ਪੰਜਾਬਪਟਿਆਲਾ

ਪੀ.ਆਰ.ਟੀ.ਸੀ. ਦੀ ਨਵੀਂ ਪਹਿਲ : ਆਨਲਾਈਨ ਮਸ਼ੀਨਾਂ ਰਾਹੀਂ ਕੱਟੀਆਂ ਜਾਣਗੀਆਂ ਬੱਸ ਦੀਆਂ ਟਿਕਟਾਂ: ਅਰੁਨਾ ਚੌਧਰੀ

ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ ਡਿਪੂ ਦੀਆਂ ਬੱਸਾਂ ‘ਤੇ ਸਥਾਪਤ ਕੀਤੀਆਂ ਜਾਣਗੀਆਂ 300 ਮਸ਼ੀਨਾਂ
ਪੀ.ਆਰ.ਟੀ.ਸੀ. ਵੱਲੋਂ 15 ਜੁਲਾਈ ਤੱਕ ਪ੍ਰਾਜੈਕਟ ਸ਼ੁਰੂ ਕਰਨ ਲਈ ਪ੍ਰਬੰਧਾਂ ਨੂੰ ਅੰਤਿਮ ਛੋਹਾਂ
ਚੰਡੀਗੜ੍ਹ, 25 ਜੂਨ (ਮਧੂਸਾਰ ਬਿਊਰੋ) ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਨਵੀਂ ਪਹਿਲ ਕਰਦਿਆਂ ਬੱਸਾਂ ਦੀਆਂ ਟਿਕਟਾਂ ਆਨਲਾਈਨ ਮਸ਼ੀਨਾਂ ਰਾਹੀਂ ਕੱਟਣ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ ਬੱਸ ਕੰਡਕਟਰ ਵੱਲੋਂ ਕਿਸੇ ਵੀ ਸਵਾਰੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਤੁਰੰਤ ਡਿਪੂ ਅਤੇ ਮੁੱਖ ਦਫਤਰ ਇਸ ਦੀ ਆਨਲਾਈਨ ਜਾਣਕਾਰੀ ਮਿਲ ਜਾਇਆ ਕਰੇਗੀ।

ਪਹਿਲੇ ਪੜਾਅ ਵਿੱਚ ਪਟਿਆਲਾ ਡਿਪੂ ਦੀਆਂ ਬੱਸਾਂ ਤੋਂ 15 ਜੁਲਾਈ ਤੱਕ ਇਸ ਪਹਿਲ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਤੋਂ ਬਾਅਦ ਬਾਕੀ ਡਿਪੂ ਦੀਆਂ ਬੱਸਾਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਸ ਵੇਲੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਆਫਲਾਈਨ ਟਿਕਟਾਂ ਮਸ਼ੀਨਾਂ ਚੱਲ ਰਹੀਆਂ ਜਿਨ੍ਹਾਂ ਦੀਆਂ ਟਿਕਟਾਂ ਦਾ ਰਿਕਾਰਡ ਬੱਸ ਕੰਡਕਟਰ ਵੱਲੋਂ ਰੂਟ ਪੂਰਾ ਹੋਣ ਉਪਰੰਤ ਦਫਤਰ ਜਾ ਕੇ ਮਸ਼ੀਨ ਨੂੰ ਕੰਪਿਊਟਰ ਨਾਲ ਜੋੜ ਕੇ ਚੜ੍ਹਾਉਣਾ ਪੈਂਦਾ ਸੀ ਜਦੋਂ ਕਿ ਨਵੀਂ ਪਹਿਲਕਦਮੀ ਨਾਲ ਬੱਸ ਅੱਡਿਆਂ ਅਤੇ ਬੱਸ ਵਿੱਚ ਕੰਡਕਟਰ ਕੋਲ ਆਨਲਾਈਨ ਟਿਕਟ ਮਸ਼ੀਨ ਹੋਵੇਗੀ ਜਿਸ ਉਤੇ ਟਿਕਟ ਕੱਟਣ ਸਾਰ ਟਿਕਟ ਦਾ ਰਿਕਾਰਡ ਆਨਲਾਈਨ ਸਿੱਧਾ ਸਬੰਧਤ ਡਿਪੂ ਅਤੇ ਮੁੱਖ ਦਫਤਰ ਦੇ ਸਰਵਰ ਉਪਰ ਅਪਲੋਡ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਡਿਪੂ ਅਤੇ ਮੁੱਖ ਦਫਤਰ ਵਿਖੇ ਬੈਠੇ ਅਧਿਕਾਰੀਆਂ ਨੂੰ ਬੱਸ ਦੀਆਂ ਟਿਕਟਾਂ ਕੱਟੇ ਜਾਣ ਦਾ ਰਿਕਾਰਡ ਨਾਲੋਂ-ਨਾਲ ਪਤਾ ਲੱਗਦਾ ਰਹੇਗਾ ਅਤੇ ਚੈਕਿੰਗ ਸਟਾਫ ਨੂੰ ਬੱਸ ਦੀ ਚੈਕਿੰਗ ਕਰਨੀ ਹੋਰ ਵੀ ਸੁਖਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਬੇਹੱਦ ਕਾਰਗਾਰ ਸਾਬਤ ਹੋਵੇਗੀ। ਇਸ ਨਾਲ ਮੁੱਖ ਦਫਤਰ ਕੋਲ ਹਰ ਬੱਸ ਦੀਆਂ ਸਵਾਰੀਆਂ ਦੀ ਗਿਣਤੀ ਦਾ ਰਿਕਾਰਡ ਅਤੇ ਸਵਾਰੀਆਂ ਦੇ ਪਹੁੰਚ ਸਟੇਸ਼ਨ ਦਾ ਰਿਕਾਰਡ ਵੀ ਨਾਲੋਂ-ਨਾਲ ਅੱਪਡੇਟ ਪਹੁੰਚਦਾ ਰਹੇਗਾ।
ਟਰਾਂਸਪੋਰਟ ਮੰਤਰੀ ਨੇ ਹੋਰ ਵੇਰਵੇ ਦਿੰਦੇ ਦੱਸਿਆ ਕਿ ਇਸ ਨਵੀਂ ਪਹਿਲ ਨੂੰ ਪਾਇਲਟ ਪ੍ਰਾਜੈਕਟ ਵਜੋਂ ਪਟਿਆਲਾ ਡਿਪੂ ਤੋਂ ਪਹਿਲੇ ਪੜਾਅ ਵਜੋਂ ਸ਼ੁਰੂ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਹੋਰਨਾਂ ਡਿਪੂਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਪਟਿਆਲਾ ਡਿਪੂ ਦੀਆਂ ਬੱਸਾਂ ਲਈ 300 ਆਨਲਾਈਨ ਮਸ਼ੀਨਾਂ ਬੱਸ ਅੱਡਿਆਂ ‘ਤੇ ਐਡਵਾਂਸ ਟਿਕਟਾ ਕੱਟਣ ਵਾਲਿਆਂ ਅਤੇ ਬੱਸਾਂ ਦੇ ਕੰਡਕਟਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਇਹ ਪ੍ਰਾਜੈਕਟ 15 ਜੁਲਾਈ ਤੱਕ ਸ਼ੁਰੂ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਅਤੇ ਤੈਅ ਸਮੇਂ ਅੰਦਰ ਇਸ ਦੀ ਸ਼ੁਰੂਆਤ ਹੋ ਜਾਵੇਗੀ।

Leave a Reply

Your email address will not be published. Required fields are marked *