ਪੰਜਾਬੀ ’ਵਰਸਿਟੀ ਵੱਲੋਂ ਫੀਸਾਂ ਵਧਾਉਣ ਖਿਲਾਫ ਅਰਥੀ ਫੂਕ ਮੁਜਹਾਰਾ
ਪਟਿਆਲਾ 9 ਜੁਲਾਈ (ਅਕਾਸਦੀਪ ਜੱਬਲ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕੈਂਪਸ ,ਕਾਂਸਟੀਚੂਐਂਟ ਕਾਲਜ, ਰਿਜਨਲ ਸੈੰਟਰ ਤੇ ਨੇਬਰਹੁੱਡ ਕੈਪਸਾਂ ‘ਚ 10 ਫੀਸਦ ਵਧਾਈਆਂ ਫੀਸਾਂ ਅਤੇ ਯੂਨੀਵਰਸਿਟੀ ਕਾਲਜਾਂ ਨੂੰ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨਾਂ ਖਿਲਾਫ ਛੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ ਗਿਆ ਤੇ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਅਰਥੀ ਫੂਕ ਮੁਜਾਹਰੇ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸ਼ਿ੍ਰਸ਼ਟੀ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੰਦੀਪ ਕੌਰ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲਖਵਿੰਦਰ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸਨ ਵੱਲੋਂ ਵਰਿੰਦਰ, ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਅੰਮਿ੍ਰਤਪਾਲ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਵੱਲੋਂ ਜਗਤਾਰ ਅਤੇ ਆਲ ਇੰਡੀਆ ਰਿਸਰਚ ਸਕਾਲਰ ਐਸੋਸੀਏਸ਼ਨ ਵੱਲੋਂ ਮਨਪ੍ਰੀਤ ਨੇ ਕਿਹਾ ਕਿ ਪਿਛਲੇ ਦਿਨੀਂ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ, ਕਾਂਸਟੀਚੂਐਂਟ ਕਾਲਜਾਂ, ਰੀਜਨਲ ਸੈਂਟਰਾਂ ਤੇ ਨੇਬਰਹੁੱਡ ਕੈੰਪਸਸ ਦੀਆਂ ਵਧਾਈਆਂ 10 ਫੀਸਦੀ ਫੀਸਾਂ, ਕਾਂਸਟੀਚੂਐਂਟ ਕਾਲਜਾਂ ਦੇ ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਤੇ ਨਾਲ ਹੀ ਕਾਂਸਟੀਚੂਐਂਟ ਕਾਲਜਾਂ ਚ 50 ਫੀਸਦੀ ਤੋਂ ਘੱਟ ਦਾਖਲਿਆਂ ਵਾਲੇ ਕੋਰਸ ਬੰਦ ਕਰਨ, ਜੀ.ਐਸ.ਟੀ. ਤੇ ਟਰਾਂਸਕਰਿਪਟ ਫੀਸ ਵਧਾਉਣ ਦੇ ਫੁਰਮਾਨ ਫੌਰੀ ਮੰਦਭਾਗੇ ਹਨ। ਇਹ ਯੂਨੀਵਰਸਿਟੀ ਇੱਕ ਜਨਤਕ ਅਦਾਰਾ ਹੈ ਇਸ ਲਈ ਇਸਦੇ ਖਰਚਿਆਂ ਦੀ ਪੂਰੀ ਜਿੰਮੇਵਾਰੀ ਸਰਕਾਰ ਨੂੰ ਚੱਕਣੀ ਚਾਹੀਦੀ ਹੈ ਪਰ ਇਸਦੇ ਉਲਟ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਕਰਕੇ ਇਸਨੂੰ ਨਿੱਜੀਕਰਨ, ਵਪਾਰੀਕਰਨ ਦੇ ਰਾਹ ਤੋਰਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਯੂਨੀਵਰਸਿਟੀ ਨੂੰ ਚਲਦੀ ਰੱਖਣ ਲਈ ਇਸ ਵੇਲੇ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਲਈ ਵਿਸ਼ੇਸ਼ ਵਿੱਤੀ ਪੈਕੇਜ ਜਾਰੀ ਕਰੇ ਤੇ ਹਰ ਇਸਦੀ ਸਲਾਨਾ ਗ੍ਰਾਂਟ ਵਿੱਚ ਵਾਧਾ ਕਰੇ, ਪਰ ਇਸਦੇ ਉਲਟ ਸਰਕਾਰ ਵੱਲੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਉੱਪਰ ਫੀਸਾਂ ਵਧਾ ਕੇ ਆਪਣੇ ਖਰਚੇ ਪੂਰੇ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਥੇਬੰਦੀਆਂ ਨੇ ਇਹ ਵਾਧਾ ਪੂਰਨ ਤੌਰ ’ਤੇ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਵਿਦਿਆਰਰਥੀਆਂ ਨੂੰ ਵਧ ਚੜ੍ਹ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

