ਪੰਜਾਬਪਟਿਆਲਾ

ਬਿਜਲੀ ਬੋਰਡ ਮੁੱਖ ਦਫਤਰ ਅੱਗੇ ਮੁਲਾਜ਼ਮਾਂ ਵੱਲੋਂ ਵਰ੍ਹਦੇ ਮੀਂਹ ਵਿਚ ਰੋਸ ਧਰਨਾ

29 ਜੁਲਾਈ ਤੋਂ ਪਹਿਲਾਂ ਅਚਾਨਕ ਬਿਜਲੀ ਕਾਮੇ ਮੈਨੇਜਮੈਂਟ ਵਿਰੁੱਧ ਗੁਪਤ ਐਕਸ਼ਨ ਕਰਨਗੇ

ਪਟਿਆਲਾ 20 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਨੇ ਲਗਾਤਾਰ ਦੂਸਰੇ ਦਿਨ ਭਾਰੀ ਬਾਰਸ਼ ਦੇ ਬਾਵਜੂਦ ਹੈਡ ਆਫਿਸ ਪਟਿਆਲਾ ਦੇ ਮੇਟ ਗੇਟ ਤੇ ਧਰਨਾ ਦੇ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਪਾਵਰ ਮੈਨਜਮੈਂਟ ਵਿਰੁੱਧ ਨਾਅਰੇਬਾਜੀ ਕੀਤੀ। ਹੈਡ ਆਫਿਸ ਦਾ ਮੇਨ ਗੇਟ ਬੰਦ ਰਿਹਾ, ਮਾਲ ਰੋਡ ਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਈ। ਅੱਜ ਦੇ ਰੋਸ ਧਰਨੇ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟਰੀਅਲ ਸਰਵਿਸ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ (ਇੰਟਕ), ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਮਜਦੂਰ ਸੰਘ ਅਤੇ ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਦੇ ਬਿਜਲੀ ਕਾਮੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

ਇਸ ਰੋਸ ਧਰਨੇ ਵਿੱਚ ਅੰਮਿ੍ਰਤਸਰ, ਗੁਰਦਾਸਪੁਰ, ਤਰਨਤਾਰਨ, ਪਟਿਆਲਾ, ਮੁਹਾਲੀ, ਰੋਪੜ, ਬਰਨਾਲਾ, ਸੰਗਰੂਰ, ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ, ਬਠਿੰਡਾ, ਹਾਈਡਲ  ਪ੍ਰਾਜੈਕਟ ਤਲਵਾੜਾ, ਰਣਜੀਤ ਸਾਗਰ ਡੈਂਮ, ਮੁਕੇਰੀਆਂ ਹਾਈਡਲ ਪ੍ਰਾਜੈਕਟ ਤੋਂ ਹਜਾਰਾਂ ਬਿਜਲੀ ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਰਹਿੰਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਨਿਪਟਾਰਾ ਨਾ ਕਰਨ ਅਤੇ ਟਾਲ ਮਟੋਲ ਦੀ ਨੀਤੀ ਦੀ ਸਖਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੇ ਕਮਿਸ਼ਨ ਦੀ ਰਿਪੋਰਟ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਮੁਲਾਜਮ ਵਿਰੋਧੀ ਸਿਫਾਰਸ਼ਾਂ ਵਾਪਸ ਲੈ ਕੇ ਤਨਖਾਹ ਸਕੇਲ ਅਤੇ ਭੱਤਿਆਂ ਵਿੱਚ ਵਾਧਾ ਕਰੇ, ਵੇਜ ਫਾਰਮੂਲੇਸ਼ਨ ਕਮੇਟੀ ਦਾ ਗਠਨ ਪਿਛਲੇ ਤਨਖਾਹ ਸਕੇਲਾਂ ਦੀ ਸੋਧ ਅਨੁਸਾਰ ਜਥੇਬੰਦੀਆਂ ਨੂੰ ਪ੍ਰਤੀਨਿਧਤਾ ਦੇ ਕੇ ਕੀਤਾ ਜਾਵੇ ਅਤੇ ਜਾਰੀ ਕੀਤਾ ਗਲਤ ਸਰਕੂਲਰ ਵਾਪਿਸ ਲਿਆ ਜਾਵੇ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਸਮੇਤ ਬਕਾਇਆ ਦਿੱਤਾ ਜਾਵੇ, ਕੱਚੇ ਅਤੇ ਕੰਟਰੈਕਟ ਕਾਮੇ ਪੱਕੇ ਕੀਤੇ ਜਾਣ, ਪੁਨਰਗਠਨ ਦੇ ਨਾਮ ਤੇ ਮੁਲਾਜਮਾਂ ਦੀਆਂ ਹਜਾਰਾਂ ਮੰਨਜੂਰਸ਼ੁਦਾ ਅਸਾਮੀਆਂ ਖਤਮ ਕਰਨੀਆਂ ਬੰਦ ਕੀਤੀਆਂ ਜਾਣ, ਪੇ ਬੈਂਡ ਵਿੱਚ ਮਿਤੀ 1122011 ਤੋਂ ਵਾਧਾ ਕੀਤਾ ਜਾਵੇ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਨਵੇਂ ਸਹਾਇਕ ਲਾਈਨਮੈਨਾਂ ਨੂੰ ਸੈਮੀਸਕਿਲਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣ, ਸਹਾਇਕ ਲਾਇਨਮੈਨਾਂ ਦੀਆਂ ਡਿਊਟੀਆਂ ਸਬੰਧੀ ਜਾਰੀ ਕੀਤਾ ਗਲਤ ਸਰਕੂਲਰ ਵਾਪਿਸ ਲੈਣ, ਥਰਮਲ ਪਲਾਟਾਂ ਦੇ ਬੰਦ ਕੀਤੇ ਯੂਨਿਟ ਚਾਲੂ ਕਰਨ, ਨਿਜੀ ਕੰਪਨੀਆਂ ਨਾਲ ਕੀਤੇ ਨਕਸਦਾਰ ਬਿਜਲੀ ਸਮਝੌਤੇ ਰੱਦ ਕਰਨ, ਗਰਿਡ ਸਬ ਸਟੇਸ਼ਨਾਂ ਅਤੇ ਮੁਲਾਜਮਾਂ ਦੀ ਸੁਰੱਖਆ ਕਰਨ, ਸਬ ਸਟੇਸ਼ਨ ਸਟਾਫ ਨੂੰ ਓਵਰ ਟਾਇਮ ਦੀ ਅਦਾਇਗੀ, ਪ੍ਰੋਵੇਸ਼ਨਲ ਪੀਰੀਅਡ ਇੱਕ ਸਾਲ ਕਰਨ ਆਦਿ 22 ਨੁਕਤੀ ਮੰਗ ਪੱਤਰ ਅਨੁਸਾਰ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕਰਨ ਅਤੇ ਤਿੰਨ ਧਿਰੀ ਸਮਝੌਤੇ ਨੂੰ ਹੂਬਹੂ ਲਾਗੂ ਕਰਨ ਦੀ ਮੰਗ ਕੀਤੀ। ਇਸ ਧਰਨੇ ਨੂੰ ਫੋਰਮ ਦੇ ਸੂਬਾ ਆਗੂਆਂ ਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਕੌਰ ਸਿੰਘ ਸੋਹੀ, ਜਗਰੂਪ ਸਿੰਘ ਮਹਿਮਦਪੁਰ, ਹਰਪਾਲ ਸਿੰਘ, ਕਰਮਚੰਦ ਖੰਨਾ, ਹਰਜਿੰਦਰ ਸਿੰਘ ਦੁਧਾਲਾ, ਬਿ੍ਰਜ ਲਾਲ, ਪ੍ਰੀਤਮ ਸਿੰਘ ਪਿੰਡੀ, ਬਲਵਿੰਦਰ ਸਿੰਘ ਸੰਧੂ, ਕਮਲਜੀਤ ਸਿੰਘ, ਅਸ਼ੋਕ ਕੁਮਾਰ, ਰਵੇਲ ਸਿੰਘ ਸਹਾਏਪੁਰ, ਸਿਕੰਦਰ ਨਾਥ, ਅਵਤਾਰ ਸਿੰਘ ਕੈਂਥ, ਹਰਜੀਤ ਸਿੰਘ, ਜਗਜੀਤ ਸਿੰਘ ਕੋਟਲੀ, ਸੁਖਵਿੰਦਰ ਸਿੰਘ ਦੁੱਪਣਾ, ਰਾਮ ਲੁਭਾਇਆ, ਗੁਰਦਿੱਤ ਸਿੰਘ ਸਿੱਧੂ ਅਤੇ ਨਛੱਤਰ ਸਿੰਘ ਰਣੀਆ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਸੰਘਰਸ਼ ਨੂੰ ਤੇਜ ਕਰਦਿਆਂ ਫੈਸਲਾ ਕੀਤਾ ਕਿ ਦੋਨੋ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਲਗਾਤਾਰ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ ਟੂ ਰੂਲ ਅਨੁਸਾਰ ਕੰਮ ਕਰਨ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੇ ਪੰਜਾਬ ਅਤੇ ਯੂ.ਟੀ. ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਸੰਘਰਸ਼ ਦਾ ਸਮਰਥਨ ਕਰਦਿਆਂ 29 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਵੱਲ ਮਾਰਚ ਕਰਕੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਿਜਲੀ ਸੋਧ ਬਿਲ 2020 ਨੂੰ ਵਾਪਸ ਲੈਣ ਦੀ ਮੰਗ ਕੀਤੀ ਜਿਨ੍ਹਾਂ ਰਾਹੀਂ ਬਿਜਲੀ ਵੰਡ ਕੰਪਨੀਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬਿਆਂ ਦੇ ਅਧਿਕਾਰ ਖੋਹੇ ਜਾਣਗੇ, ਬਿਜਲੀ ਪੈਦਾਵਾਰ ਅਤੇ ਬਿਜਲੀ ਦੀ ਵੰਡ ਪ੍ਰਾਈਵੇਟ ਕੰਪਨੀਆਂ ਪਾਸ ਚਲੀ ਜਾਵੇਗੀ। ਜਿਸ ਨਾਲ ਖਪਤਕਾਰਾਂ ਨੂੰ ਬਿਜਲੀ ਮਹਿੰਗੇ ਭਾਅ ਮਿਲੇਗੀ ਅਤੇ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਖੁੱਲੀ ਲੁੱਟ ਕਰਨਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਇੰਪਲਾਈਜ਼ ਅਤੇ ਇੰਜੀਨੀਅਰਜ ਦੇ ਸੱਦੇ ਤੇ ਸਰਕਲ ਕਨਵੈਨਸ਼ਨਾਂ ਅਤੇ 10 ਅਗਸਤ ਨੂੰ ਵਰਕ ਬਾਈਕਾਟ / ਹੜਤਾਲ ਵਿੱਚ ਸਮੁੱਚੇ ਬਿਜਲੀ ਕਾਮੇ ਸ਼ਮੂਲੀਅਤ ਕਰਨਗੇ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਮੈਨੇਜਮੈਂਟ ਨੇ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 29 ਜੁਲਾਈ ਤੋਂ ਪਹਿਲਾਂ ਹੋਰ ਵੀ ਤਿੱਖਾ ਗੁਪਤ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ।    

Leave a Reply

Your email address will not be published. Required fields are marked *