ਆਪ ਆਗੂਆਂ ਦਾ ਕਿਰਦਾਰ ‘ਦਾਗਦਾਰ’ ‘ਠੱਗੀ’ ਦਾ ਮਾਮਲਾ ‘ਛੂਮੰਤਰ’ !
ਪਟਿਆਲਾ 4 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅਕਸਰ ਹੀ ਸਮਾਜ ਨੂੰ ਵੱਖਰਾ ਅਤੇ ਸਵੱਛ ‘ਸਿਆਸੀ ਮਾਹੌਲ’ ਦੇਣ ਦਾ ਦਾਅਵਾ ਕੀਤਾ ਜਾਂਦਾ, ਪਰ ਦਾਅਵਿਆਂ ਦੇ ਉਲਟ ਆਮ ਆਦਮੀ ਪਾਰਟੀ ’ਚ ਅਜਿਹੇ ਵਿਅਕਤੀਆਂ ਦੀ ਘੁਸਪੈਠ ਹੋ ਚੁੱਕੀ ਹੈ, ਜੋ ‘ਝਾੜੂ’ ਨੂੰ ਤੀਲਾ-ਤੀਲਾ ਕਰਨ ’ਚ ਯਕੀਨ ਰੱਖਦੇ ਹਨ। ਇਸ ਦੀ ਮਿਸਾਲ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈਕਿਸ਼ਨ ਰੌੜੀ ਵੱਲੋਂ ਸ਼ਾਹੀ ਸ਼ਹਿਰ ਦੇ ਸ਼ਾਹੀ ਅਰਬਨ ਅਸਟੇਟ ਵਿਖੇ ਸਥਿਤ ‘ਆਈਲੈਂਟਸ’ ’ਤੇ ਕੀਤੀ ਗਈ ਰੇਡ ਤੋਂ ਬਾਅਦ ਵੇਖਣ ਨੂੰ ਮਿਲੀ, ਜਿਸ ਨਾਲ ਨਾ ਕੇਵਲ ਆਮ ਆਗੂਆਂ ਦਾ ਕਿਰਦਾਰ ‘ਦਾਗਦਾਰ’ ਹੋਇਆ ਬਲਕਿ ਪਾਰਟੀ ਦੇ ਅਕਸ ਨੂੰ ਵੀ ਵੱਡੀ ਸੱਟ ਮਾਰੀ ਗਈ। ਆਪ ਵਿਧਾਇਕ ਵੱਲੋਂ ਦੇਰ ਰਾਤ ‘ਆਈਲੈਂਟਸ’ ’ਤੇ ਇਸ ਕਰਕੇ ਰੇਡ ਕੀਤੀ ਜਾਂਦੀ ਹੈ ਕਿ ਗੜ੍ਹਸ਼ੰਕਰ ਖੇਤਰ ਨਾਲ ਸਬੰਧਤ ਦੋ ਜਣਿਆਂ ਨਾਲ ਆਈਲੈਂਟਸ ਸੈਂਟਰ ਦੇ ਸੰਚਾਲਕਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਸੱਤ ਲੱਖ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਚੁੱਕਿਆ ਜਾਂਦਾ, ਜਿਸ ਦੀ ਪੋਲ ਵਿਧਾਇਕ ਜੈਕਿਸ਼ਨ ਰੌੜੀ ਵੱਲੋਂ ‘ਆਈਲੈਂਟਸ’ ਦੇ ਅੰਦਰ ਧਰਨਾ ਦੇ ਕੇ ਖੋਲ੍ਹੀ ਗਈ। ਵਿਧਾਇਕ ਨਾਲ ਜ਼ਿਲ੍ਹੇ ਦੇ ‘ਆਪ’ ਆਗੂਆਂ ਦੀ ਫੌਜ ਵੀ ਪੁੱਜਦੀ ਹੈ, ਜਿਨ੍ਹਾਂ ਨੇ ਇਹ ਸਾਰਾ ਤਾਣਾ ਬੁਣਿਆ ਹੁੰਦਾ।
ਆਈਲੈਂਟਸ ਦੇ ਅੰਦਰ ਬੈਠੇ ਵਿਧਾਇਕ ਅਤੇ ਆਪ ਆਗੂਆਂ ਵੱਲੋਂ ਰਿਕਾਰਡ ਜ਼ਬਤ ਕੀਤਾ ਜਾਂਦਾ ਮੌਕੇ ’ਤੇ ਪੁਲਿਸ ਅਤੇ ਨਾਇਬ ਤਹਿਸੀਲਦਾਰ ਨੂੰ ਬੁਲਾ ਕੇ ਇਹ ਭਰੋਸਾ ਲੈ ਲਿਆ ਜਾਂਦਾ ਹੈ ਕਿ ‘ਸੱਚ’ ਸਾਹਮਣੇ ਲਿਆ ਕੇ ਠੱਗੀ ਦਾ ਸ਼ਿਕਾਰ ਨੌਜਵਾਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਆਪ ਵਿਧਾਇਕ ਜੈ ਕਿਸ਼ਨ ਰੌੜੀ ਵੱਲੋਂ ਰਾਤ ਦੇ ਹਨੇਰੇ ’ਚ ਆਈਲੈਂਟਸ ਅੰਦਰ ਕੀਤੀ ਰੇਡ ਤੋਂ ਬਾਅਦ ਆਪ ਆਗੂਆਂ ਦਾ ਮਾਮਲੇ ਪ੍ਰਤੀ ‘ਚੁੱਪ’ ਕਰ ਜਾਣਾ ‘ਪੁਲਿਸ’ ਦਾ ਮੂਕ ਰਹਿਣਾ ਅਤੇ ਸਵੇਰ ਹੋਣ ਬਾਅਦ ਵਿਧਾਇਕ ਦਾ ਮੁੜ ਪਟਿਆਲਾ ਨਾ ਆਉਣਾ ਜਿਥੇ ਵੱਡੇ ਸਵਾਲ ਖੜੇ ਕਰ ਰਿਹਾ ਹੈ, ਉਥੇ ਹੀ ਆਪ ਆਗੂਆਂ ਦੇ ਕਿਰਦਾਰ’ ਨੂੰ ਦਾਗਦਾਰ ਕਰਦਾ ਹੈ।
ਜਾਣਕਾਰੀ ਅਨੁਸਾਰ ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ‘ਆਈਲੈਂਟਸ’ ’ਤੇ ਰੇਡ ’ਤੇ ਜਾਣ ਤੋਂ ਪਹਿਲਾਂ ਮੀਡੀਆ ਨੂੰ ਸੂਚਿਤ ਕਰਨਾ ਅਤੇ ਮੀਡੀਆ ਦਾ ਵੱਡੀ ਗਿਣਤੀ ’ਚ ਪੁੱਜਣਾ ਇਹ ਸਪੱਸ਼ਟ ਕਰਦਾ ਸੀ ਕਿ ਆਪ ਵਿਧਾਇਕ ਸਦਕਾ ਆਈਲੈਂਟਸ ਸੈਂਟਰ ਦੀ ਵਿਦੇਸ਼ ਭੇਜਣ ਦੇ ਨਾਂ ’ਤੇ ਵੱਡੀ ਠੱਗੀ ਬੇਨਕਾਬ ਹੋ ਜਾਣ ਰਹੀ ਹੈ। ਹੁਣ ਇਹ ਮਾਮਲਾ ਪੂਰੀ ਤਰ੍ਹਾਂ ਠੰਡੇ ਬਸਤੇ ’ਚ ਪੈ ਚੁੱਕਿਆ ਕਿਉਂਕਿ ਮਾਮਲੇ ਪ੍ਰਤੀ ਆਪ ਆਗੂਆਂ ਵੱਲੋਂ ਵੱਟੀ ਚੁੱਪ ਨੇ ਸੰਕੇਤ ਦੇ ਦਿੱਤਾ ਹੈ ਕਿ ‘ਦਾਲ’ ਪੂਰੀ ਤਰ੍ਹਾਂ ‘ਕਾਲੀ’ ਹੈ।
ਸੂਤਰਾਂ ਦੇ ਹਵਾਲੇ ਨਾਲ ਮਾਮਲੇ ਨੂੰ ਤੂਲ ਨਾ ਦੇਣ ਲਈ ਆਪ ਆਗੂ ਵੱਲੋਂ ਮੀਡੀਆ ਨਾਲ ਸੰਪਰਕ ਕੀਤਾ ਗਿਆ ਕਿ ‘ਸੈਟਲਮੈਂਟ’ ਹੋ ਗਈ ਹੈ ਇਸ ਕਰਕੇ ‘ਪੈਨ ਡਾਊਨ’ ਕਰ ਦਿੱਤੇ ਜਾਣ। ‘ਪੈਨਡਾਊਨ’ ਹੋਣ ਬਾਅਦ ਮਾਮਲਾ ਫਿਰ ਵੀ ਸ਼ਾਂਤ ਨਹੀਂ ਹੁੰਦਾ। ਅੱਜ ਸਵਾਲ ਅਤੇ ‘ਚਰਚਾ’ ਨੇ ਜ਼ੋਰ ਫੜਿਆ ਹੋਇਆ ਹੈ ਕਿ ‘ਨਾਇਬ ਤਹਿਸੀਲਦਾਰ’ ਵੱਲੋਂ ਜ਼ਬਤ ਕੀਤੇ ਰਿਕਾਰਡ ਨੂੰ ਮੁੜ ਕਿਉਂ ਨਹੀਂ ਖੰਗਾਲਿਆ ਗਿਆ? ਪੁਲਿਸ ਕਾਰਵਾਈ ਕਰਨ ਤੋਂ ਕਿਉਂ ਝਿਜਕਦੀ ਹੈ? ਆਪ ਆਗੂ ਹੁਣ ਕਿਉਂ ਨਹੀਂ ਬੋਲਦੇ? ਵਿਧਾਇਕ ਜੈ ਿਸ਼ਨ ਰੌੜੀ ਆਪ ਦੀ ਵਰਦੀ ਦਾਗਦਾਰ ਕਰਕੇ ਮੁੜ ਕਿਉਂ ਨਹੀਂ ਪਰਤ ਰਹੇ? ਆਖਿਰ ‘ਆਪ’ ਆਗੂ ਨੇ ਕਿਸ-ਕਿਸ ਨਾਲ ਸੈਟਲਮੈਂਟ ਕਰਕੇ ਠੱਗੀ ਦਾ ਮਾਮਲਾ ‘ਛੂਮੰਤਰ’ ਕਰ ਦਿੱਤਾ। ਠੱਗੀ ਦੇ ਇਸ ਮਾਮਲੇ ’ਤੇ ਹੋਈ ‘ਸੈਟਲਮੈਂਟ’ ਤੋਂ ਬਾਅਦ ਉਠੇ ਸਵਾਲਾਂ ਨਾਲ ਆਪ ਦੇ ਕੁਝ ਇਮਾਨਦਾਰ ਆਗੂਆਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ।

