼ਬਦ ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਵੱਲੋਂ ਕਹੇ ਗਏ। ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਡਾ. ਜੇ.ਆਈ.ਐੱਸ. ਖੱਟੜ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਅਸ਼ੋਕ ਮਲਿਕ ਅਤੇ ਡਾਇਰੈਕਟਰ ਲੋਕ ਸੰਪਰਕ ਵਿਭਾਗ ਡਾ. ਹੈਪੀ ਜੇਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

