ਓਲੰਪਿਕ ’ਚ ਜਾਣ ਵਾਲੇ ਐਥਲੀਟਾਂ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਚਰਚਾ
ਨਵੀਂ ਦਿੱਲੀ 13 ਜੁਲਾਈ (ਮਧੂਸਾਰ ਬਿਊਰੋ) ਕੋਰੋਨਾ ਸੰਕਟ ਵਿਚਾਲੇ ਇਕ ਸਾਲ ਦੀ ਉਡੀਕ ਤੋਂ ਬਾਅਦ ਟੋਕੀਓ ਓਲੰਪਿਕ ਅਗਲੇ ਹਫਤੇ ਸ਼ੁਰੂ ਹੋ ਰਹੀਆਂ ਹਨ। ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਜਾ ਰਹੇ ਭਾਰਤੀ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਉਮੀਦਾਂ ਦੇ ਬੋਝ ਥੱਲੇ ਦੱਬਣਾ ਨਹੀਂ ਹੈ, ਸਗੋਂ ਪੂਰਾ ਫੋਕਸ ਆਪਣਾ ਸੌ ਫੀਸਦੀ ਦੇਣ ’ਤੇ ਲਾਉਣਾ ਹੈ ਤੇ ਪੂਰੇ ਦੇਸ਼ ਦੀਆਂ ਸ਼ੁੱਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ।
ਮੋਦੀ ਨੇ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ ਲਈ ਜਾ ਰਹੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਵਰਚੁਅਲ ਤਰੀਕੇ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਭਾਰਤ ਦੀ ਤਮਗਾ ਉਮੀਦ ਭਾਲਾ ਸੁੱਟ ਖਿਡਾਰੀ ਨੀਰਜ ਚੋਪੜਾ ਨਾਲ ਗੱਲਬਾਤ ਦੌਰਾਨ ਸਾਰੇ ਖਿਡਾਰੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ, ’’ਤੁਸੀਂ ਉਮੀਦਾਂ ਦੇ ਬੋਝ ਹੇਠ ਦੱਬਣਾ ਨਹੀਂ ਹੈ। ਆਪਣਾ ਸੌ ਫੀਸਦੀ ਦੇਣਾ ਹੈ। ਪੂਰੇ ਦੇਸ਼ ਦੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।’’ ਟੋਕੀਓ ਓਲੰਪਿਕ ਖੇਡਣ ਜਾ ਰਹੇ ਭਾਰਤੀ ਖਿਡਾਰੀਆਂ ਪੀ. ਵੀ. ਸਿੰਧੂ (ਬੈਡਮਿੰਟਨ), ਸਾਨੀਆ ਮਿਰਜਾ (ਟੈਨਿਸ), ਐੱਮ. ਸੀ. ਮੈਰੀਕਾਮ (ਮੁੱਕੇਬਾਜੀ), ਸੌਰਭ ਚੌਧਰੀ ਤੇ ਇਲਾਵੇਨਿਲ ਵਾਲਰੇਵਿਨ (ਨਿਸ਼ਾਨੇਬਾਜੀ), ਦੁਤੀ ਚੰਦ (ਐਥਲੈਟਿਕਸ), ਮਨਪ੍ਰੀਤ ਸਿੰਘ (ਹਾਕੀ), ਵਿਨੇਸ਼ ਫੋਗਾਟ (ਕੁਸ਼ਤੀ), ਸਾਜਨ ਪ੍ਰਕਾਸ਼ (ਤੈਰਾਕੀ), ਦੀਪਿਕਾ ਕੁਮਾਰੀ ਤੇ ਪ੍ਰਵੀਨ ਜਾਧਵ (ਤੀਰਅੰਦਾਜੀ), ਅਸ਼ੀਸ਼ ਕੁਮਾਰ (ਮੁੱਕੇਬਾਜੀ), ਮਨਿਕਾ ਬੱਤਰਾ ਤੇ ਅਚੰਤਾ ਸ਼ਰਤ ਕਮਲ (ਟੇਬਲ ਟੈਨਿਸ) ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਇਸ ਗੱਲਬਾਤ ’ਚ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ , ਸਾਬਕਾ ਖੇਡ ਮੰਤਰੀ ਕਿਰੇਨ ਰਿਜਿਜੂ, ਆਈ. ਓ. ਏ. ਪ੍ਰਧਾਨ ਨਰਿੰਦਰ ਬੱਤਰਾ ਤੋਂ ਇਲਾਵਾ ਖਿਡਾਰੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।

